West Bengal Madrasa Rules

ਪੱਛਮੀ ਬੰਗਾਲ ਦੇ ਮਦਰੱਸਿਆਂ ਦੇ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਸ਼ੁੱਕਰਵਾਰ ਦੀ ਬਜਾਏ ਐਤਵਾਰ ਨੂੰ ਹੋਵੇਗੀ ਛੁੱਟੀ

29 ਨਵੰਬਰ, 2026: ਪੱਛਮੀ ਬੰਗਾਲ ਦੇ ਮਦਰੱਸਿਆਂ ਵਿੱਚ ਸਾਲਾਂ ਤੋਂ ਚੱਲੀ ਆ ਰਹੀ ਸ਼ੁੱਕਰਵਾਰ ਦੀ ਹਫ਼ਤਾਵਾਰੀ ਛੁੱਟੀ ਦੀ ਪਰੰਪਰਾ ਹੁਣ ਖ਼ਤਮ ਕਰ ਦਿੱਤੀ ਗਈ ਹੈ। ਪੱਛਮੀ ਬੰਗਾਲ ਮਦਰੱਸਾ ਸਿੱਖਿਆ ਬੋਰਡ ਨੇ ਸੂਬੇ ਦੇ ਸਾਰੇ ਸਰਕਾਰੀ ਮਾਨਤਾ ਪ੍ਰਾਪਤ ਮਦਰੱਸਿਆਂ ਨੂੰ ਸ਼ੁੱਕਰਵਾਰ ਦੀ ਥਾਂ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਦਹਾਕਿਆਂ ਤੋਂ ਚੱਲ ਰਹੀ ਸੀ ਪੁਰਾਣੀ ਪ੍ਰਥਾ

ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਕਈ ਮਦਰੱਸਿਆਂ ਵਿੱਚ ਸ਼ੁੱਕਰਵਾਰ ਨੂੰ ਛੁੱਟੀ ਰੱਖੀ ਜਾਂਦੀ ਸੀ, ਤਾਂ ਜੋ ਵਿਦਿਆਰਥੀ ਜੁੰਮੇ ਦੀ ਨਮਾਜ਼ ਅਦਾ ਕਰ ਸਕਣ। ਇਸ ਦੇ ਬਦਲੇ ਐਤਵਾਰ ਨੂੰ ਮਦਰੱਸਿਆਂ ਵਿੱਚ ਆਮ ਵਾਂਗ ਪੜ੍ਹਾਈ ਹੁੰਦੀ ਸੀ। ਪਰ ਹੁਣ ਬੋਰਡ ਨੇ ਸੂਬੇ ਦੇ ਹੋਰ ਸਕੂਲਾਂ ਵਾਂਗ ਮਦਰੱਸਿਆਂ ਵਿੱਚ ਵੀ ਐਤਵਾਰ ਨੂੰ ਛੁੱਟੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਸ਼ੁੱਕਰਵਾਰ ਨੂੰ ਲੱਗਣਗੀਆਂ ਕਲਾਸਾਂ

ਨਵੇਂ ਹੁਕਮਾਂ ਮੁਤਾਬਕ ਹੁਣ ਮਦਰੱਸਿਆਂ ਵਿੱਚ ਸ਼ੁੱਕਰਵਾਰ ਨੂੰ ਵੀ ਆਮ ਦਿਨਾਂ ਵਾਂਗ ਪੜ੍ਹਾਈ ਹੋਵੇਗੀ, ਜਦਕਿ ਐਤਵਾਰ ਨੂੰ ਸੰਸਥਾਵਾਂ ਬੰਦ ਰਹਿਣਗੀਆਂ। ਹਾਲਾਂਕਿ, ਵਿਦਿਆਰਥੀਆਂ ਨੂੰ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਲੋੜੀਂਦਾ ਸਮਾਂ ਦਿੱਤਾ ਜਾਵੇਗਾ। ਇਸ ਲਈ ਮਦਰੱਸਾ ਪ੍ਰਬੰਧਕਾਂ ਨੂੰ ਆਪਣੇ ਕਲਾਸਾਂ ਦੇ ਸਮੇਂ ਵਿੱਚ ਲੋੜੀਂਦੀ ਤਬਦੀਲੀ ਕਰਨ ਲਈ ਕਿਹਾ ਗਿਆ ਹੈ।

ਬੋਰਡ ਨੇ ਸਾਰੇ ਮਦਰੱਸਾ ਮੁਖੀਆਂ ਨੂੰ ਨਵੇਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਮਦਰੱਸਿਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਹ ਫੈਸਲਾ ਸੂਬੇ ਦੇ ਹਜ਼ਾਰਾਂ ਮਦਰੱਸਿਆਂ ਅਤੇ ਉੱਥੇ ਪੜ੍ਹਦੇ ਲੱਖਾਂ ਵਿਦਿਆਰਥੀਆਂ ਦੀ ਰੋਜ਼ਾਨਾ ਦੀ ਪੜ੍ਹਾਈ ਦੇ ਸਮੇਂ ਨੂੰ ਪ੍ਰਭਾਵਿਤ ਕਰੇਗਾ।

READ MORE : ਜਗਰਾਉਂ ਮੰਡੀ ‘ਚ ਲੱਖਾਂ ਦੀ ਮੂੰਗੀ ਖਰੀਦ ਕੇ ਪੇਮੈਂਟ ਦੇਣ ਤੋਂ ਮੁੱਕਰੇ ਮਿੱਲ ਸੰਚਾਲਕ! 5 ਲੋਕਾਂ ਖ਼ਿਲਾਫ਼ FIR

ਵਿਦੇਸ਼

Scroll to Top