ਮਹਾਰਾਸ਼ਟਰ , 31 ਜਨਵਰੀ 2026: ਮਹਾਰਾਸ਼ਟਰ ਵਿਧਾਨ ਸਭਾ ‘ਚ ਐਨਸੀਪੀ ਵਿਧਾਇਕ ਦਲ ਦੀ ਬੈਠਕ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਬੈਠਕ ‘ਚ ਸਾਰੇ ਐਨਸੀਪੀ ਆਗੂ ਮੌਜੂਦ ਸਨ, ਜਿੱਥੇ ਪਾਰਟੀ ਨੇ ਮਰਹੂਮ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਅਤੇ ਰਾਜ ਸਭਾ ਮੈਂਬਰ ਸੁਨੇਤਰਾ ਪਵਾਰ (Sunetra Pawar)ਨੂੰ ਪਾਰਟੀ ਵਿਧਾਇਕ ਦਲ ਦਾ ਆਗੂ ਚੁਣਿਆ।
ਰਿਪੋਰਟਾਂ ਮੁਤਾਬਕ ਐਨਸੀਪੀ ਆਗੂ ਦਿਲੀਪ ਵਲਸੇ ਨੇ ਉਨ੍ਹਾਂ ਦਾ ਨਾਮ ਪ੍ਰਸਤਾਵਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਬੈਠਕ ਤੋਂ ਪਹਿਲਾਂ, ਸਾਰੇ ਆਗੂਆਂ ਨੇ ਅਜੀਤ ਪਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੀ ਰਾਜ ਸਭਾ ਮੈਂਬਰ ਸੁਨੇਤਰਾ ਪਵਾਰ ਸ਼ਨੀਵਾਰ ਸ਼ਾਮ 5 ਵਜੇ ਲੋਕ ਭਵਨ ‘ਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਸੁਨੇਤਰਾ ਨੇ ਆਪਣੇ ਰਾਜ ਸਭਾ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 28 ਜਨਵਰੀ ਨੂੰ ਬਾਰਾਮਤੀ ‘ਚ ਇੱਕ ਜਹਾਜ਼ ਹਾਦਸੇ ‘ਚ ਅਜੀਤ ਪਵਾਰ ਦੀ ਮੌਤ ਤੋਂ ਬਾਅਦ ਉਪ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੋ ਗਿਆ ਸੀ।
ਉਹ ਆਪਣੇ ਮਰਹੂਮ ਪਤੀ ਅਤੇ ਪਾਰਟੀ ਮੁਖੀ ਅਜੀਤ ਪਵਾਰ ਦੀ ਜਗ੍ਹਾ ਲੈਣਗੇ। ਇਹ ਜਾਣਕਾਰੀ ਲੋਕ ਭਵਨ ਦੁਆਰਾ ਸਾਂਝੀ ਕੀਤੀ ਗਈ। ਰਿਪੋਰਟਾਂ ਅਨੁਸਾਰ, ਰਾਜਪਾਲ ਆਚਾਰੀਆ ਦੇਵਵ੍ਰਤ, ਜੋ ਇਸ ਸਮੇਂ ਮਸੂਰੀ ‘ਚ ਹਨ, ਸ਼ਾਮ 4 ਵਜੇ ਮੁੰਬਈ ਪਹੁੰਚਣਗੇ।
ਉਹ ਰਾਜ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸ਼ਨੀਵਾਰ ਸਵੇਰੇ ਬਾਰਾਮਤੀ ਤੋਂ ਮੁੰਬਈ ਪਹੁੰਚਣ ਤੋਂ ਬਾਅਦ, ਉਨ੍ਹਾਂ ਨੇ ਪਾਰਟੀ ਆਗੂਆਂ ਨਾਲ ਗੱਲਬਾਤ ਕੀਤੀ ਸੀ। ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਮਹਾਯੁਤੀ ਸਰਕਾਰ ‘ਚ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਅਜੀਤ ਪਵਾਰ ਦੀ 28 ਜਨਵਰੀ ਨੂੰ ਚਾਰ ਹੋਰਾਂ ਸਮੇਤ ਬਾਰਾਮਤੀ ‘ਚ ਇੱਕ ਜਹਾਜ਼ ਹਾਦਸੇ ‘ਚ ਮੌਤ ਹੋ ਗਈ ਸੀ।
Read More: ਮਹਾਰਾਸ਼ਟਰ ‘ਚ ਅਜੀਤ ਪਵਾਰ ਦੀ ਪਤਨੀ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਚਰਚਾ ਤੇਜ਼




