ਦੱਖਣੀ ਜ਼ੋਨ ਦੇ ਬਿਜਲੀ ਅਧਿਕਾਰੀਆਂ

ਪਟਿਆਲਾ ਵਿਖੇ ਦੱਖਣੀ ਜ਼ੋਨ ਦੇ ਬਿਜਲੀ ਅਧਿਕਾਰੀਆਂ ਦੀ ਹੰਗਾਮੀ ਬੈਠਕ, SDO ਸਿਟੀ ਸਮਾਣਾ ਖ਼ਿਲਾਫ਼ ਕਾਰਵਾਈ ਦੀ ਸਖ਼ਤ ਨਿਖੇਧੀ

ਪਟਿਆਲਾ, 13 ਅਕਤੂਬਰ 2026: ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫ਼ੀਸਰਜ਼ ਦੀ ਅਗਵਾਈ ਹੇਠ ਅੱਜ ਪਟਿਆਲਾ ਵਿਖੇ ਦੱਖਣੀ ਜ਼ੋਨ (ਸਾਊਥ ਜ਼ੋਨ) ਦੇ ਬਿਜਲੀ ਅਧਿਕਾਰੀਆਂ ਦੀ ਇੱਕ ਹੰਗਾਮੀ ਤੇ ਅਹਿਮ ਬੈਠਕ ਹੋਈ। ਇਸ ਬੈਠਕ ‘ਚ ਚੀਫ਼ ਇੰਜੀਨੀਅਰ/ਸਾਊਥ ਜ਼ੋਨ ਇੰਜੀ. ਰਤਨ ਕੁਮਾਰ ਮਿੱਤਲ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੀ ਮੌਜੂਦਾ ਸਥਿਤੀ ਅਤੇ ਅਗਲੀ ਰਣਨੀਤੀ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਜ਼ਮੀਨੀ ਹਕੀਕਤਾਂ ਅਤੇ ਵਿਗੜਦੇ ਪ੍ਰਸ਼ਾਸਕੀ ਮਾਹੌਲ ’ਤੇ ਗੰਭੀਰ ਚਰਚਾ ਉਪਰੰਤ ਹਾਊਸ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਪ੍ਰਬੰਧਕਾਂ ਵੱਲੋਂ ਇੰਜੀ. ਰਤਨ ਕੁਮਾਰ ਮਿੱਤਲ ਨੂੰ ਚੀਫ਼ ਇੰਜੀਨੀਅਰ ਦੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਇਹ ਜਮਹੂਰੀ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਹਾਊਸ ਨੇ ਇੱਕਸੁਰ ਹੋ ਕੇ ਸਪੱਸ਼ਟ ਕੀਤਾ ਕਿ ਸਾਊਥ ਜ਼ੋਨ ‘ਚ ਸੁਹਿਰਦ, ਸਨਮਾਨਜਨਕ ਅਤੇ ਕੰਮਕਾਜੀ ਮਾਹੌਲ ਦੀ ਬਹਾਲੀ ਲਈ ਉਨ੍ਹਾਂ ਦਾ ਤਬਾਦਲਾ ਹੀ ਇੱਕੋ-ਇੱਕ ਹੱਲ ਹੈ।

ਬੈਠਕ ‘ਚ ਲਏ ਅਹਿਮ ਫ਼ੈਸਲੇ ਅਤੇ ਮਤੇ

ਚੀਫ਼ ਇੰਜੀਨੀਅਰ ਦੇ ਤਾਨਾਸ਼ਾਹੀ ਵਤੀਰੇ ਖ਼ਿਲਾਫ਼ ਚੱਲ ਰਹੇ ਮੁਕੰਮਲ ਸੰਚਾਰ ਅਤੇ ਦਫ਼ਤਰੀ ਬਾਈਕਾਟ ਦੀ ਲੜੀ ਨੂੰ ਅੱਗੇ ਵਧਾਉਂਦਿਆਂ, ਹਾਊਸ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ 13 ਅਕਤੂਬਰ 2026 ਅਤੇ 14 ਅਕਤੂਬਰ 2026 ਨੂੰ ਚੀਫ਼ ਇੰਜੀਨੀਅਰ/ਸਾਊਥ ਵੱਲੋਂ ਸੱਦੀਆਂ ਗਈਆਂ ਵੀਡੀਓ ਕਾਨਫਰੰਸ (VC) ਬੈਠਕਾਂ ਦਾ ਸਮੂਹ ਅਧਿਕਾਰੀਆਂ ਵੱਲੋਂ ਪੂਰਨ ਬਾਈਕਾਟ ਕੀਤਾ ਜਾਵੇਗਾ।

ਬੈਠਕ ਦੌਰਾਨ ਇੰਜੀ. ਸੁਖਰਾਜ ਸਿੰਘ, ਐੱਸ.ਡੀ.ਓ. ਸਿਟੀ ਸਮਾਣਾ ਖ਼ਿਲਾਫ਼ ਕੀਤੀ ਗਈ ਗ਼ਲਤ, ਬੇਬੁਨਿਆਦ ਅਤੇ ਬਦਲਾਖੋਰੀ ਵਾਲੀ ਪ੍ਰਸ਼ਾਸਕੀ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਗਈ। ਅਧਿਕਾਰੀਆਂ ਨੇ ਫ਼ੀਲਡ ਸਟਾਫ਼ ਨੂੰ ਨਿਸ਼ਾਨਾ ਬਣਾਉਣ ਵਿਰੁੱਧ ਭਾਰੀ ਰੋਸ ਜ਼ਾਹਿਰ ਕੀਤਾ ਅਤੇ ਫ਼ੈਸਲਾ ਲਿਆ ਕਿ ਇਹ ਮਾਮਲਾ ਪੀ.ਐੱਸ.ਪੀ.ਸੀ.ਐੱਲ. ਪ੍ਰਬੰਧਕਾਂ ਨਾਲ ਹੋਣ ਵਾਲੀ ਅਗਲੀ ਬੈਠਕ ‘ਚ ਪੂਰੇ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ।

ਯੋਗ ਸੀ.ਐੱਮ.ਡੀ., ਪੀ.ਐੱਸ.ਪੀ.ਸੀ.ਐੱਲ. ਦੀ ਨਿਰਪੱਖ ਤੇ ਸੁਲਝੀ ਹੋਈ ਅਗਵਾਈ ‘ਚ ਪੂਰਨ ਭਰੋਸਾ ਪ੍ਰਗਟਾਉਂਦਿਆਂ, ਹਾਊਸ ਨੇ ਫ਼ੈਸਲਾ ਲਿਆ ਕਿ ਸਮੁੱਚੇ ਸਾਊਥ ਜ਼ੋਨ ਅਤੇ ਅਲਾਇੰਸ ਸੀ.ਡਬਲਿਊ.ਸੀ. (CWC) ਮੈਂਬਰਾਂ ਵੱਲੋਂ ਮਾਸ ਕੈਜ਼ੂਅਲ ਲੀਵ (ਸਮੂਹਿਕ ਛੁੱਟੀ) ’ਤੇ ਜਾਣ ਦਾ ਅੰਤਿਮ ਫ਼ੈਸਲਾ ਇਸ ਹਫ਼ਤੇ ਹੋਣ ਵਾਲੀ ਏਜੰਡਾ ਬੈਠਕ ਦੇ ਨਤੀਜਿਆਂ ਉਪਰੰਤ ਹੀ ਲਿਆ ਜਾਵੇਗਾ।

ਅਲਾਇੰਸ ਨੇ ਦੁਹਰਾਇਆ ਕਿ ਸਮੂਹ ਅਧਿਕਾਰੀ ਬਿਜਲੀ ਗਰਿੱਡ ਦੀ ਸਥਿਰਤਾ ਬਣਾਈ ਰੱਖਣ, ਐਮਰਜੈਂਸੀ ਖ਼ਰਾਬੀਆਂ ਨੂੰ ਤੁਰੰਤ ਠੀਕ ਕਰਨ ਅਤੇ ਆਮ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ। ਅਧਿਕਾਰੀਆਂ ਦਾ ਇਹ ਰੋਸ ਸਿਰਫ਼ ਦਮਨਕਾਰੀ ਅਤੇ ਅਣਸੁਖਾਵੇਂ ਪ੍ਰਸ਼ਾਸਕੀ ਵਤੀਰੇ ਦੇ ਖ਼ਿਲਾਫ਼ ਹੈ, ਨਾ ਕਿ ਸੰਸਥਾ ਜਾਂ ਜਨਹਿਤ ਵਿਰੁੱਧ।

ਅਲਾਇੰਸ ਨੇ ਸੀ.ਐੱਮ.ਡੀ. ਪੀ.ਐੱਸ.ਪੀ.ਸੀ.ਐੱਲ. ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਸ ਮਾਮਲੇ ‘ਚ ਤੁਰੰਤ ਦਖ਼ਲ ਦੇਣ ਅਤੇ ਜ਼ੋਨ ਅੰਦਰ ਸ਼ਾਂਤੀ ਤੇ ਸੁਖਾਵਾਂ ਮਾਹੌਲ ਕਾਇਮ ਕਰਨ ਲਈ ਇੰਜੀ. ਰਤਨ ਕੁਮਾਰ ਮਿੱਤਲ, ਚੀਫ਼ ਇੰਜੀਨੀਅਰ/ਸਾਊਥ ਦੇ ਬਦਲੀ ਦੇ ਹੁਕਮ ਜਲਦ ਤੋਂ ਜਲਦ ਜਾਰੀ ਕੀਤੇ ਜਾਣ।

Read More: ਪੀਪੀਸੀਬੀ ਦੇ ‘ਮਿਸ਼ਨ ਕਲੀਨ ਪਟਿਆਲਾ’ ਤਹਿਤ 13.79 ਟਨ ਕੂੜਾ ਹਟਾਇਆ

ਵਿਦੇਸ਼

Scroll to Top