ਪੰਜਾਬ, 09 ਜੂਨ 2026: Punjab Weather News: ਭਾਰਤੀ ਮੌਸਮ ਵਿਭਾਗ (IMD) ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਅੱਜ ਪੰਜਾਬ ਦੇ ਅੱਠ ਜ਼ਿਲ੍ਹਿਆਂ ਲਈ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ ਮੌਸਮ ਖੁਸ਼ਕ ਰਹੇਗਾ। ਇਸ ਸਬੰਧ ਸੂਬੇ ‘ਚ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਦੇ ਮੁਤਾਬਕ, ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ: ਮੁਕਤਸਰ ਸਾਹਿਬ, ਮੋਗਾ, ਬਠਿੰਡਾ,ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਬਰਨਾਲਾ ਅਤੇ ਸੰਗਰੂਰ ‘ਚ ਹੀਟਵੇਵ ਰਹੇਗਾ। ਪਠਾਨਕੋਟ ‘ਚ ਵੀ 44 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਦੌਰਾਨ, ਸੂਬੇ ‘ਚ ਔਸਤ ਵੱਧ ਤੋਂ ਵੱਧ ਤਾਪਮਾਨ 0.9 ਡਿਗਰੀ ਸੈਲਸੀਅਸ ਵਧਿਆ, ਜੋ ਕਿ ਆਮ ਨਾਲੋਂ 2.3 ਡਿਗਰੀ ਵੱਧ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਸ੍ਰੀ ਆਨੰਦਪੁਰ ਸਾਹਿਬ ‘ਚ 44.5 ਡਿਗਰੀ ਸੈਲਸੀਅਸ ਦਰਜ ਕੀਤਾ, ਜਦੋਂ ਕਿ ਚੰਡੀਗੜ੍ਹ ‘ਚ ਵੱਧ ਤੋਂ ਵੱਧ ਤਾਪਮਾਨ 41.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 10 ਜੂਨ ਨੂੰ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣਗੇ। ਹਾਲਾਂਕਿ, 11 ਜੂਨ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ, ਅਤੇ ਕਈ ਇਲਾਕਿਆਂ ‘ਚ ਮੀਂਹ, ਗਰਜ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਗਰਮੀ ਨੇ ਬਿਜਲੀ ਦੀ ਮੰਗ ਵਧਾ ਦਿੱਤੀ ਹੈ। ਸੋਮਵਾਰ ਨੂੰ ਇਹ 14,203 ਮੈਗਾਵਾਟ ਤੱਕ ਪਹੁੰਚ ਗਈ। ਇਹ ਸਥਿਤੀ ਪਹਿਲਾਂ 21 ਮਈ ਨੂੰ ਆਈ ਸੀ, ਜਦੋਂ ਬਿਜਲੀ ਦੀ ਮੰਗ 14,238 ਮੈਗਾਵਾਟ ਸੀ।
ਇਸ ਦੌਰਾਨ, ਬਿਜਲੀ ਬਚਾਉਣ ਲਈ, ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਦੇ ਕੰਮ ਕਰਨ ਦੇ ਸਮੇਂ ਨੂੰ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ 15 ਜੁਲਾਈ ਤੱਕ ਵਧਾ ਦਿੱਤਾ ਹੈ। ਜਦੋਂ ਕਿ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ 30 ਜੂਨ ਤੱਕ ਜਾਰੀ ਹਨ।
Read More: ਮੌਸਮ: ਪੰਜਾਬ ਤੇ ਚੰਡੀਗੜ੍ਹ ‘ਚ ਹੀਟਵੇਵ ਅਲਰਟ ਜਾਰੀ, ਵਿਭਾਗ ਨੇ ਘਰੋਂ ਬਾਹਰ ਨਾ ਨਿਕਲਣ ਦੀ ਦਿੱਤੀ ਸਲਾਹ




