29 ਨਵੰਬਰ, 2026: ਜਗਰਾਉਂ ਦੀ ਏਸ਼ੀਆ ਦੀ ਪ੍ਰਮੁੱਖ ਦਾਣਾ ਮੰਡੀ ਵਿੱਚ ਮੂੰਗੀ ਦੀ ਫ਼ਸਲ ਦੀ ਖਰੀਦ ਤੋਂ ਬਾਅਦ ਪੈਸੇ ਨਾ ਦੇਣ ਦਾ ਮਾਮਲਾ ਗਰਮਾ ਗਿਆ ਹੈ। ਮਿੱਤਲ ਕਾਟਨ ਮਿੱਲ ਵੱਲੋਂ ਆੜ੍ਹਤੀਆਂ ਰਾਹੀਂ ਕਿਸਾਨਾਂ ਦੀ ਫ਼ਸਲ ਤਾਂ ਖਰੀਦੀ ਗਈ, ਪਰ ਪੂਰੀ ਅਦਾਇਗੀ ਨਹੀਂ ਕੀਤੀ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਅਤੇ ਅਮਾਨਤ ਵਿੱਚ ਖ਼ਿਆਨਤ ਦਾ ਕੇਸ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਸਾਲ 2024-25 ਦੌਰਾਨ ਮਿੱਲ ਨੇ ਆੜ੍ਹਤੀਆਂ ਰਾਹੀਂ ਮੂੰਗੀ ਦੀ ਖਰੀਦ ਕੀਤੀ ਸੀ। ਪਰ ਜਦੋਂ ਕਿਸਾਨਾਂ ਨੂੰ ਪੈਸੇ ਦੇਣ ਦੀ ਵਾਰੀ ਆਈ ਤਾਂ ਆੜ੍ਹਤੀਆਂ ਨੂੰ ਆਪਣੀ ਜੇਬ ਵਿੱਚੋਂ ਰਕਮ ਅਦਾ ਕਰਨੀ ਪਈ। ਦੂਜੇ ਪਾਸੇ ਮਿੱਲ ਵੱਲੋਂ ਬਕਾਇਆ ਪੈਸੇ ਨਾ ਮਿਲਣ ਕਾਰਨ ਆੜ੍ਹਤੀਆਂ ਦੀ ਲੱਖਾਂ ਰੁਪਏ ਦੀ ਪੂੰਜੀ ਫਸ ਗਈ।
ਮਿੱਲ ਬੰਦ ਹੋਣ ਨਾਲ ਵਧੀ ਪਰੇਸ਼ਾਨੀ
ਆੜ੍ਹਤੀਆਂ ਨੇ ਕਈ ਵਾਰ ਮਿੱਲ ਸੰਚਾਲਕਾਂ ਨਾਲ ਸੰਪਰਕ ਕਰਕੇ ਆਪਣੀ ਰਕਮ ਵਾਪਸ ਮੰਗੀ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸੇ ਦੌਰਾਨ ਮਿੱਲ ਬੰਦ ਹੋ ਗਈ, ਜਿਸ ਕਾਰਨ ਬਕਾਇਆ ਪੈਸੇ ਵਸੂਲਣੇ ਹੋਰ ਵੀ ਮੁਸ਼ਕਲ ਹੋ ਗਏ।
ਪੰਜ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਪੁਲਿਸ ਨੇ ਵਿਨੋਦ ਕੁਮਾਰ ਉਰਫ਼ ਰਾਜੂ, ਅਨੀਤਾ ਮਿੱਤਲ, ਸ਼ੈਂਕੀ ਮਿੱਤਲ, ਨਵੀਨ ਕੁਮਾਰ ਅਤੇ ਕਿਰਨ ਬਾਲਾ ਵਾਸੀ ਸ਼ਾਸਤਰੀ ਨਗਰ, ਜਗਰਾਉਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਡੀਐੱਸਪੀ (ਪੀਬੀਆਈ/ਐੱਸ. ਕਰਾਈਮ) ਵੱਲੋਂ ਕੀਤੀ ਜਾਂਚ ਵਿੱਚ ਪਹਿਲੀ ਨਜ਼ਰੇ ਧੋਖਾਧੜੀ ਅਤੇ ਅਮਾਨਤ ਵਿੱਚ ਖ਼ਿਆਨਤ ਦੇ ਤੱਥ ਸਾਹਮਣੇ ਆਏ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
READ MORE : ਪੰਜਾਬ ਵਿੱਚ 14 ਦਸੰਬਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ




