ਜਲਾਲਾਬਾਦ , 28 ਨਵੰਬਰ 2026: Police Encounter in Jalalabad: ਜਲਾਲਾਬਾਦ ਇਲਾਕੇ ‘ਚ ਸ਼ੁੱਕਰਵਾਰ ਦੇਰ ਰਾਤ ਪੁਲਿਸ ਅਤੇ ਇੱਕ ਮੁਲਜ਼ਮ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਮੁਤਾਬਕ, ਜਦੋਂ ਪੁਲਿਸ ਦੋ ਦਿਨ ਪਹਿਲਾਂ ਪਿੰਡ ਚੱਕ ਕਾਠਗੜ੍ਹ ‘ਚ ਹੋਈ ਗੋਲੀਬਾਰੀ ਦੀ ਘਟਨਾ ‘ਚ ਨਾਮਜ਼ਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ, ਤਾਂ ਉਨ੍ਹਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੁਲਿਸ ਟੀਮ ‘ਤੇ ਗੋਲੀਬਾਰੀ ਕਰ ਦਿੱਤੀ।
ਪੁਲਿਸ ਦੀ ਜਵਾਬੀ ਕਾਰਵਾਈ ‘ਚ ਮੁਲਜ਼ਮ ਦੀ ਲੱਤ ‘ਚ ਗੋਲੀ ਲੱਗੀ ਅਤੇ ਉਸਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ‘ਤੇ ਫਾਜ਼ਿਲਕਾ ਦੇ ਐਸਐਸਪੀ ਗਗਨ ਅਜੀਤ ਸਿੰਘ ਵੀ ਮੌਕੇ ‘ਤੇ ਪਹੁੰਚੇ। ਜ਼ਖਮੀ ਵਿਅਕਤੀ ਦੀ ਪਛਾਣ ਚੱਕ ਕਾਠਗੜ੍ਹ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ, 25 ਨਵੰਬਰ, 2026 ਨੂੰ ਪਿੰਡ ਕਾਠਗੜ੍ਹ ‘ਚ ਇੱਕ ਵਿਅਕਤੀ ਨੂੰ ਗੋਲੀ ਮਾਰੀ ਗਈ ਸੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ।
ਇਸ ਮਾਮਲੇ ਵਿੱਚ 27 ਨਵੰਬਰ, 2026 ਨੂੰ ਜਲਾਲਾਬਾਦ ਦੇ ਸਿਟੀ ਪੁਲਿਸ ਸਟੇਸ਼ਨ ‘ਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ, ਅਤੇ ਇਸ ਮਾਮਲੇ ‘ਚ ਮਨਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਇੱਕ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਜਦੋਂ ਇੱਕ ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਉਸਦਾ ਪਿੱਛਾ ਕੀਤਾ, ਤਾਂ ਉਸਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੁਲਿਸ ‘ਤੇ ਕਥਿਤ ਗੋਲੀਬਾਰੀ ਕਰ ਦਿੱਤੀ। ਇੱਕ ਗੋਲੀ ਪੁਲਿਸ ਗੱਡੀ ‘ਤੇ ਲੱਗੀ।
ਪੁਲਿਸ ਪਾਰਟੀ ਨੇ ਸਵੈ-ਰੱਖਿਆ ‘ਚ ਜਵਾਬੀ ਗੋਲੀਬਾਰੀ ਕੀਤੀ, ਜਿਸ ‘ਚ ਮੁਲਜ਼ਮ ਦੀ ਲੱਤ ‘ਚ ਸੱਟ ਲੱਗ ਗਈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ‘ਚੋਂ ਇੱਕ ਗਲੌਕ ਪਿਸਤੌਲ, ਇੱਕ .30 ਬੋਰ ਪਿਸਤੌਲ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ। ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ, ਜਲਾਲਾਬਾਦ ‘ਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੇ ਹੋਰ ਜਾਂਚ ਜਾਰੀ ਹੈ।
Read More: ਗੈਂਗਸਟਰਾਂ ’ਤੇ ਵਾਰ: ਪੰਜਾਬ ਪੁਲਿਸ ਦੀ 517 ਥਾਵਾਂ ‘ਤੇ ਛਾਪੇਮਾਰੀ, 145 ਜਣੇ ਗ੍ਰਿਫ਼ਤਾਰ




