ਚੰਡੀਗੜ੍ਹ, 22 ਫਰਵਰੀ, 2026: ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ‘ਤੇ ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਨੂੰ ਸਿੱਖਿਆ, ਸੰਚਾਰ, ਸੱਭਿਆਚਾਰਕ ਸੰਭਾਲ ਅਤੇ ਟਿਕਾਊ ਵਿਕਾਸ ‘ਚ ਮਾਤ ਭਾਸ਼ਾ ਦੀ ਮਹੱਤਵਪੂਰਨ ਭੂਮਿਕਾ ਦਾ ਹਵਾਲਾ ਦਿੰਦੇ ਹੋਏ, ਆਪਣੇ ਰੋਜ਼ਾਨਾ ਜੀਵਨ ‘ਚ ਮਾਂ ਬੋਲੀ ਪੰਜਾਬੀ ਨੂੰ ਅਪਣਾਉਣ ਦੀ ਅਪੀਲ ਕੀਤੀ।
ਲੋਕਾਂ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਹਰਜੋਤ ਸਿੰਘ ਬੈਂਸ ਨੇ ਦੇ ਕੇ ਕਿਹਾ ਕਿ ਸਾਰੀਆਂ ਭਾਸ਼ਾਵਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ ਅਤੇ ਸੰਭਾਲ ਲਈ ਪੰਜਾਬ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ।
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਹਰ ਕੋਨੇ ‘ਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਸਤਿਕਾਰ ਨੂੰ ਯਕੀਨੀ ਬਣਾਉਣ ਲਈ, ਭਾਸ਼ਾ ਵਿਭਾਗ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ‘ਤੇ ਪੰਜਾਬ ਭਰ ‘ਚ 13 ਸਮਾਗਮ ਕੀਤੇ ਹਨ। ਇਨ੍ਹਾਂ ਸਮਾਗਮਾਂ ‘ਚ ਕਵੀ ਦਰਬਾਰ, ਨਾਟਕ, ਭਾਸ਼ਾ ਸੈਮੀਨਾਰ, ਵਿਦਿਆਰਥੀ ਭਾਸ਼ਣ ਮੁਕਾਬਲੇ ਅਤੇ ਸਾਹਿਤਕ ਚਰਚਾ ਸ਼ਾਮਲ ਹਨ।
ਪੰਜਾਬ ਸਰਕਾਰ ਵੱਲੋਂ ਮਾਂ ਬੋਲੀ ਨੂੰ ਸੰਭਾਲਣ ਅਤੇ ਦੁਨੀਆ ਭਰ ‘ਚ ਇਸ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਅਨੇਕਾਂ ਯਤਨਾਂ ਨੂੰ ਉਜਾਗਰ ਕਰਦਿਆਂ, ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬੀ ਸਾਹਿਤ ਨੂੰ ਆਪਣਾ ਜੀਵਨ ਸਮਰਪਿਤ ਕਰਨ ਵਾਲਿਆਂ ਦਾ ਸਨਮਾਨ ਕਰਨ ਲਈ, ਵਿਭਾਗ ਲੋੜਵੰਦ ਲੇਖਕਾਂ, ਸਾਹਿਤਕਾਰਾਂ ਅਤੇ ਉਨ੍ਹਾਂ ਦੇ ਆਸ਼ਰਿਤ ਪਰਿਵਾਰਾਂ ਨੂੰ 15,000 ਰੁਪਏ ਦੀ ਮਾਸਿਕ ਪੈਨਸ਼ਨ/ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ, ਵਿਭਾਗ ਨੇ ਸਾਲ 2025 ਲਈ ਸਰਵੋਤਮ ਸਾਹਿਤਕ ਪੰਜਾਬੀ ਕਿਤਾਬ ਪੁਰਸਕਾਰ ਯੋਜਨਾ ਤਹਿਤ ਵੱਖ-ਵੱਖ ਸ਼੍ਰੇਣੀਆਂ ‘ਚ 10 ਪੁਰਸਕਾਰ ਪੇਸ਼ ਕੀਤੇ ਹਨ। ਵਿਭਾਗ ਨੇ 11 ਪੰਜਾਬੀ ਸਾਹਿਤਕ ਸਭਾਵਾਂ ਨੂੰ ਮਾਤ ਭਾਸ਼ਾ ਦੇ ਪ੍ਰਚਾਰ ਲਈ ਸਮਰਪਿਤ ਸਮਾਗਮਾਂ ਦਾ ਆਯੋਜਨ ਕਰਨ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ‘ਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਪੈਦਾ ਕਰਨ ਦੇ ਯਤਨ ਵਜੋਂ, ਵਿਭਾਗ ਨੇ 20 ਜ਼ਿਲ੍ਹਾ ਭਾਸ਼ਾ ਦਫ਼ਤਰਾਂ ‘ਚ ਪੰਜਾਬੀ ਸਾਹਿਤਕ ਸਿਰਜਣਾ ਅਤੇ ਕਵਿਤਾ ਪਾਠ ਮੁਕਾਬਲੇ ਕਰਵਾਏ ਹਨ। ਇਸ ਤੋਂ ਇਲਾਵਾ, ਸੂਬੇ ਭਰ ‘ਚ ਪੰਜਾਬੀ ਬਾਲ ਸਾਹਿਤ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਫਾਈਨਲ ਮੋਗਾ ‘ਚ ਹੋਇਆ ਅਤੇ ਜੇਤੂਆਂ ਨੂੰ ਭਾਸ਼ਾਈ ਉੱਤਮਤਾ ਲਈ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹੋਏ ਵੱਖ-ਵੱਖ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਵਿਭਾਗ ਦੇ ਸਾਲ ਭਰ ;ਚ ਹੋਣ ਵਾਲੇ ਵੱਖ-ਵੱਖ ਸਾਹਿਤਕ ਸਮਾਗਮਾਂ ;ਚ ਸਾਹਿਤਕ ਹਸਤੀਆਂ ਨਾਲ ਪੰਜ “ਰੂ-ਬ-ਰੂ” ਪ੍ਰੋਗਰਾਮ, “ਕਹਾਣੀ ਦਰਬਾਰ”, “ਸਾਵਨ ਕਵੀ ਦਰਬਾਰ” ਅਤੇ ਨਵਾਂਸ਼ਹਿਰ ‘ਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਸ਼ਾਮਲ ਹਨ। ਵਿਭਾਗ ਨੇ ਤਿੰਨ-ਭਾਸ਼ੀ ਕਵਿਤਾ ਪਾਠ, ਉਰਦੂ ਮੁਸ਼ਾਇਰੇ, ਹਿੰਦੀ ਦਿਵਸ ਅਤੇ ਸੰਸਕ੍ਰਿਤ ਦਿਵਸ ਵਰਗੇ ਸਮਾਗਮਾਂ ਦਾ ਆਯੋਜਨ ਕਰਕੇ ਭਾਸ਼ਾਈ ਵਿਭਿੰਨਤਾ ਦਾ ਜਸ਼ਨ ਵੀ ਮਨਾਇਆ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਨ੍ਹਾਂ ਯਤਨਾਂ ‘ਚ ਸ੍ਰੀ ਫਤਿਹਗੜ੍ਹ ਸਾਹਿਬ ‘ਚ ਇਤਿਹਾਸਕ ਸ਼ਹੀਦ ਜੋੜ ਮੇਲੇ ‘ਚ ਧਾਰਮਿਕ ਕਵਿਤਾ ਮੁਕਾਬਲੇ ਕਰਵਾਉਣਾ ਸ਼ਾਮਲ ਸੀ।
ਨਵੰਬਰ 2025 ਦਾ ਮਹੀਨਾ “ਪੰਜਾਬੀ ਮਹੀਨੇ” ਵਜੋਂ ਸਮਰਪਿਤ ਸੀ, ਜਿਸ ‘ਚ ਲੋਕਾਂ ਨੂੰ ਉਨ੍ਹਾਂ ਦੀਆਂ ਭਾਸ਼ਾਈ ਜੜ੍ਹਾਂ ਨਾਲ ਜੋੜਨ ਲਈ ਸੂਬੇ ਭਰ ‘ਚ 10 ਪ੍ਰਮੁੱਖ ਸਮਾਗਮ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਵਿਭਾਗ ਨੇ ਆਪਣੀ ਲਾਇਬ੍ਰੇਰੀ ‘ਚ ਉਪਲਬੱਧ 1.25 ਲੱਖ ਕਿਤਾਬਾਂ ਨੂੰ ਡਿਜੀਟਾਈਜ਼ ਕਰਨ ਲਈ ਇੱਕ ਵੱਡੇ ਪੱਧਰ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸ ‘ਚ ਪੰਜਾਬੀ, ਹਿੰਦੀ, ਉਰਦੂ, ਸੰਸਕ੍ਰਿਤ ਅਤੇ ਅੰਗਰੇਜ਼ੀ ਸ਼ਾਮਲ ਹਨ। ਇਹ ਪਹਿਲ ਦੁਨੀਆ ਭਰ ਦੇ ਪਾਠਕਾਂ ਨੂੰ ਕਲਾਸਿਕ ਅਤੇ ਸਮਕਾਲੀ ਸਾਹਿਤ ਤੱਕ ਡਿਜੀਟਲ ਪਹੁੰਚ ਪ੍ਰਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ, ਪਰੰਪਰਾ ਅਤੇ ਤਕਨਾਲੋਜੀ ਵਿਚਲੇ ਪਾੜੇ ਨੂੰ ਪੂਰਾ ਕਰਦੇ ਹੋਏ, ਵਿਭਾਗ ਦੀ ਵੈੱਬਸਾਈਟ ਪਹਿਲਾਂ ਹੀ ਪੰਜਾਬੀ ‘ਚ ਵਿਸ਼ਵ ਕਲਾਸਿਕ ਸਾਹਿਤ ਤੱਕ ਪਹੁੰਚ ਪ੍ਰਦਾਨ ਕਰਦੀ ਹੈ, ਨਾਲ ਹੀ ਸ਼ਬਦਕੋਸ਼ਾਂ ਅਤੇ ਸ਼ਬਦਾਵਲੀ ਦੇ ਭੰਡਾਰ ਵੀ ਹਨ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ ਹੈ, ਇਹ ਸਾਡੀ ਪਛਾਣ ਹੈ। ਸਾਡੇ ਲੇਖਕਾਂ ਦੇ ਪਰਿਵਾਰਾਂ ਦੀ ਸਹਾਇਤਾ ਤੋਂ ਲੈ ਕੇ 1.25 ਲੱਖ ਕਿਤਾਬਾਂ ਨੂੰ ਔਨਲਾਈਨ ਪਾਉਣ ਤੱਕ, ਸਾਡੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ ‘ਤੇ ਸੁਰੱਖਿਅਤ ਰੱਖਿਆ ਜਾਵੇ ਅਤੇ ਉਤਸ਼ਾਹਿਤ ਕੀਤਾ ਜਾਵੇ।
Read More: ਆਪ’ ਆਗੂਆਂ ਨੇ ਅੰਮ੍ਰਿਤਸਰ ‘ਚ ਹਰਿਆਣਾ ਦੇ CM ਨਾਇਬ ਸਿੰਘ ਸੈਣੀ ਨੂੰ ਦਿਖਾਏ ਕਾਲੇ ਝੰਡੇ




