man ki baat

ਮਨ ਕੀ ਬਾਤ ਦੀ 140ਵੀਂ ਕੜੀ ‘ਚ PM ਮੋਦੀ ਦਾ ਨੌਜਵਾਨਾਂ ਨੂੰ ਸੰਦੇਸ਼, ਨਸ਼ਿਆਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ

29 ਨਵੰਬਰ, 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 140ਵੀਂ ਕੜੀ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਪੀਐੱਮ ਮੋਦੀ ਨੇ ਕਿਹਾ ਕਿ ਅੱਜ ਭਾਰਤ ਦੇ ਨੌਜਵਾਨ ਵੱਡੇ ਸੁਪਨੇ ਦੇਖ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ, ਪਰ ਨਸ਼ੇ ਦੀ ਲਤ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੇ ਰਾਹ ਵਿੱਚ ਵੱਡੀ ਰੁਕਾਵਟ ਬਣ ਰਹੀ ਹੈ।

ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਸਿਰਫ਼ ਸਰਕਾਰ ਹੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ‘ਨਸ਼ਾ ਮੁਕਤ ਯੁਵਾ ਅਭਿਆਨ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਵਿੱਚ ਇਸ ਮੁਹਿੰਮ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਵਧ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਉਨ੍ਹਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ, ਜਿਨ੍ਹਾਂ ਨੇ ਆਪਣੀ ਮਜ਼ਬੂਤ ਇੱਛਾ ਸ਼ਕਤੀ ਨਾਲ ਨਸ਼ੇ ਦੀ ਆਦਤ ਛੱਡ ਕੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਹੈ।

ਸਰਕਾਰੀ ਮੁਲਾਜ਼ਮ ਵੀ ਨਵੀਆਂ ਤਕਨੀਕਾਂ ਸਿੱਖਣ ਵਿੱਚ ਦਿਖਾ ਰਹੇ ਦਿਲਚਸਪੀ

ਪ੍ਰਧਾਨ ਮੰਤਰੀ ਨੇ ਸਰਕਾਰੀ ਕਰਮਚਾਰੀਆਂ ਦੀ ਲਗਾਤਾਰ ਸਿੱਖਣ ਦੀ ਸੋਚ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ‘ਆਈਗੌਟ ਕਰਮਯੋਗੀ’ ਡਿਜੀਟਲ ਪਲੇਟਫਾਰਮ ਰਾਹੀਂ ਸਰਕਾਰੀ ਮੁਲਾਜ਼ਮ ਆਪਣੀ ਡਿਊਟੀ ਦੇ ਨਾਲ-ਨਾਲ ਨਵੇਂ ਹੁਨਰ ਸਿੱਖ ਰਹੇ ਹਨ। ਇਸ ਪਲੇਟਫਾਰਮ ‘ਤੇ 17 ਭਾਰਤੀ ਭਾਸ਼ਾਵਾਂ ਵਿੱਚ 7 ਹਜ਼ਾਰ ਤੋਂ ਵੱਧ ਕੋਰਸ ਉਪਲਬਧ ਹਨ।

ਉਨ੍ਹਾਂ ਕਿਹਾ ਕਿ ਕਈ ਕਰਮਚਾਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਨਵੀਂ ਤਕਨੀਕ ਦੀ ਸਿਖਲਾਈ ਲੈ ਰਹੇ ਹਨ, ਜਦਕਿ ਕੁਝ ਭਾਰਤੀ ਸੰਕੇਤਕ ਭਾਸ਼ਾ ਵੀ ਸਿੱਖ ਰਹੇ ਹਨ। ਪੀਐੱਮ ਮੁਤਾਬਕ ਇਸ ਪਲੇਟਫਾਰਮ ਰਾਹੀਂ ਹੁਣ ਤੱਕ ਸਵਾ 3 ਕਰੋੜ ਤੋਂ ਵੱਧ ਕੋਰਸ ਪੂਰੇ ਕੀਤੇ ਜਾ ਚੁੱਕੇ ਹਨ।

ਮੋਬਾਈਲ ਗੁੰਮ ਹੋਣ ‘ਤੇ ਸੰਚਾਰ ਸਾਥੀ ਬਣੇਗਾ ਮਦਦਗਾਰ

‘ਮਨ ਕੀ ਬਾਤ’ ਦੌਰਾਨ ਪੀਐੱਮ ਮੋਦੀ ਨੇ ‘ਸੰਚਾਰ ਸਾਥੀ’ ਪਲੇਟਫਾਰਮ ਦੀ ਮਹੱਤਤਾ ਵੀ ਸਮਝਾਈ। ਉਨ੍ਹਾਂ ਕਿਹਾ ਕਿ ਅੱਜ ਮੋਬਾਈਲ ਫ਼ੋਨ ਸਿਰਫ਼ ਗੱਲਬਾਤ ਦਾ ਸਾਧਨ ਨਹੀਂ, ਸਗੋਂ ਇਸ ਵਿੱਚ ਲੋਕਾਂ ਦੀਆਂ ਤਸਵੀਰਾਂ, ਸੰਪਰਕ ਨੰਬਰ ਅਤੇ ਕਈ ਜ਼ਰੂਰੀ ਦਸਤਾਵੇਜ਼ ਵੀ ਹੁੰਦੇ ਹਨ। ਅਜਿਹੇ ਵਿੱਚ ਫ਼ੋਨ ਗੁੰਮ ਹੋਣ ‘ਤੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਸੰਚਾਰ ਸਾਥੀ ਦੀ ਮਦਦ ਨਾਲ ਗੁੰਮ ਹੋਏ ਮੋਬਾਈਲ ਨੂੰ ਬਲਾਕ ਕਰਵਾਇਆ ਜਾ ਸਕਦਾ ਹੈ। ਇਸ ਲਈ ਪਹਿਲਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਪੈਂਦੀ ਹੈ ਅਤੇ ਫਿਰ ਫ਼ੋਨ ਦੇ IMEI ਨੰਬਰ ਸਮੇਤ ਲੋੜੀਂਦੀ ਜਾਣਕਾਰੀ ਦੇ ਕੇ ਉਸ ਨੂੰ ਬਲਾਕ ਕਰਵਾਇਆ ਜਾ ਸਕਦਾ ਹੈ।

ਸਾਈਬਰ ਠੱਗਾਂ ਖ਼ਿਲਾਫ਼ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਾਈਬਰ ਧੋਖਾਧੜੀ ਕਰਨ ਵਾਲੇ ਸ਼ੱਕੀ ਨੰਬਰਾਂ ਦੀ ਸ਼ਿਕਾਇਤ ਸੰਚਾਰ ਸਾਥੀ ‘ਤੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਫਰਜ਼ੀ ਕਾਲ ਜਾਂ ਠੱਗੀ ਦੀ ਕੋਸ਼ਿਸ਼ ਤੋਂ ਬਚ ਜਾਂਦਾ ਹੈ ਤਾਂ ਉਸ ਨੂੰ ਉਸ ਨੰਬਰ ਦੀ ਰਿਪੋਰਟ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਅਗਲੀ ਵਾਰ ਕੋਈ ਹੋਰ ਵਿਅਕਤੀ ਇਸ ਦਾ ਸ਼ਿਕਾਰ ਹੋ ਸਕਦਾ ਹੈ।

ਇਸ ਸਬੰਧੀ ਉਨ੍ਹਾਂ ਪੁਣੇ ਦੇ ਹਿਮਾਂਸ਼ੂ ਸਿੰਘ ਦੀ ਉਦਾਹਰਣ ਦਿੱਤੀ, ਜਿਸ ਨੇ 300 ਤੋਂ ਵੱਧ ਸ਼ੱਕੀ ਨੰਬਰਾਂ ਦੀ ਸ਼ਿਕਾਇਤ ਕੀਤੀ। ਇਸ ਨਾਲ ਕਰੀਬ 18 ਹਜ਼ਾਰ ਮੋਬਾਈਲ ਕਨੈਕਸ਼ਨ ਬੰਦ ਕਰਵਾਉਣ ਵਿੱਚ ਮਦਦ ਮਿਲੀ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਵਿਵੇਕ ਅਲਹਰੀ ਨੇ 900 ਤੋਂ ਵੱਧ ਸ਼ੱਕੀ ਨੰਬਰਾਂ ਦੀ ਜਾਣਕਾਰੀ ਦਿੱਤੀ, ਜਿਸ ਨਾਲ ਲਗਭਗ 17 ਹਜ਼ਾਰ ਮੋਬਾਈਲ ਕਨੈਕਸ਼ਨਾਂ ‘ਤੇ ਕਾਰਵਾਈ ਹੋਈ।

ਪੀਐੱਮ ਮੋਦੀ ਨੇ ਦੱਸਿਆ ਕਿ ਸੰਚਾਰ ਸਾਥੀ ਨਾਲ ਬੈਂਕਾਂ, ਟੈਲੀਕਾਮ ਕੰਪਨੀਆਂ ਅਤੇ ਪੁਲਿਸ ਸਮੇਤ 1600 ਤੋਂ ਵੱਧ ਸੰਸਥਾਵਾਂ ਜੁੜੀਆਂ ਹੋਈਆਂ ਹਨ। ਇਸ ਪਲੇਟਫਾਰਮ ਦੀ ਮਦਦ ਨਾਲ ਹੁਣ ਤੱਕ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਸੰਭਾਵਿਤ ਵਿੱਤੀ ਨੁਕਸਾਨ ਨੂੰ ਰੋਕਣ ਵਿੱਚ ਮਦਦ ਮਿਲੀ ਹੈ। ਇਹ ਐਪ 23 ਭਾਸ਼ਾਵਾਂ ਵਿੱਚ ਉਪਲਬਧ ਹੈ।

ਦੁਨੀਆ ਦੇ ਬਿਹਤਰੀਨ ਮਿਊਜ਼ੀਅਮਾਂ ਵਿੱਚ ਬਿਹਾਰ ਮਿਊਜ਼ੀਅਮ ਨੂੰ ਮਿਲਿਆ ਨੌਵਾਂ ਸਥਾਨ

ਪ੍ਰਧਾਨ ਮੰਤਰੀ ਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਅਜਾਇਬ ਘਰਾਂ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਪਟਨਾ ਦੇ ਬਿਹਾਰ ਮਿਊਜ਼ੀਅਮ ਨੂੰ ਦੁਨੀਆ ਦੇ 100 ਬਿਹਤਰੀਨ ਮਿਊਜ਼ੀਅਮਾਂ ਦੀ ਸੂਚੀ ਵਿੱਚ ਨੌਵਾਂ ਸਥਾਨ ਮਿਲਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਨੂੰ ਏਸ਼ੀਆ ਦਾ ਸਭ ਤੋਂ ਉੱਚਾ ਦਰਜਾ ਪ੍ਰਾਪਤ ਮਿਊਜ਼ੀਅਮ ਦੱਸਿਆ ਗਿਆ ਹੈ। ਇਸ ਨੇ ਪੈਰਿਸ ਦੇ ਲੂਵਰ ਅਤੇ ਨਿਊਯਾਰਕ ਦੇ ‘ਦਿ ਮੇਟ’ ਵਰਗੇ ਪ੍ਰਸਿੱਧ ਅਜਾਇਬ ਘਰਾਂ ਨੂੰ ਵੀ ਪਿੱਛੇ ਛੱਡਿਆ ਹੈ।

ਵਡਨਗਰ ਮਿਊਜ਼ੀਅਮ ਨੂੰ ਮਿਲਿਆ ਕੌਮਾਂਤਰੀ ਸਨਮਾਨ

ਪੀਐੱਮ ਮੋਦੀ ਨੇ ਗੁਜਰਾਤ ਦੇ ਵਡਨਗਰ ਸਥਿਤ ‘ਅਨੰਤ ਅਨਾਦਿ ਵਡਨਗਰ ਆਰਕੀਓਲਾਜੀਕਲ ਮਿਊਜ਼ੀਅਮ’ ਦੀ ਵੀ ਖ਼ਾਸ ਤੌਰ ‘ਤੇ ਤਾਰੀਫ਼ ਕੀਤੀ। ਉਨ੍ਹਾਂ ਦੱਸਿਆ ਕਿ ਪੁਰਾਤਤਵ ਖੁਦਾਈ ਦੌਰਾਨ ਮਿਲੀਆਂ ਹਜ਼ਾਰਾਂ ਸਾਲ ਪੁਰਾਣੀਆਂ ਵਸਤੂਆਂ ਨੂੰ ਇਸ ਮਿਊਜ਼ੀਅਮ ਵਿੱਚ ਸੰਭਾਲ ਕੇ ਰੱਖਿਆ ਗਿਆ ਹੈ। ਇੱਥੇ 5 ਹਜ਼ਾਰ ਤੋਂ ਵੱਧ ਇਤਿਹਾਸਕ ਕਲਾਕ੍ਰਿਤੀਆਂ ਮੌਜੂਦ ਹਨ ਅਤੇ ਸੈਲਾਨੀ ਖੁਦਾਈ ਵਾਲੀ ਥਾਂ ਨੂੰ ਵੀ ਨੇੜਿਓਂ ਦੇਖ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਵਡਨਗਰ ਮਿਊਜ਼ੀਅਮ ਨੂੰ ਬਰਲਿਨ ਵਿੱਚ ਵੱਕਾਰੀ ‘ਰੈੱਡ ਡਾਟ: ਬੈਸਟ ਆਫ਼ ਦਾ ਬੈਸਟ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਹਾਸਲ ਕਰਨ ਵਾਲਾ ਇਹ ਭਾਰਤ ਦਾ ਪਹਿਲਾ ਮਿਊਜ਼ੀਅਮ ਹੈ।

READ MORE : ਸੰਘਣੀ ਧੁੰਦ ਕਾਰਨ ਰੇਲਵੇ ਦਾ ਵੱਡਾ ਫੈਸਲਾ, 3 ਮਹੀਨਿਆਂ ਲਈ 2 ਪੈਸੰਜਰ ਟ੍ਰੇਨਾਂ ਰੱਦ

ਵਿਦੇਸ਼

Scroll to Top