ਬਸਤੀ ਹਜ਼ੂਰ ਸਕੂਲ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸਬ ਵੱਲੋਂ ਫਾਜ਼ਿਲਕਾ ਦੇ ਬਸਤੀ ਹਜ਼ੂਰ ਸਕੂਲ ਦੇ ਮੁੜ ਨਿਰਮਾਣ ਦੇ ਹੁਕਮ

ਫਾਜ਼ਿਲਕਾ, 22 ਫਰਵਰੀ 2026: ਫਾਜ਼ਿਲਕਾ ਦੇ ਬਸਤੀ ਹਜ਼ੂਰ ‘ਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਮਾੜੀ ਹਾਲਤ ਸੰਬੰਧੀ ਨੋਟਿਸ ‘ਚ ਆਉਣ ਦੇ ਤੁਰੰਤ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਕੂਲ ਦੀ ਇਮਾਰਤ ਦੀ ਨਵੇਂ ਸਿਰਿਓਂ ਉਸਾਰੀ ਕਰਨ ਦੇ ਹੁਕਮ ਦਿੱਤੇ ਹਨ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤੁਰੰਤ ਕਾਰਵਾਈ ਕਰਦਿਆਂ ਸਕੂਲ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਕਰਨ ਦੇ ਨਿਰਦੇਸ਼ ਦਿੱਤੇ ਅਤੇ ਭਰੋਸਾ ਦਿੱਤਾ ਕਿ ਸਕੂਲ ਦੀ ਨਵੀਂ ਇਮਾਰਤ 6 ਮਹੀਨਿਆਂ ਦੇ ਅੰਦਰ ਪੂਰੀ ਹੋ ਜਾਵੇਗੀ, ਇਸਦੀ ਉਹ ਨਿੱਜੀ ਤੌਰ ‘ਤੇ ਨਿਗਰਾਨੀ ਕਰਨਗੇ।

ਇਸ ਮਾਮਲੇ ਬਾਰੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਸਤੀ ਹਜ਼ੂਰ ‘ਚ ਸਰਕਾਰੀ ਸਕੂਲ ਦੀ ਮਾੜੀ ਹਾਲਤ ਬਾਰੇ ਕੱਲ੍ਹ ਮੇਰੇ ਧਿਆਨ ‘ਚ ਲਿਆਂਦਾ। ਉਨ੍ਹਾਂ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਦੇ ਨਿਰਦੇਸ਼ ਦੇ ਦਿੱਤੇ ਹਨ ਅਤੇ ਮੈਂ ਖੁਦ ਜਾ ਕੇ ਸਕੂਲ ਦੀ ਸਥਿਤੀ ਦਾ ਨਿਰੀਖਣ ਕਰਾਂਗਾ। ਉਨ੍ਹਾਂ ਕਿਹਾ ਕਿ ਇਸ ਸਕੂਲ ਕੋਲ ਅਗਲੇ 6 ਮਹੀਨਿਆਂ ਦੇ ਅੰਦਰ ਇੱਕ ਨਵੀਂ ਇਮਾਰਤ ਹੋਵੇਗੀ |

ਸੂਬੇ ਦੇ ਸਕੂਲੀ ਬੁਨਿਆਦੀ ਢਾਂਚੇ ‘ਚ ਵਿਆਪਕ ਸੁਧਾਰਾਂ ਬਾਰੇ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਲਗਭੱਗ 20,000 ਸਰਕਾਰੀ ਸਕੂਲ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਸਕੂਲ ਸਾਨੂੰ ਪਿਛਲੀਆਂ ਸਰਕਾਰਾਂ ਦੀ ਦਹਾਕਿਆਂ ਦੀ ਅਣਗਹਿਲੀ ਕਰਕੇ ਪੂਰੀ ਤਰ੍ਹਾਂ ਖਸਤਾ ਹਾਲਤ ‘ਚ ਵਿਰਾਸਤ ‘ਚ ਮਿਲੇ।

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਕੁਝ ਸਾਲਾਂ ‘ਚ ਸੈਂਕੜੇ ਅਜਿਹੇ ਸਕੂਲਾਂ ਦੀ ਨੁਹਾਰ ਬਦਲੀ ਹੈ ਅਤੇ ਇਹ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਸਾਰੇ 20,000 ਸਕੂਲਾਂ ਦੀ ਕਾਇਆਕਲਪ ਕਰਨ ਦੇ ਮਿਸ਼ਨ ‘ਤੇ ਹਾਂ ਅਤੇ ਪੰਜਾਬ ਸਰਕਾਰ ਪੂਰੀ ਵਚਨਬੱਧਤਾ ਅਤੇ ਪਾਰਦਰਸ਼ਤਾ ਨਾਲ ਇਸ ਟੀਚੇ ਵੱਲ ਲਗਾਤਾਰ ਅੱਗੇ ਵਧ ਰਹੀ ਹੈ।

Read More: ਹਰਜੋਤ ਸਿੰਘ ਬੈਂਸ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ‘ਤੇ ਪੰਜਾਬੀਆਂ ਨੂੰ ਦਿੱਤੀ ਵਧਾਈ

ਵਿਦੇਸ਼

Scroll to Top