Punjab Invest

ਮੌਜੂਦਾ ਪੰਜਾਬ ਸਰਕਾਰ ਅਧੀਨ 2 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ: ਅਮਨ ਅਰੋੜਾ

ਚੰਡੀਗੜ੍ਹ/ਨਵੀਂ ਦਿੱਲੀ, 28 ਨਵੰਬਰ 2026: ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਐਲਾਨ ਕੀਤਾ ਕਿ ਜੇਕਰ ਕਿਸੇ ਵੀ ਮਨਜ਼ੂਰੀ ਨੂੰ 45 ਕੰਮਕਾਜੀ ਦਿਨਾਂ ਤੋਂ ਵੱਧ ਸਮਾਂ ਲੱਗਦਾ ਹੈ ਤਾਂ ਉਸਨੂੰ ਮਨਜ਼ੂਰ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਧੀਨ ਮਾਰਚ 2022 ਤੋਂ ਹੁਣ ਤੱਕ ਪੰਜਾਬ ਨੂੰ 2 ਲੱਖ ਕਰੋੜ ਰੁਪਏ ਦੇ 10,673 ਨਿਵੇਸ਼ ਪ੍ਰਸਤਾਵ ਪ੍ਰਾਨਿਵੇਸ਼ ਨਾਲ 6,63,410 ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ।

ਅਮਨ ਅਰੋੜਾ ਨੇ ਭਾਰਤ ਮੰਡਪ ਵਿਖੇ 45ਵੇਂ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (IITF) 2026 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਈ.ਆਈ.ਟੀ.ਐਫ. ਦਾ ਵਿਸ਼ਾ ‘ਵਿਕਾਸ ਅਤੇ ਵਿਰਾਸਤ’ ਇੱਕ ਅਜਿਹੇ ਸੂਬੇ ਨੂੰ ਦਰਸਾਉਂਦਾ ਹੈ, ਜਿੱਥੇ ਵਿਰਾਸਤ ਅਤੇ ਉੱਦਮ ਹਮੇਸ਼ਾ ਨਾਲੋ-ਨਾਲ ਚੱਲਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਉਦਯੋਗਿਕ ਖੇਤਰ ਲੁਧਿਆਣਾ ਦੇ ਹੌਜ਼ਰੀ ਤੇ ਸਾਈਕਲ ਅਤੇ ਜਲੰਧਰ ਦੇ ਖੇਡ ਸਾਮਾਨ ਤੇ ਹੈਂਡ ਟੂਲਜ਼ ਤੋਂ ਲੈ ਕੇ ਮੰਡੀ ਗੋਬਿੰਦਗੜ੍ਹ ਦੇ ਸਟੀਲ ਅਤੇ ਬਟਾਲਾ ਦੀਆਂ ਫਾਊਂਡਰੀਆਂ ਤੱਕ ਫੈਲਿਆ ਹੋਇਆ ਹੈ ਅਤੇ ਹੁਣ ਇਸ ‘ਚ 18.12 ਲੱਖ ਰਜਿਸਟਰਡ ਐਮ.ਐਸ.ਐਮ.ਈਜ਼. ਸ਼ਾਮਲ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ 16 ਮਾਰਚ, 2022 ਤੋਂ 10 ਨਵੰਬਰ, 2026 ਦਰਮਿਆਨ ਸੂਬੇ ਨੂੰ ਲਗਭੱਗ 2 ਲੱਖ ਕਰੋੜ ਰੁਪਏ ਦੇ 10,673 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਨਾਲ 6,63,410 ਲੋਕਾਂ ਨੂੰ ਰੁਜ਼ਗਾਰ ਮਿਲਣ ਦਾ ਅਨੁਮਾਨ ਹੈ। ਟਾਟਾ ਸਟੀਲ, ਨੈਸਲੇ, ਪੈਪਸੀਕੋ, ਯੂਨੀਲੀਵਰ, ਕਾਰਗਿਲ, ਡੈਨੋਨ, ਲਿੰਡੇ, ਯਾਨਮਾਰ, ਫਰੈਡੇਨਬਰਗ, ਟੋਪਨ ਅਤੇ ਸਨਾਤਨ ਟੈਕਸਟਾਈਲਜ਼ ਵਰਗੀਆਂ ਵੱਡੀਆਂ ਆਲਮੀ ਕੰਪਨੀਆਂ ਪਹਿਲਾਂ ਹੀ ਸੂਬੇ ‘ਚ ਆਪਣਾ ਕਾਰੋਬਾਰ ਸਥਾਪਿਤ ਕਰ ਚੁੱਕੀਆਂ ਹਨ।

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦੀ ‘ਫਾਸਟਟਰੈਕ ਪੰਜਾਬ’ ਡਿਜੀਟਲ ਸਿੰਗਲ-ਵਿੰਡੋ ਪ੍ਰਣਾਲੀ 20 ਤੋਂ ਵੱਧ ਵਿਭਾਗਾਂ ਦੀਆਂ 300 ਤੋਂ ਵੱਧ ਸੇਵਾਵਾਂ ਨੂੰ ਇੱਕੋ ਲੌਗਇਨ ਅਧੀਨ ਲਿਆਉਂਦੀ ਹੈ, ਜਿਸ ਤਹਿਤ 45 ਕੰਮਕਾਜੀ ਦਿਨਾਂ ਦੇ ਅੰਦਰ ਮਨਜ਼ੂਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਭਾਗ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਫੈਸਲਾ ਨਹੀਂ ਲੈਂਦਾ ਤਾਂ ਅਰਜ਼ੀ ਆਪਣੇ-ਆਪ ਮਨਜ਼ੂਰ ਮੰਨ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਉਦਯੋਗ ਦੀਆਂ ਲੋੜਾਂ ਅਨੁਸਾਰ ਨੀਤੀ ਤਿਆਰ ਕਰਨ ਲਈ, ਪੰਜਾਬ ਸਰਕਾਰ ਨੇ 24 ਖੇਤਰ-ਵਾਰ ਕਮੇਟੀਆਂ ਗਠਿਤ ਕੀਤੀਆਂ ਸਨ, ਜਿਨ੍ਹਾਂ ਨੇ ‘ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ 2026’ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਨੀਤੀਆਂ ਤਿਆਰ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਭਵਿੱਖੀ ਉਦਯੋਗਾਂ ਆਟੋ ਕੰਪੋਨੈਂਟਸ, ਇਲੈਕਟ੍ਰਿਕ ਵਾਹਨ, ਰੱਖਿਆ ਅਤੇ ਏਅਰੋਸਪੇਸ, ਇਲੈਕਟ੍ਰਾਨਿਕਸ, ਟੈਕਸਟਾਈਲ, ਫੂਡ ਪ੍ਰੋਸੈਸਿੰਗ, ਆਈ.ਟੀ. ਅਤੇ ਜੀ.ਸੀ.ਸੀ. ਅਤੇ ਖੇਡਾਂ ਦੇ ਸਾਮਾਨ ਨੂੰ ਵਿਕਸਤ ਕਰ ਰਿਹਾ ਹੈ। ਰੱਖਿਆ ਅਤੇ ਏਅਰੋਸਪੇਸ ਖੇਤਰ ‘ਚ ਇਨਵੈਸਟ ਪੰਜਾਬ ਦਾ ਏਅਰੋਸਪੇਸ ਐਂਡ ਡਿਫੈਂਸ ਐਡਵਾਈਜ਼ਰੀ ਫੋਰਮ ਐਮ.ਐਸ.ਐਮ.ਈਜ਼. ਨੂੰ ਵੱਡੇ ਖਰੀਦਦਾਰਾਂ ਨਾਲ ਜੋੜ ਰਿਹਾ ਹੈ, ਪੰਜਾਬ ਤੋਂ ਸੋਰਸਿੰਗ ਅਤੇ ਨਿਰਮਾਣ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਤਕਨਾਲੋਜੀ ਦੀ ਅਪਗ੍ਰੇਡੇਸ਼ਨ ‘ਚ ਸਹਾਇਤਾ ਕਰ ਰਿਹਾ ਹੈ। ‘ਹੁਨਰ ਪੰਜਾਬ ਪੋਰਟਲ’ ਨੌਕਰੀਆਂ, ਇੰਟਰਨਸ਼ਿਪ ਅਤੇ ਉਦਯੋਗਿਕ ਸਿਖਲਾਈ ਲਈ ਉਦਯੋਗਾਂ ਨੂੰ ਲਗਭੱਗ 1,750 ਵਿਦਿਅਕ ਅਤੇ ਸਿਖਲਾਈ ਸੰਸਥਾਵਾਂ ਨਾਲ ਜੋੜਦਾ ਹੈ।

ਅਮਨ ਅਰੋੜਾ ਨੇ ਕਿਹਾ, “ਮੈਂ ਅੱਜ ਦੇ ਇਸ ਮੌਕੇ ਆਉਣ ਵਾਲੇ ਹਰ ਨਿਵੇਸ਼ਕ ਨੂੰ ਪੰਜਾਬ ਪਵੇਲੀਅਨ ਦਾ ਦੌਰਾ ਕਰਨ ਅਤੇ ਇਨਵੈਸਟ ਪੰਜਾਬ ਟੀਮ ਨੂੰ ਮਿਲਣ ਦਾ ਸੱਦਾ ਦਿੰਦਾ ਹਾਂ। ਪੰਜਾਬ ਸਰਕਾਰ ਛੋਟੇ ਐਮ.ਐਸ.ਐਮ.ਈ. ਤੋਂ ਲੈ ਕੇ ਵੱਡੇ ਨਿਵੇਸ਼ਕ ਤੱਕ ਹਰ ਉੱਦਮੀ ਦੇ ਨਾਲ ਖੜ੍ਹੀ ਹੈ।

ਇਸ ਦੌਰਾਨ ਉੱਘੇ ਪੰਜਾਬੀ ਗਾਇਕ ਸ਼ਿਵਜੋਤ ਸਿੰਘ ਨੇ ਐਂਫੀਥੀਏਟਰ-1 ਵਿਖੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ ਅਤੇ ਲੋਕ ਉਨ੍ਹਾਂ ਦੇ ਹਿੱਟ ਗੀਤਾਂ ‘ਤੇ ਝੂਮ ਉੱਠੇ।

ਪੰਜਾਬ ਪਵੇਲੀਅਨ ਨੇ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (ਆਈ.ਆਈ.ਟੀ.ਐਫ.) 2026 ਵਿਖੇ ਥੀਮੈਟਿਕ ਪੇਸ਼ਕਾਰੀ ਸ਼੍ਰੇਣੀ ‘ਚ ਗੋਲਡ ਮੈਡਲ ਜਿੱਤਿਆ ਹੈ। ਪੀ.ਐਸ.ਆਈ.ਈ.ਸੀ. ਵੱਲੋਂ 450 ਵਰਗ ਮੀਟਰ ਖੇਤਰ ‘ਚ ਤਿਆਰ ਕੀਤੇ ਗਏ ਇਸ ਪਵੇਲੀਅਨ ਨੂੰ ਆਈ.ਟੀ.ਪੀ.ਓ. ਜਿਊਰੀ ਵੱਲੋਂ ਇਸ ਦੇ ਥੀਮ “ਵਿਕਾਸ ਅਤੇ ਵਿਰਾਸਤ” ਲਈ ਚੁਣਿਆ ਗਿਆ, ਜਿਸ ਨੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਇਸ ਦੀਆਂ ਆਧੁਨਿਕ ਉਦਯੋਗਿਕ ਸਮਰੱਥਾਵਾਂ ਅਤੇ ਤਕਨੀਕੀ ਤਰੱਕੀ ਨਾਲ ਬਾਖੂਬੀ ਜੋੜਿਆ।

ਸਨਮਾਨ ਸਮਾਗਮ ‘ਚ ਪੰਜਾਬ ਪਵੇਲੀਅਨ ਦੇ ਪ੍ਰਸ਼ਾਸਕ ਅਰਸ਼ਦੀਪ ਸਿੰਘ ਸਮੇਤ ਡਿਪਟੀ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ। ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ, ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਪੀ.ਐਸ.ਆਈ.ਈ.ਸੀ. ਦੀ ਟੀਮ ਅਤੇ ਉਦਯੋਗ ਵਿਭਾਗ ਨੂੰ ਵਧਾਈ ਦਿੱਤੀ।

Read More: CM ਭਗਵੰਤ ਮਾਨ ਵੱਲੋਂ ਪੰਜਾਬ ਦੀਆਂ 520 ਗਊਸ਼ਾਲਾਵਾਂ ਲਈ 100 ਕਰੋੜ ਰੁਪਏ ਦੀ ਗ੍ਰਾਂਟ ਨੂੰ ਮਨਜ਼ੂਰੀ

ਵਿਦੇਸ਼

Scroll to Top