ਮਿਸ਼ਨ ਰੋਜ਼ਗਾਰ

CM ਭਗਵੰਤ ਸਿੰਘ ਮਾਨ ਨੇ ਵੱਖ-ਵੱਖ ਵਿਭਾਗਾਂ ‘ਚ ਭਰਤੀ 818 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਮੋਹਾਲੀ, 12 ਮਾਰਚ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮਿਸ਼ਨ ਰੋਜ਼ਗਾਰ’ ਪਹਿਲਕਦਮੀ ਤਹਿਤ ਅੱਜ ਵੱਖ-ਵੱਖ ਵਿਭਾਗਾਂ ‘ਚ ਭਰਤੀ 818 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ |
ਨਿਯੁਕਤੀ ਪੱਤਰ ਵੰਡ ਸਮਾਗਮ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਅੱਜ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾ ਰਹੇ ਹਨ, ਉਨ੍ਹਾਂ ‘ਚ ਬਿਜਲੀ ਵਿਭਾਗ ‘ਚ 459, ਸਥਾਨਕ ਸਰਕਾਰਾਂ ਵਿਭਾਗ ਵਿੱਚ 215, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ 129 ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ‘ਚ 15 ਪ੍ਰੋਫੈਸਰ ਅਤੇ ਸਹਾਇਕ ਪ੍ਰੋਫੈਸਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਪੰਜਾਬ ਭਰ ‘ਚ ਨੌਜਵਾਨਾਂ ਨੂੰ 65,264 ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਰੋਜ਼ਗਾਰ ਪੈਦਾ ਕਰਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਵਿਭਾਗ ‘ਚ ਇਸ ਵੇਲੇ 1,750 ਹੋਰ ਉਮੀਦਵਾਰਾਂ ਦੀ ਭਰਤੀ ਚੱਲ ਰਹੀ ਹੈ ਅਤੇ ਜੂਨ 2026 ਤੱਕ ਇਹ ਵੀ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ “ਇਹ ਸਾਰੀਆਂ ਨੌਕਰੀਆਂ ਪੂਰੀ ਤਰ੍ਹਾਂ ਯੋਗਤਾ, ਪਾਰਦਰਸ਼ਤਾ ਅਤੇ ਬਿਨਾਂ ਕਿਸੇ ਸਿਫ਼ਾਰਸ਼ ਦੇ ਦਿੱਤੀਆਂ ਗਈਆਂ ਹਨ।

ਮੁੱਖ ਮੰਤਰੀ ਮਾਨ ਨੇ ਸਾਲ 2022 ਤੋਂ ਪਹਿਲਾਂ ਦੀ ਸਥਿਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਪੰਜਾਬ ਦੇ ਨੌਜਵਾਨਾਂ ਨੂੰ ਲਗਾਤਾਰ ਸਰਕਾਰਾਂ ਦੁਆਰਾ ਸਰਕਾਰੀ ਨੌਕਰੀਆਂ ਤੋਂ ਵਾਂਝਾ ਰੱਖਿਆ। ਇਨ੍ਹਾਂ ਨੇ ਸਾਡੀਆਂ ਪੀੜ੍ਹੀਆਂ ਦਾ ਭਵਿੱਖ ਤਬਾਹ ਕਰ ਦਿੱਤਾ | ਉਨ੍ਹਾਂ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਨੌਜਵਾਨਾਂ ਲਈ ਰੋਜ਼ਗਾਰ ਯਕੀਨੀ ਬਣਾਉਣ ਲਈ ਮਿਸ਼ਨ ਰੋਜ਼ਗਾਰ ਸ਼ੁਰੂ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ‘ਚ ਹਰ ਰੋਜ਼ ਸਰਕਾਰੀ ਨੌਕਰੀਆਂ ਲਈ ਕੋਈ ਨਾ ਕੋਈ ਪ੍ਰੀਖਿਆ ਲਈ ਜਾ ਰਹੀ ਹੈ, ਜੋ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੋਲ੍ਹ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਨਾ ਕੋਈ ਅਹਿਸਾਨ ਨਹੀਂ ਹੈ, ਸਗੋਂ ਉਨ੍ਹਾਂ ਦੀ ਪ੍ਰਤਿਭਾ ਅਤੇ ਯੋਗਤਾ ਦੇ ਆਧਾਰ`ਤੇ ਸਹੀ ਮੌਕਾ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਉਹ ਆਪਣੇ ਅਹੁਦਿਆਂ ਦੀ ਵਰਤੋਂ ਲੋੜਵੰਦ ਅਤੇ ਪਛੜੇ ਵਰਗਾਂ ਦੀ ਸਹਾਇਤਾ ਲਈ ਕਰਨਗੇ। ਉਨ੍ਹਾਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਲੋਕਾਈ ਦੀ ਵੱਧ ਤੋਂ ਵੱਧ ਭਲਾਈ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਖ਼ਜ਼ਾਨੇ ਦੇ ਇਕ-ਇਕ ਪੈਸੇ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਹੁਣ ਦਿਨ ਵੇਲੇ ਬਿਜਲੀ ਮਿਲ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਕ ਅਜਿਹੇ ਸਮੇਂ ਜਦੋਂ ਦੇਸ਼ ਦੀਆਂ ਜਾਇਦਾਦਾਂ ਕੇਂਦਰ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਮਾਮੂਲੀ ਕੀਮਤਾਂ `ਤੇ ਸੌਂਪੀਆਂ ਜਾ ਰਹੀਆਂ ਸਨ ਤਾਂ ਉਦੋਂ ਪੰਜਾਬ ਸਰਕਾਰ ਨੇ ਇਕ ਨਿੱਜੀ ਥਰਮਲ ਪਲਾਂਟ ਖਰੀਦ ਕੇ ਇਤਿਹਾਸ ਰਚਿਆ ਹੈ।”

ਮੁੱਖ ਮੰਤਰੀ ਮਾਨ ਨੇ ਔਰਤਾਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ `ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਸਕੀਮ’ ਤਹਿਤ ਜਨਰਲ ਵਰਗ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ, ਜਦੋਂ ਕਿ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,500 ਰੁਪਏ ਵਿੱਤੀ ਸਹਾਇਤਾ ਵਜੋਂ ਮਿਲਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਮ ਲੋਕਾਂ, ਖਾਸ ਕਰ ਕੇ ਗਰੀਬਾਂ ਲਈ 1,000-1,500 ਰੁਪਏ ਮਹੱਤਵਪੂਰਨ ਹਨ।”

ਮੁੱਖ ਮੰਤਰੀ ਨੇ ਟਿੱਪਣੀ ਕੀਤੀ ਕਿ ਜੋ ਲੋਕ ਇਸ ਯੋਜਨਾ ਦਾ ਮਜ਼ਾਕ ਉਡਾ ਰਹੇ ਹਨ ਜਾਂ ਬੇਬੁਨਿਆਦ ਸਵਾਲ ਉਠਾ ਰਹੇ ਹਨ, ਉਹ ਆਮ ਨਾਗਰਿਕਾਂ ਲਈ 1,000 ਰੁਪਏ ਦੀ ਅਹਿਮੀਅਤ ਨੂੰ ਸਮਝਣ ‘ਚ ਨਾਕਾਮ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜੋ ਲੋਕ ਗੈਰ-ਕਾਨੂੰਨੀ ਢੰਗ ਨਾਲ ਕਮਾਏ ਪੈਸੇ ਨਾਲ ਇਕ ਵਾਰ ਦੇ ਖਾਣੇ `ਤੇ 5,000 ਰੁਪਏ ਤੋਂ ਵੱਧ ਖਰਚ ਦਿੰਦੇ ਹਨ, ਉਹ 1,000 ਰੁਪਏ ਦੀ ਕੀਮਤ ਨੂੰ ਨਹੀਂ ਸਮਝ ਸਕਦੇ, ਜੋ ਉਨ੍ਹਾਂ ਲੋਕਾਂ ਲਈ ਵੱਡੀ ਵਿੱਤੀ ਸਹਾਇਤਾ ਹੈ, ਜਿਨ੍ਹਾਂ ਨੂੰ ਤਿਉਹਾਰਾਂ `ਤੇ ਵੀ ਕੰਮ ਕਰਨ ਜਾਣਾ ਪੈਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਸ ਨੂੰ ਵਿਕਾਸ ਭਵਨ ਕਿਹਾ ਜਾਂਦਾ ਹੈ ਪਰ ਇੱਥੋਂ ਵੱਡੀ ਗਿਣਤੀ ਵਿੱਚ ਨੌਕਰੀਆਂ ਮਿਲਣ ਕਾਰਨ ਇਸ ਦਾ ਨਾਮ ‘ਅਪਾਇੰਟਮੈਂਟ ਲੈਟਰ ਭਵਨ` ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਸਕਾਰਾਤਮਕ ਸੰਕੇਤ ਹੈ, ਹੁਣ ਪੰਜਾਬ ‘ਚ ਸਰਕਾਰੀ ਨੌਕਰੀਆਂ ਲੈਣ ਲਈ ਵਿਦੇਸ਼ਾਂ ਤੋਂ ਨੌਜਵਾਨਾਂ ਦੀ ਵਾਪਸੀ ਦਾ ਰੁਝਾਨ ਦੇਖਿਆ ਜਾ ਰਿਹਾ ਹੈ।

ਇਸ ਦੌਰਾਨ ਕਈ ਨਵੇਂ ਭਰਤੀ ਹੋਏ ਉਮੀਦਵਾਰਾਂ ਨੇ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਨਾਭਾ ਤੋਂ ਜਗਜੀਤ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਢਿੱਲੇ ਰਵੱਈਏ ਕਾਰਨ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲਣ ਦੀ ਉਮੀਦ ਖ਼ਤਮ ਹੋ ਗਈ ਸੀ ਪਰ ‘ਆਪ` ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਉਮੀਦ ਮਿਲੀ। ਫਿਰੋਜ਼ਪੁਰ ਤੋਂ ਤਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਨੌਕਰੀ ਸਬੰਧੀ ਫੋਨ ਆਇਆ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਡਰ ਸੀ ਕਿ ਉਨ੍ਹਾਂ ਨੂੰ ਰਿਸ਼ਵਤ ਦੇਣੀ ਪਵੇਗੀ ਪਰ ਉਸ ਨੇ ਇਕ ਵੀ ਪੈਸਾ ਖਰਚੇ ਬਿਨਾਂ ਨੌਕਰੀ ਪ੍ਰਾਪਤ ਕੀਤੀ।

ਮਲੇਰਕੋਟਲਾ ਦੀ ਗੁਰਪ੍ਰੀਤ ਕੌਰ, ਜੋ ਇਸ ਸਮੇਂ ਡਿਪਟੀ ਕਮਿਸ਼ਨਰ ਦਫ਼ਤਰ ‘ਚ ਕੰਮ ਕਰ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਉਸ ਨੇ ਹੁਣ ਮੈਰਿਟ ਆਧਾਰ `ਤੇ ਸਹਿਕਾਰੀ ਇੰਸਪੈਕਟਰ ਵਜੋਂ ਦੂਜੀ ਨੌਕਰੀ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਜਲੰਧਰ ਦੇ ਦਿਨੇਸ਼ ਬੱਤਰਾ ਨੇ ਕਿਹਾ ਕਿ ਉਸ ਨੇ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਪੀ.ਐਸ.ਪੀ.ਸੀ.ਐਲ. ‘ਚ ਏ.ਜੇ.ਐਸ. ਮਕੈਨੀਕਲ ਵਜੋਂ ਆਪਣੀ ਦੂਜੀ ਨੌਕਰੀ ਪ੍ਰਾਪਤ ਕੀਤੀ ਹੈ।

ਤਲਵਾੜਾ ਦੇ ਇਸ਼ਾਨ ਚੌਧਰੀ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਦਾ ਮੈਂਬਰ ਹੈ, ਜਿਸ ਨੂੰ ਪੀ.ਐਸ.ਪੀ.ਸੀ.ਐਲ. ‘ਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਪਟਿਆਲਾ ਤੋਂ ਸੁਖਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਇਕ ਮਹੀਨੇ ਬਾਅਦ ਕੈਨੇਡਾ ਤੋਂ ਵਾਪਸ ਆ ਗਿਆ ਸੀ ਅਤੇ ਹੁਣ ਉਸ ਨੇ ਪੀ.ਐਸ.ਪੀ.ਸੀ.ਐਲ. ਵਿੱਚ ਆਪਣੀ ਦੂਜੀ ਨੌਕਰੀ ਪ੍ਰਾਪਤ ਕੀਤੀ ਹੈ।

ਪਟਿਆਲਾ ਦੇ ਪਿੰਡ ਭੂਤਗੜ੍ਹ ਦੇ ਧਰਮਿੰਦਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਇੱਟਾਂ ਦੇ ਭੱਠੇ `ਤੇ ਮਜ਼ਦੂਰ ਵਜੋਂ ਕੰਮ ਕਰਦਾ ਸੀ ਪਰ ਹੁਣ ਇਕ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਡਾ. ਨਵਜੋਤ ਸਿੰਘ ਮਾਨ ਨੇ ਖੁਲਾਸਾ ਕੀਤਾ ਕਿ ਦੰਦਾਂ ਦੇ ਡਾਕਟਰਾਂ ਨੂੰ 36 ਸਾਲਾਂ ਦੇ ਵਕਫ਼ੇ ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲੀਆਂ ਹਨ। ਇਸ ਤੋਂ ਪਹਿਲਾਂ ਦੰਦਾਂ ਦੇ ਡਾਕਟਰਾਂ ਦਾ ਆਖਰੀ ਬੈਚ 1990 ‘ਚ ਭਰਤੀ ਕੀਤਾ ਗਿਆ ਸੀ। ਉਮੀਦਵਾਰਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿ ਉਹ ਸਿਰਫ਼ ਮੈਰਿਟ ਅਤੇ ਪਾਰਦਰਸ਼ਤਾ ਦੇ ਆਧਾਰ `ਤੇ ਸਰਕਾਰੀ ਨੌਕਰੀਆਂ ਪ੍ਰਦਾਨ ਕਰ ਰਹੇ ਹਨ।

Read More: MP ਸਤਨਾਮ ਸਿੰਘ ਸੰਧੂ ਨੇ ਸੰਸਦ ‘ਚ ਸ੍ਰੀ ਹਰਿਮੰਦਰ ਸਾਹਿਬ ਸਥਿਤ ਸਿੱਖ ਲਾਇਬ੍ਰੇਰੀ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਚੁੱਕਿਆ ਮੁੱਦਾ

ਵਿਦੇਸ਼

Scroll to Top