26 ਨਵੰਬਰ 2026 : ਕੰਮ ਦੇ ਸਿਲਸਿਲੇ ਵਿੱਚ ਹੋਵੇ ਜਾਂ ਘੁੰਮਣ-ਫਿਰਨ ਲਈ, ਅਕਸਰ ਲੋਕਾਂ ਨੂੰ ਦੂਜੇ ਸ਼ਹਿਰਾਂ ਵਿੱਚ ਹੋਟਲਾਂ ‘ਚ ਰੁਕਣਾ ਪੈਂਦਾ ਹੈ। ਪਰ ਹੋਟਲ ਦਾ ਕਮਰਾ ਹਮੇਸ਼ਾ ਸੁਰੱਖਿਅਤ ਹੋਵੇ, ਇਹ ਜ਼ਰੂਰੀ ਨਹੀਂ। ਕਈ ਵਾਰ ਕਮਰੇ ਵਿੱਚ ਲੁਕਾਏ ਗਏ ਹਿਡਨ ਕੈਮਰੇ ਲੋਕਾਂ ਦੀ ਨਿੱਜਤਾ ਲਈ ਵੱਡਾ ਖ਼ਤਰਾ ਬਣ ਸਕਦੇ ਹਨ। ਇਸ ਲਈ ਹੋਟਲ ਵਿੱਚ ਚੈੱਕ-ਇਨ ਕਰਨ ਤੋਂ ਬਾਅਦ ਕੁਝ ਮਿੰਟ ਕਮਰੇ ਦੀ ਜਾਂਚ ਜ਼ਰੂਰ ਕਰੋ। ਖ਼ਾਸ ਕਰਕੇ ਇਕੱਲੇ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਨੂੰ ਆਪਣੀ ਸੁਰੱਖਿਆ ਅਤੇ ਪ੍ਰਾਈਵੇਸੀ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ।
1. ਬੁਕਿੰਗ ਅਤੇ ਚੈੱਕ-ਇਨ ਦਾ ਸਬੂਤ ਰੱਖੋ
ਹੋਟਲ ਵਿੱਚ ਚੈੱਕ-ਇਨ ਕਰਦੇ ਸਮੇਂ ਬਿੱਲ, ਰਸੀਦ ਜਾਂ ਬੁਕਿੰਗ ਕਨਫਰਮੇਸ਼ਨ ਜ਼ਰੂਰ ਲਓ। ਇਸ ਤੋਂ ਇਲਾਵਾ ਕਮਰੇ ਦਾ ਨੰਬਰ ਅਤੇ ਚੈੱਕ-ਇਨ ਦਾ ਸਮਾਂ ਵੀ ਆਪਣੇ ਕੋਲ ਨੋਟ ਕਰਕੇ ਰੱਖੋ।
2. ਪੂਰੇ ਕਮਰੇ ਦੀ ਚੰਗੀ ਤਰ੍ਹਾਂ ਜਾਂਚ ਕਰੋ
ਕਮਰੇ ਵਿੱਚ ਦਾਖਲ ਹੁੰਦੇ ਹੀ ਦਰਵਾਜ਼ੇ ਦੇ ਲੌਕ, ਖਿੜਕੀਆਂ ਅਤੇ ਬਾਥਰੂਮ ਦੀ ਜਾਂਚ ਕਰੋ। ਇਸ ਦੇ ਨਾਲ ਹੀ ਬੈੱਡ, ਅਲਮਾਰੀ ਅਤੇ ਕਮਰੇ ਦੇ ਹੋਰ ਹਿੱਸਿਆਂ ‘ਤੇ ਵੀ ਨਜ਼ਰ ਮਾਰੋ। ਸਮੋਕ ਡਿਟੈਕਟਰ, ਘੜੀ ਜਾਂ ਸਜਾਵਟੀ ਚੀਜ਼ਾਂ ਵਿੱਚ ਕੋਈ ਸ਼ੱਕੀ ਤਬਦੀਲੀ ਦਿਖਾਈ ਦੇਵੇ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ।
3. ਟੀਵੀ ਅਤੇ ਚਾਰਜਿੰਗ ਸਾਕਟਾਂ ਨੂੰ ਧਿਆਨ ਨਾਲ ਦੇਖੋ
ਟੀਵੀ, ਸੈੱਟ-ਟੌਪ ਬਾਕਸ, ਚਾਰਜਿੰਗ ਸਾਕਟ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਦੀ ਜਾਂਚ ਕਰੋ। ਜੇ ਕਿਸੇ ਡਿਵਾਈਸ ਵਿੱਚ ਅਸਧਾਰਨ ਲੈਂਸ ਜਾਂ ਸ਼ੱਕੀ ਤਰੀਕੇ ਨਾਲ ਲੱਗੀ ਕੋਈ ਚੀਜ਼ ਦਿਖਾਈ ਦੇਵੇ ਤਾਂ ਸਾਵਧਾਨ ਹੋ ਜਾਓ। ਹਾਲਾਂਕਿ, ਸਿਰਫ਼ ਛੋਟਾ ਛੇਕ ਜਾਂ ਲਾਈਟ ਦਿਖਣ ਦਾ ਮਤਲਬ ਇਹ ਨਹੀਂ ਕਿ ਉੱਥੇ ਕੈਮਰਾ ਲੱਗਾ ਹੋਇਆ ਹੈ।
4. ਸ਼ੀਸ਼ਿਆਂ ਅਤੇ ਸਜਾਵਟੀ ਚੀਜ਼ਾਂ ਦੀ ਜਾਂਚ ਕਰੋ
ਕਮਰੇ ਵਿੱਚ ਲੱਗੇ ਸ਼ੀਸ਼ਿਆਂ ਅਤੇ ਸਜਾਵਟੀ ਚੀਜ਼ਾਂ ਨੂੰ ਧਿਆਨ ਨਾਲ ਦੇਖੋ। ਖ਼ਾਸ ਤੌਰ ‘ਤੇ ਅਜਿਹੀਆਂ ਚੀਜ਼ਾਂ ਵੱਲ ਧਿਆਨ ਦਿਓ, ਜਿਨ੍ਹਾਂ ਦੀ ਸਥਿਤੀ ਕਮਰੇ ਦੇ ਨਿੱਜੀ ਹਿੱਸਿਆਂ ਵੱਲ ਹੋਵੇ। ਸਿਰਫ਼ ਉਂਗਲ ਨਾਲ ਸ਼ੀਸ਼ੇ ਨੂੰ ਛੂਹ ਕੇ ਟੂ-ਵੇ ਮਿਰਰ ਜਾਂ ਹਿਡਨ ਕੈਮਰੇ ਦੀ ਪਛਾਣ ਕਰਨ ਵਾਲੇ ਤਰੀਕਿਆਂ ‘ਤੇ ਭਰੋਸਾ ਨਾ ਕਰੋ।
5. ਸ਼ੱਕੀ ਡਿਵਾਈਸ ਮਿਲਣ ‘ਤੇ ਸਾਵਧਾਨੀ ਵਰਤੋ
ਜੇ ਕਮਰੇ ਵਿੱਚ ਕੋਈ ਸ਼ੱਕੀ ਡਿਵਾਈਸ ਨਜ਼ਰ ਆਉਂਦਾ ਹੈ ਤਾਂ ਘਬਰਾਉਣ ਦੀ ਬਜਾਏ ਆਪਣੀ ਸੁਰੱਖਿਆ ਨੂੰ ਪਹਿਲ ਦਿਓ। ਲੋੜ ਪੈਣ ‘ਤੇ ਕਮਰਾ ਛੱਡ ਕੇ ਸੁਰੱਖਿਅਤ ਥਾਂ ‘ਤੇ ਚਲੇ ਜਾਓ। ਡਿਵਾਈਸ ਨੂੰ ਤੋੜਨ ਜਾਂ ਉਸ ਨਾਲ ਛੇੜਛਾੜ ਕਰਨ ਤੋਂ ਬਚੋ।
ਹਿਡਨ ਕੈਮਰੇ ਦਾ ਸ਼ੱਕ ਹੋਵੇ ਤਾਂ ਨਾ ਕਰੋ ਇਹ ਗਲਤੀਆਂ
ਹੋਟਲ ਸਟਾਫ ਨਾਲ ਬਹਿਸ ਨਾ ਕਰੋ: ਪਹਿਲਾਂ ਆਪਣੀ ਸੁਰੱਖਿਆ ਯਕੀਨੀ ਬਣਾਓ ਅਤੇ ਲੋੜ ਪੈਣ ‘ਤੇ ਪੁਲਿਸ ਨਾਲ ਸੰਪਰਕ ਕਰੋ।
ਸ਼ੱਕੀ ਡਿਵਾਈਸ ਨੂੰ ਨਾ ਛੂਹੋ: ਉਸ ਨੂੰ ਹਟਾਉਣ ਜਾਂ ਤੋੜਨ ਦੀ ਕੋਸ਼ਿਸ਼ ਨਾ ਕਰੋ। ਸੁਰੱਖਿਅਤ ਦੂਰੀ ਤੋਂ ਫੋਟੋ ਜਾਂ ਵੀਡੀਓ ਬਣਾ ਕੇ ਸਬੂਤ ਸੰਭਾਲੋ।
ਸਿਰਫ਼ ਗੱਲਾਂ ‘ਤੇ ਭਰੋਸੇ ਨਾ ਕਰੋ: ਜੇ ਸ਼ੱਕੀ ਡਿਵਾਈਸ ਮਿਲਦਾ ਹੈ ਤਾਂ ਪੁਲਿਸ ਨੂੰ ਸੂਚਿਤ ਕਰਕੇ ਜਾਂਚ ਦੀ ਮੰਗ ਕਰੋ। ਕਮਰੇ ਦੀ ਸੁਰੱਖਿਆ ਨਾਲ ਸਮਝੌਤਾ ਨਾ ਕਰੋ: ਦਰਵਾਜ਼ੇ ਦਾ ਡਬਲ ਲੌਕ ਜਾਂ ਸੇਫਟੀ ਚੇਨ ਵਰਤੋ ਅਤੇ ਅਣਜਾਣ ਵਿਅਕਤੀਆਂ ਲਈ ਬਿਨਾਂ ਪਛਾਣ ਦੇ ਦਰਵਾਜ਼ਾ ਨਾ ਖੋਲ੍ਹੋ।
ਪਰਸਨਲ ਜਾਣਕਾਰੀ ਸਾਂਝੀ ਨਾ ਕਰੋ: ਆਪਣਾ ਕਮਰਾ ਨੰਬਰ, ਇਕੱਲੇ ਠਹਿਰਨ ਦੀ ਜਾਣਕਾਰੀ ਜਾਂ ਯਾਤਰਾ ਦਾ ਪੂਰਾ ਸ਼ਡਿਊਲ ਅਣਜਾਣ ਲੋਕਾਂ ਨੂੰ ਨਾ ਦੱਸੋ। ਸੋਸ਼ਲ ਮੀਡੀਆ ‘ਤੇ ਲਾਈਵ ਲੋਕੇਸ਼ਨ ਸਾਂਝੀ ਕਰਨ ਤੋਂ ਵੀ ਬਚੋ।
READ MORE : SEBI ਦੇ ਨਵੇਂ KYC ਨਿਯਮਾਂ ਵਿੱਚ ਵੱਡਾ ਬਦਲਾਅ, ਨਿਵੇਸ਼ਕਾਂ ਨੂੰ ਵਾਰ-ਵਾਰ ਦਸਤਾਵੇਜ਼ ਦੇਣ ਤੋਂ ਮਿਲੇਗੀ ਰਾਹਤ




