ਚੰਡੀਗੜ, 24 ਜੂਨ 2026: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਧੂਰੀ ਮਾਮਲੇ ‘ਚ ਤਲਬ ਕੀਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਚੰਡੀਗੜ੍ਹ ਵਿਖੇ ਕਮਿਸ਼ਨ ਅੱਗੇ ਪੇਸ਼ ਹੋਏ। ਇਸ ਮੌਕੇ ਕਮਿਸ਼ਨ ਦੇ ਚੇਅਰਮੈਨ ਵੱਲੋਂ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ।
ਰਵਨੀਤ ਸਿੰਘ ਬਿੱਟੂ ਵੱਲੋਂ ਧੂਰੀ ਮਾਮਲੇ ‘ਚ ਆਪਣੇ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਅਨੁਸੂਚਿਤ ਜਾਤੀ ਭਾਈਚਾਰੇ ਦਾ ਸਤਿਕਾਰ ਕਰਦੇ ਹਨ ਅਤੇ ਅਣਜਾਣੇ ‘ਚ ਨਿਕਲੇ ਸ਼ਬਦਾਂ ਲਈ ਉਨ੍ਹਾਂ ਨੂੰ ਡੂੰਘਾ ਅਫ਼ਸੋਸ ਹੈ। ਇਸ ਸਬੰਧੀ ਬਿੱਟੂ ਨੇ ਆਪਣਾ ਲਿਖ਼ਤੀ ਮੁਆਫ਼ੀਨਾਮਾ ਵੀ ਪੇਸ਼ ਕੀਤਾ। ਆਪਣੇ ਮੁਆਫ਼ੀਨਾਮੇ ‘ਚ ਰਵਨੀਤ ਸਿੰਘ ਬਿੱਟੂ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਬੋਲੇ ਗਏ ਸ਼ਬਦ ਕਾਨੂੰਨੀ ਤੌਰ ‘ਤੇ ਗਲਤ ਸਨ ਅਤੇ ਉਨ੍ਹਾਂ ਨੇ ਵਿਵਾਦਤ ਵੀਡੀਓ ਵੀ ਡਿਲੀਟ ਕਰ ਦਿੱਤੀ ਸੀ।
ਸੰਗਰੂਰ ਜ਼ਿਲ੍ਹੇ ਦੇ ਧੂਰੀ ਕਸਬੇ ‘ਚ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਦੌਰਾਨ ਇੱਕ ਵਿਵਾਦ ਪੈਦਾ ਹੋ ਗਿਆ ਸੀ। ਰਵਨੀਤ ਸਿੰਘ ਬਿੱਟੂ ਉੱਥੇ ਇੱਕ ਭਾਜਪਾ ਆਗੂ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਪੁਲਿਸ ਨਾਲ ਬਹਿਸ ਕੀਤੀ ਸੀ। ਇਹ ਵਿਵਾਦ ਵੱਧਣ ਤੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੁਲਿਸ ਮੁਲਾਜ਼ਮਾਂ ਅਤੇ ਐਸ.ਸੀ. ਭਾਈਚਾਰੇ ਬਾਰੇ ਇਤਰਾਜ਼ਯੋਗ ਅਤੇ ਜਾਤੀ-ਸੂਚਕ ਸ਼ਬਦ ਬੋਲੇ ਸਨ, ਇਸ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ| ਜਿਸ ਤੋਂ ਬਾਅਦ ਪੰਜਾਬ ਰਾਜ ਐਸ.ਸੀ. ਕਮਿਸ਼ਨ ਨੇ ਖ਼ੁਦ ਇਸ ਦਾ ਨੋਟਿਸ ਲੈਂਦਿਆਂ ਸੰਗਰੂਰ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਸੀ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਨਿੱਜੀ ਤੌਰ ‘ਤੇ ਤਲਬ ਕੀਤਾ ਸੀ।
ਇਸ ਤੋਂ ਪਹਿਲਾਂ ਐੱਸਸੀ ਕਮਿਸ਼ਨ ਸਾਹਮਣੇ ਪਹਿਲਾਂ ਦੋ ਪੇਸ਼ੀਆਂ ‘ਤੇ ਰਵਨੀਤ ਸਿੰਘ ਬਿੱਟੂ ਆਪਣੇ ਵਕੀਲਾਂ ਰਾਹੀਂ ਪੇਸ਼ ਹੋਏ ਸਨ ਪਰ ਕਮਿਸ਼ਨ ਨੇ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਹਾਜ਼ਰ ਹੋਣ ਲਈ ਕਿਹਾ ਸੀ।
ਐੱਸਸੀ ਕਮਿਸ਼ਨ ਨੇ ਮੰਨਿਆਂ ਕਿ ਰਵਨੀਤ ਸਿੰਘ ਬਿੱਟੂ ਵਲੋ ਵਰਤੇ ਗਏ ਸ਼ਬਦਾਂ ਅਤੇ ਵੀਡੀਓ ਡਿਲੀਟ ਕਰਨ ਦੇ ਮਾਮਲੇ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ਚੋਟ ਪਹੁੰਚੀ ਹੈ, ਜਿਸ ਨਾਲ ਪੰਜਾਬ ਦੇ ਭਾਈਚਾਰਕ ਸਾਂਝ ਦੇ ਟੁੱਟਣ ਦਾ ਖਦਸ਼ਾ ਹੈ। ਕਮਿਸ਼ਨ ਨੇ ਕਿਹਾ ਕਿ ਉਪਰੋਕਤ ਹਾਲਾਤਾਂ ਦੇ ਮੱਦੇਨਜ਼ਰ ਸਮਾਜਿਕ ਭਾਈਚਾਰਕ ਸਾਂਝ ਦੇ ਭਵਿੱਖ ਨੂੂੰ ਮੁੱਖ ਰੱਖਦਿਆਂ ਰਵਨੀਤ ਸਿੰਘ ਬਿੱਟੂ ਨੂੰ ਅਨੁਸੂਚਿਤ ਵਰਗ ਲਈ ਪੰਜਾਬ ਦੇ ਚਾਰ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਦਾ ਨਿਰਦੇਸ਼ ਸੁਣਾਇਆ ਹੈ।
ਜਿਨ੍ਹਾਂ ‘ਚ ਡੇਰਾ ਬਾਬਾ ਬ੍ਰਹਮਦਾਸ ਫਿਲੌਰ, ਜੋ ਕਿ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਨਾਲ ਸਬੰਧਿਤ ਅਸਥਾਨ ਹੈ, ਜਲੰਧਰ ਦੇ ਡੇਰਾ ਸੰਤ ਸਰਵਣ ਦਸ ਸੱਚਖੰਡ ਬੱਲਾਂ ਜੋ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਨਾਲ ਸਬੰਧਤ ਹੈ, ਭਗਵਾਨ ਵਾਲਮੀਕ ਤੀਰਥਸਥਲ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਦਾ ਹੁਕਮ ਸੁਣਾਇਆ ਹੈ।
Read More: ਐਸਸੀ ਕਮਿਸ਼ਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਸੁਣਾਈ ਧਾਰਮਿਕ ਸਜ਼ਾ




