ਪੰਜਾਬ ਸਿੱਖਿਆ ਕ੍ਰਾਂਤੀ

ਪੰਜਾਬ ਸਰਕਾਰ ਨੇ ਲਗਭੱਗ 600 ਸਰਕਾਰੀ ਸਕੂਲਾਂ ‘ਚ ਬੁਨਿਆਦੀ ਢਾਂਚੇ ਨੂੰ ਕੀਤਾ ਅਪਗ੍ਰੇਡ

ਚੰਡੀਗੜ੍ਹ, 10 ਨਵੰਬਰ 2026: ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਪਹਿਲਕਦਮੀ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ 27 ਅਕਤੂਬਰ ਤੋਂ 14 ਨਵੰਬਰ, 2026 ਤੱਕ ਸੂਬੇ ਭਰ ‘ਚ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਸਬੰਧੀ ਮੁਹਿੰਮ ਚਲਾਈ ਹੈ। ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਵੱਡੇ ਪੱਧਰ `ਤੇ ਕਦਮ ਚੁੱਕੇ ਹਨ ਤਾਂ ਜੋ ਸਰਕਾਰੀ ਸਕੂਲਾਂ ਨੂੰ ਆਧੁਨਿਕ, ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਅਤੇ ਵਿਦਿਆਰਥੀ ਪੱਖੀ ਲਰਨਿੰਗ ਸਥਾਨ ਬਣਾਇਆ ਜਾ ਸਕੇ।

ਸਰਕਾਰ ਦੀ ਇਸ ਮੁਹਿੰਮ ਦੇ ਹਿੱਸੇ ਵਜੋਂ ਲਗਭੱਗ 600 ਸਰਕਾਰੀ ਸਕੂਲਾਂ ‘ਚ ਅਪਗ੍ਰੇਡ ਕੀਤੇ ਗਏ ਬੁਨਿਆਦੀ ਢਾਂਚੇ ਦਾ ਉਦਘਾਟਨ ਕੀਤਾ, ਜਿਸ ਨਾਲ 2 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਮਿਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਮੁਤਾਬਕ ਸਰਕਾਰ ਸਰਕਾਰੀ ਸਕੂਲਾਂ ਨੂੰ ਅਜਿਹੀਆਂ ਸੰਸਥਾਵਾਂ ‘ਚ ਬਦਲਣ ਲਈ ਵਚਨਬੱਧ ਹੈ, ਜਿਨ੍ਹਾਂ `ਤੇ ਬੱਚੇ ਅਤੇ ਮਾਪੇ ਮਾਣ ਕਰ ਸਕਣ। ਬੁਨਿਆਦੀ ਢਾਂਚੇ ‘ਚ ਕੀਤੇ ਜਾ ਰਹੇ ਇਹ ਸੁਧਾਰ ਉਸੇ ਸੁਪਨੇ ਨੂੰ ਸਾਕਾਰ ਕਰਨ ਵੱਲ ਅਹਿਮ ਕਦਮ ਹੈ।”

ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਸਬੰਧੀ ਕੰਮਾਂ ‘ਚ ਵਾਧੂ ਕਲਾਸਰੂਮਾਂ, ਸਾਇੰਸ ਲੈਬਾਂ, ਲਾਇਬ੍ਰੇਰੀਆਂ, ਕਲਾ ਅਤੇ ਸ਼ਿਲਪਕਾਰੀ ਰੂਮ ਅਤੇ ਹੋਰ ਜ਼ਰੂਰੀ ਸਕੂਲੀ ਸਹੂਲਤਾਂ ਦੀ ਉਸਾਰੀ ਅਤੇ ਨਵੀਨੀਕਰਨ ਸ਼ਾਮਲ ਹੈ, ਜਿਸ ਦਾ ਉਦੇਸ਼ ਸਿੱਖਿਆ ਤੱਕ ਆਸਾਨ ਪਹੁੰਚ ਅਤੇ ਮਿਆਰੀ ਸਿੱਖਿਆ ਯਕੀਨੀ ਬਣਾਉਣਾ ਹੈ।

ਵੱਖ-ਵੱਖ ਜ਼ਿਲ੍ਹਿਆਂ ‘ਚ ਉਦਘਾਟਨੀ ਸਮਾਗਮ ਸ਼ੁਰੂ ਹੋ ਗਏ ਹਨ, ਜਿਨ੍ਹਾਂ ‘ਚ ਕੈਬਨਿਟ ਮੰਤਰੀਆਂ, ਵਿਧਾਇਕਾਂ, ਸਥਾਨਕ ਨੁਮਾਇੰਦਿਆਂ, ਭਾਈਚਾਰਕ ਆਗੂਆਂ, ਸਕੂਲ ਪ੍ਰਬੰਧਨ ਕਮੇਟੀਆਂ ਅਤੇ ਮਾਪਿਆਂ ਵੱਲੋਂ ਸਰਗਰਮ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸਕੂਲਾਂ ‘ਚ ਸੁਰੱਖਿਅਤ ਅਤੇ ਸਹੂਲਤਾਂ ਨਾਲ ਭਰਪੂਰ ਮਾਹੌਲ ਸਿਰਜ ਕੇ ਸਰਕਾਰ ਵਿਦਿਆਰਥੀਆਂ ਦੀ ਹਾਜ਼ਰੀ, ਉਨ੍ਹਾਂ ਦੀ ਸ਼ਮੂਲੀਅਤ ਅਤੇ ਸਿੱਖਣ ਦੇ ਸਮੁੱਚੇ ਤਜਰਬੇ ਨੂੰ ਬਿਹਤਰ ਬਣਾਏਗੀ।

ਮਾਨਸਾ ਦੇ ਜੀ.ਐਸ.ਐਸ.ਐਸ. ਰੰਘੜਿਆਲ ਦੇ ਅਧਿਆਪਕ ਅਮਰਜੀਤ ਸਿੰਘ ਚਾਹਲ ਦਾ ਕਹਿਣਾ ਹੈ ਕਿ, “ਕਲਾਸਰੂਮਾਂ, ਲੈਬਾਂ ਅਤੇ ਸਕੂਲਾਂ ‘ਚ ਸੁਧਾਰ ਹੋਣ ਨਾਲ ਅਸੀਂ ਪਾਠਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣ ਦੇ ਯੋਗ ਹੋਏ ਹਾਂ। ਵਿਦਿਆਰਥੀ ਪੜ੍ਹਾਈ ‘ਚ ਵਧੇਰੇ ਦਿਲਚਸਪੀ ਲੈ ਰਹੇ ਹਨ ਅਤੇ ਅਸੀਂ ਅਧਿਆਪਨ ਅਤੇ ਸਿੱਖਣ ਦੀ ਪ੍ਰਕਿਰਿਆ `ਤੇ ਬਿਹਤਰ ਢੰਗ ਨਾਲ ਧਿਆਨ ਕੇਂਦਰਿਤ ਕਰ ਸਕਦੇ ਹਾਂ।”

ਫਾਜ਼ਿਲਕਾ ਦੇ ਜੀ.ਪੀ.ਐਸ. ਚੰਨਣਵਾਲਾ ਦੇ ਅਧਿਆਪਕ ਲਵਜੀਤ ਗਰੇਵਾਲ ਨੇ ਕਿਹਾ, “ਬੁਨਿਆਦੀ ਢਾਂਚੇ ‘ਚ ਤਬਦੀਲੀ ਸਦਕਾ ਸਕੂਲਾਂ ‘ਚ ਬੱਚਿਆਂ ਦੀ ਆਮਦ ਵਧ ਰਹੀ ਹੈ। ਇਸ ਨਾਲ ਹਾਜ਼ਰੀ ‘ਚ ਸੁਧਾਰ ਹੋਇਆ ਹੈ ਅਤੇ ਬੱਚਿਆਂ ਲਈ ਸਿੱਖਣ ਵਾਸਤੇ ਵਧੇਰੇ ਸਕਾਰਾਤਮਕ ਦਾ ਮਾਹੌਲ ਸਿਰਜਿਆ ਗਿਆ ਹੈ।”

ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਭਗਵੰਤ ਮਾਨ ਸਰਕਾਰ ਸੁਰੱਖਿਅਤ ਅਤੇ ਵਿਦਿਆਰਥੀ-ਅਨੁਕੂਲ ਸਿੱਖਣ ਦਾ ਮਾਹੌਲ ਯਕੀਨੀ ਬਣਾਉਂਦੇ ਹੋਏ ਕਲਾਸਰੂਮਾਂ, ਲੈਬਾਂ, ਲਾਇਬ੍ਰੇਰੀਆਂ ਅਤੇ ਹੋਰ ਜ਼ਰੂਰੀ ਸਕੂਲੀ ਸਹੂਲਤਾਂ ਨੂੰ ਅਪਗ੍ਰੇਡ ਕਰਨ `ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗੀ। ਇਸ ਪਹਿਲਕਦਮੀ ਤਹਿਤ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਲਈ ਮਾਪਿਆਂ, ਸਕੂਲ ਪ੍ਰਬੰਧਨ ਕਮੇਟੀਆਂ ਅਤੇ ਸਥਾਨਕ ਆਗੂਆਂ ਦੀ ਸ਼ਮੂਲੀਅਤ `ਤੇ ਵੀ ਜ਼ੋਰ ਦਿੱਤਾ ਗਿਆ ਹੈ। ਬੁਨਿਆਦੀ ਢਾਂਚੇ ‘ਚ ਸੁਧਾਰ ਵਿਦਿਆਰਥੀਆਂ ਦੀ ਬਿਹਤਰ ਹਾਜ਼ਰੀ, ਸ਼ਮੂਲੀਅਤ ਅਤੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਂਦਾ ਹੈ।

Read More: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਹਤ ਵਿਭਾਗ ਦੇ 11 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਵਿਦੇਸ਼

Scroll to Top