ਨਵੰਬਰ 29, 2026: ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਸ਼ਨੀਵਾਰ (28 ਨਵੰਬਰ) ਨੂੰ ਭੂਚਾਲ ਦੇ ਜ਼ੋਰਦਾਰ ਝਟਕਿਆਂ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਲਾਸ ਏਂਜਲਸ ਵਿੱਚ 5.0 ਤੀਬਰਤਾ ਦਾ ਭੂਚਾਲ ਆਉਣ ਕਾਰਨ ਇਮਾਰਤਾਂ ਹਿੱਲਣ ਲੱਗੀਆਂ ਅਤੇ ਲੋਕ ਘਰਾਂ ਤੇ ਦੁਕਾਨਾਂ ਵਿੱਚੋਂ ਬਾਹਰ ਨਿਕਲ ਆਏ।
ਭੂਚਾਲ ਕਾਰਨ ਲਾਸ ਏਂਜਲਸ ਹਵਾਈ ਅੱਡੇ ਦੇ ਟਰਮੀਨਲ-7 ‘ਤੇ ਛੱਤ ਦੇ ਪੈਨਲ ਡਿੱਗ ਗਏ ਅਤੇ ਕੁਝ ਸ਼ੀਸ਼ੇ ਵੀ ਟੁੱਟ ਗਏ। ਹਾਲਾਂਕਿ, ਹਵਾਈ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ। ਇਸ ਤੋਂ ਇਲਾਵਾ ਇੱਕ ਰਿਫਾਇਨਰੀ ਵਿੱਚ ਅੱਗ ਲੱਗਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ।
45 ਮਿੰਟਾਂ ਵਿੱਚ ਮਹਿਸੂਸ ਹੋਏ ਚਾਰ ਝਟਕੇ
ਰਿਪੋਰਟਾਂ ਮੁਤਾਬਕ ਭੂਚਾਲ ਤੋਂ ਬਾਅਦ 45 ਮਿੰਟਾਂ ਦੇ ਅੰਦਰ ਚਾਰ ਹੋਰ ਝਟਕੇ ਮਹਿਸੂਸ ਕੀਤੇ ਗਏ। ਸਥਿਤੀ ਨੂੰ ਦੇਖਦਿਆਂ ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਐਮਰਜੈਂਸੀ ਪ੍ਰਣਾਲੀ ਸਰਗਰਮ ਕਰ ਦਿੱਤੀ ਅਤੇ ਸ਼ਹਿਰ ਦੇ 106 ਫਾਇਰ ਸਟੇਸ਼ਨਾਂ ਦੀਆਂ ਟੀਮਾਂ ਨੂੰ ਜਾਂਚ ਲਈ ਤਾਇਨਾਤ ਕੀਤਾ ਗਿਆ।
ਸਾਵਧਾਨੀ ਵਜੋਂ ਮੈਨਹਟਨ ਬੀਚ ਅਤੇ ਹਰਮੋਸਾ ਬੀਚ ਦੇ ਪੀਅਰ ਵੀ ਬੰਦ ਕਰ ਦਿੱਤੇ ਗਏ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਭੂਚਾਲ ਕਾਰਨ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਭੂਚਾਲ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਆਉਂਦਾ ਹੈ। ਇਸ ਤੋਂ ਪਹਿਲਾਂ 2014 ਵਿੱਚ ਵੀ ਲਾਸ ਏਂਜਲਸ ਵਿੱਚ 5.1 ਤੀਬਰਤਾ ਦਾ ਭੂਚਾਲ ਆਇਆ ਸੀ।
READ MORE : ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ-ਕਾਂਗਰਸ ‘ਚ ਬਗਾਵਤ, ਕਈ ਆਗੂ ਆਜ਼ਾਦ ਲੜਨਗੇ ਚੋਣ




