SEBI’s New KYC Rules

SEBI ਦੇ ਨਵੇਂ KYC ਨਿਯਮਾਂ ਵਿੱਚ ਵੱਡਾ ਬਦਲਾਅ, ਨਿਵੇਸ਼ਕਾਂ ਨੂੰ ਵਾਰ-ਵਾਰ ਦਸਤਾਵੇਜ਼ ਦੇਣ ਤੋਂ ਮਿਲੇਗੀ ਰਾਹਤ

26 ਨਵੰਬਰ 2026 : ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਮਾਰਕੀਟ ਰੈਗੂਲੇਟਰ SEBI ਨੇ KYC ਨਿਯਮਾਂ ਵਿੱਚ ਕਈ ਅਹਿਮ ਬਦਲਾਅ ਕੀਤੇ ਹਨ। ਇਨ੍ਹਾਂ ਦਾ ਮੁੱਖ ਉਦੇਸ਼ ਨਿਵੇਸ਼ਕਾਂ ਲਈ KYC ਪ੍ਰਕਿਰਿਆ ਨੂੰ ਆਸਾਨ ਬਣਾਉਣਾ ਅਤੇ ਵਾਰ-ਵਾਰ ਇੱਕੋ ਜਿਹੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਪਰੇਸ਼ਾਨੀ ਘਟਾਉਣਾ ਹੈ। ਨਵੇਂ ਨਿਯਮ 24 ਦਸੰਬਰ 2026 ਤੋਂ ਲਾਗੂ ਹੋਣਗੇ।

ਹੁਣ ਵਾਰ-ਵਾਰ KYC ਜਾਣਕਾਰੀ ਦੇਣ ਦੀ ਲੋੜ ਨਹੀਂ

ਨਵੇਂ ਨਿਯਮਾਂ ਤਹਿਤ ਖਾਤਾ ਖੋਲ੍ਹਣ ਸਮੇਂ ਦਿੱਤੀ ਜਾਣ ਵਾਲੀ ਆਮ ਜਾਣਕਾਰੀ KYC ਰਜਿਸਟ੍ਰੇਸ਼ਨ ਏਜੰਸੀ (KRA) ਦੇ ਪੱਧਰ ‘ਤੇ ਕੇਂਦਰੀਕ੍ਰਿਤ ਕੀਤੀ ਜਾਵੇਗੀ। ਇਸ ਨਾਲ ਨਿਵੇਸ਼ਕਾਂ ਨੂੰ ਵੱਖ-ਵੱਖ ਵਿੱਤੀ ਸੰਸਥਾਵਾਂ ਕੋਲ ਇੱਕੋ ਜਾਣਕਾਰੀ ਵਾਰ-ਵਾਰ ਦੇਣ ਦੀ ਲੋੜ ਘੱਟ ਹੋਵੇਗੀ।

ਇਸ ਤੋਂ ਇਲਾਵਾ, ਜੇਕਰ ਨਿਵੇਸ਼ਕ ਦਾ ਮੋਬਾਈਲ ਨੰਬਰ ਪਹਿਲਾਂ ਹੀ KRA ਸਿਸਟਮ ਵਿੱਚ ਤਸਦੀਕ ਹੋ ਚੁੱਕਾ ਹੈ ਅਤੇ ਆਧਾਰ ਨਾਲ ਜੁੜਿਆ ਹੋਇਆ ਹੈ, ਤਾਂ ਮੁੜ ਤਸਦੀਕ ਕਰਵਾਉਣ ਦੀ ਲੋੜ ਵਿਕਲਪਿਕ ਹੋਵੇਗੀ।

PAN ਅਤੇ ਆਧਾਰ ਵਿੱਚ ਨਾਮ ਬਦਲਣ ‘ਤੇ ਵੀ ਰਾਹਤ

ਜੇਕਰ ਕਿਸੇ ਨਿਵੇਸ਼ਕ ਨੇ PAN ਅਤੇ ਆਧਾਰ ਵਿੱਚ ਆਪਣਾ ਨਾਮ ਅਪਡੇਟ ਕਰਵਾ ਲਿਆ ਹੈ, ਤਾਂ ਉਸ ਨੂੰ ਨਾਮ ਬਦਲਣ ਦੇ ਸਬੂਤ ਵਜੋਂ ਵੱਖਰਾ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ। OCI ਕਾਰਡ ਧਾਰਕਾਂ ਅਤੇ ਭਾਰਤ ਵਿੱਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਰਾਹਤ ਦਿੱਤੀ ਗਈ ਹੈ। ਭਾਰਤ ਵਿੱਚ ਪਤੇ ਦਾ ਪ੍ਰਮਾਣਿਤ ਸਬੂਤ ਦੇਣ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ੀ ਪਤੇ ਦਾ ਵੱਖਰਾ ਸਬੂਤ ਦੇਣ ਦੀ ਲੋੜ ਨਹੀਂ ਪਵੇਗੀ।SEBI ਨੇ ਜ਼ੀਰੋ ਬੈਲੇਂਸ ਵਾਲੇ ਅਤੇ ਲਗਾਤਾਰ ਛੇ ਮਹੀਨਿਆਂ ਤੱਕ ਕੋਈ ਲੈਣ-ਦੇਣ ਨਾ ਕਰਨ ਵਾਲੇ ਫੋਲੀਓ ਬਾਰੇ ਵੀ ਨਿਰਦੇਸ਼ ਜਾਰੀ ਕੀਤੇ ਹਨ। ਅਜਿਹੇ ਫੋਲੀਓ ਦੀ ਜਾਣਕਾਰੀ ਫੰਡ ਹਾਊਸ ਨੂੰ ਪੰਜ ਕੰਮਕਾਜੀ ਦਿਨਾਂ ਦੇ ਅੰਦਰ ਦੇਣੀ ਹੋਵੇਗੀ।

AI ਸੈਂਡਬਾਕਸ ‘ਤੇ ਵੀ ਹੋ ਰਿਹਾ ਵਿਚਾਰ

SEBI ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ਦੱਸਿਆ ਕਿ ਰੈਗੂਲੇਟਰ ਸਟਾਕ ਮਾਰਕੀਟ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਲਈ ਸੈਂਡਬਾਕਸ ਬਣਾਉਣ ਦੀ ਸੰਭਾਵਨਾ ‘ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਦਾ ਮਕਸਦ ਵਿੱਤੀ ਖੇਤਰ ਵਿੱਚ AI ਤਕਨੀਕ ਦੀ ਸੁਰੱਖਿਅਤ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ।

FPOs ਨੂੰ ਵੀ ਮਿਲ ਸਕਦੀ ਹੈ ਰਾਹਤ

ਕਿਸਾਨ ਉਤਪਾਦਕ ਸੰਗਠਨਾਂ (FPOs) ਲਈ ਵੀ SEBI ਨੇ ਇੱਕ ਮਹੱਤਵਪੂਰਨ ਪ੍ਰਸਤਾਵ ਰੱਖਿਆ ਹੈ। ਇਸ ਤਹਿਤ ਨਕਦੀ ਦੀ ਕਮੀ ਨਾਲ ਜੂਝ ਰਹੇ FPOs ਨੂੰ ਵਸਤੂ ਡੈਰੀਵੇਟਿਵ ਇਕਰਾਰਨਾਮੇ ਦੀ ਮਿਆਦ ਖ਼ਤਮ ਹੋਣ ਤੋਂ 30 ਦਿਨ ਪਹਿਲਾਂ ਵਿਕਰੀ ਦੀ ਰਕਮ ਦਾ 80 ਫੀਸਦੀ ਤੱਕ ਹਿੱਸਾ ਮਿਲ ਸਕੇਗਾ। SEBI ਦੇ ਇਨ੍ਹਾਂ ਕਦਮਾਂ ਨਾਲ ਨਿਵੇਸ਼ਕਾਂ ਦੀ ਕਾਗਜ਼ੀ ਕਾਰਵਾਈ ਘਟਾਉਣ ਅਤੇ ਵਿੱਤੀ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।

READ MORE : ਸੋਨਾ-ਚਾਂਦੀ ਦੀਆਂ ਕੀਮਤਾਂ ‘ਚ ਮੁੜ ਆਈ ਤੇਜ਼ੀ, ਸੋਨਾ ₹1.23 ਲੱਖ ਤੋਂ ਪਾਰ, ਚਾਂਦੀ ਵੀ ਹੋਈ ਮਹਿੰਗੀ

ਵਿਦੇਸ਼

Scroll to Top