ਚੰਡੀਗੜ੍ਹ, 10 ਨਵੰਬਰ 2026: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬਾ ਸਰਕਾਰ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ‘ਚ ਵੱਖ-ਵੱਖ ਕਾਡਰਾਂ ‘ਚ ਤਰਸ ਦੇ ਆਧਾਰ ‘ਤੇ ਭਰਤੀ ਕੀਤੇ 11 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਇਨ੍ਹਾਂ ਨਵ-ਨਿਯੁਕਤ ਉਮੀਦਵਾਰਾਂ ‘ਚ 5 ਕਲਰਕ, 3 ਸੇਵਾਦਾਰ, 2 ਵਾਰਡ ਅਟੈਂਡੈਂਟ ਅਤੇ ਇੱਕ ਮੈਡੀਕਲ ਲੈਬਾਰਟਰੀ ਤਕਨੀਸ਼ੀਅਨ ਗ੍ਰੇਡ-2 ਸ਼ਾਮਲ ਹਨ। ਕਲਰਕ ਦੀਆਂ ਪੋਸਟਾਂ ‘ਤੇ ਨਿਯੁਕਤ ਹੋਣ ਵਾਲਿਆਂ ‘ਚ ਪ੍ਰਥਮਦੀਪ ਸਿੰਘ, ਰੇਨੂੰ ਬਾਲਾ, ਰੀਤੂ, ਦਿਵਜੋਤ ਅਤੇ ਕਮਲਜੀਤ ਕੌਰ ਸ਼ਾਮਲ ਹਨ। ਗਗਨਦੀਪ ਕੌਰ ਨੂੰ ਮੈਡੀਕਲ ਲੈਬਾਰਟਰੀ ਤਕਨੀਸ਼ੀਅਨ ਗ੍ਰੇਡ-2 ਵਜੋਂ ਨਿਯੁਕਤੀ ਮਿਲੀ ਹੈ। ਇਸਦੇ ਨਾਲ ਹੀ ਮਧੂ, ਸਾਹਿਲ ਅਤੇ ਹਰਗੁਰਲਾਲ ਸਿੰਘ ਨੂੰ ਸੇਵਾਦਾਰ ਅਤੇ ਅਨੁਜ ਠਾਕੁਰ ਤੇ ਜਤਿੰਦਰ ਕੌਰ ਨੂੰ ਵਾਰਡ ਅਟੈਂਡੈਂਟ ਵਜੋਂ ਨਿਯੁਕਤ ਕੀਤਾ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੇਵਾ ਦੌਰਾਨ ਜਾਨ ਗਵਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਭਾਵੇਂ ਪਰਿਵਾਰਕ ਮੈਂਬਰ ਦਾ ਘਾਟਾ ਕਦੇ ਪੂਰਿਆ ਨਹੀਂ ਜਾ ਸਕਦਾ, ਪਰ ਤਰਸ ਦੇ ਆਧਾਰ ‘ਤੇ ਸਮੇਂ ਸਿਰ ਸਰਕਾਰੀ ਰੋਜ਼ਗਾਰ ਮਿਲਣ ਨਾਲ ਪੀੜਤ ਪਰਿਵਾਰਾਂ ਨੂੰ ਵਿੱਤੀ ਸਥਿਰਤਾ, ਸੁਰੱਖਿਆ ਅਤੇ ਸਨਮਾਨਜਨਕ ਰੋਜ਼ੀ-ਰੋਟੀ ਮਿਲਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਸਿਵਲ ਸਰਜਨ ਦਫ਼ਤਰਾਂ, ਕਮਿਊਨਿਟੀ ਸਿਹਤ ਕੇਂਦਰਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ‘ਚ ਇਨ੍ਹਾਂ ਉਮੀਦਵਾਰਾਂ ਦੀ ਨਿਯੁਕਤੀ ਨਾਲ ਸਿਹਤ ਸੇਵਾਵਾਂ ਨੂੰ ਹੋਰ ਬਲ ਮਿਲੇਗਾ।
ਇਸ ਉਪਰੰਤ ਸਿਹਤ ਮੰਤਰੀ ਨੇ ਵੱਖ-ਵੱਖ ਯੂਨੀਅਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਉਨ੍ਹਾਂ ਨਾਲ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ‘ਚ ਬੇਰੋਜ਼ਗਾਰ ਆਯੁਰਵੈਦਿਕ ਡੀ. ਫਾਰਮੇਸੀ ਉਪਵੈਦ ਯੂਨੀਅਨ, ਪੰਜਾਬ; ਕੋਰੋਨਾ ਯੋਧੇ ਦਰਜਾ-4, ਪਟਿਆਲਾ; ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ; ਕੋਰੋਨਾ ਯੋਧੇ, ਰਾਜਿੰਦਰਾ ਹਸਪਤਾਲ, ਪਟਿਆਲਾ ਅਤੇ ਪੰਜਾਬ ਕੈਮਿਸਟਸ ਐਸੋਸੀਏਸ਼ਨ (ਰਜਿ.) ਸਮੇਤ ਕਈ ਯੂਨੀਅਨਾਂ ਨੇ ਸ਼ਿਰਕਤ ਕੀਤੀ। ਯੂਨੀਅਨ ਆਗੂਆਂ ਨੇ ਇਸ ਗੱਲ ‘ਤੇ ਸੰਤੁਸ਼ਟੀ ਪ੍ਰਗਟਾਈ ਕਿ ਸਿਹਤ ਮੰਤਰੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹਮਦਰਦੀ ਨਾਲ ਸੁਣਿਆ ਹੈ।
Read More: ਕਾਂਗਰਸ ਵੱਲੋਂ ਪੰਜਾਬ ਚੋਣਾਂ 2027 ਲਈ ਤਿਆਰੀਆਂ ਤੇਜ਼, ਹਲਕਾ ਤੇ ਜ਼ਿਲ੍ਹਾ ਪ੍ਰਧਾਨਾਂ ਤੋਂ ਲਿਆ ਫੀਡਬੈਕ




