ਪਟਿਆਲਾ, 20 ਨਵੰਬਰ 2026: ਪੰਜਾਬ ਕਾਂਗਰਸ ਨੂੰ ਵੀਰਵਾਰ ਨੂੰ ਪਟਿਆਲਾ ਜ਼ਿਲ੍ਹੇ ਅੰਦਰ ਵੱਡਾ ਝਟਕਾ ਲੱਗਿਆ ਹੈ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ, ਦੋ ਵਾਰ ਲਗਾਤਾਰ ਵਿਧਾਇਕ ਰਹੇ, ਕਾਂਗਰਸ ਪਾਰਟੀ ਦੇ ਮੌਜੂਦਾ ਚੋਣ ਮੈਨੀਫੈਸਟੋ ਕਮੇਟੀ ਦੇ ਕੋ ਚੇਅਰਮੈਨ ਹਰਦਿਆਲ ਸਿੰਘ ਕੰਬੋਜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਪਿਛਲੇ ਚਾਰ ਦਹਾਕਿਆਂ ਤੋ ਕਾਂਗਰਸ ਪਾਰਟੀ ਕੰਮ ਕਰ ਰਹੇ ‘ਚ ਰਹੇ ਹਰਦਿਆਲ ਸਿੰਘ ਕੰਬੋਜ ਦਾ ਭਾਜਪਾ ‘ਚ ਜਾਣ ਨਾਲ ਜ਼ਿਲ੍ਹੇ ਅੰਦਰ ਪਾਰਟੀ ਨੂੰ ਵੱਡਾ ਝਟਕ ਹੈ।
ਇੱਕ ਸਮਾਗਮ ‘ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਰਾਜ ਸਭਾ ਮੈਂਬਰ ਸਤੀਸ਼ ਪੂਨੀਆ, ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਅਨੀਲ ਸਰੀਨ ਸੂਬਾ ਜਨਰਲ ਸਕੱਤਰ ਨੇ ਹਰਦਿਆਲ ਸਿੰਘ ਕੰਬੋਜ ਅਤੇ ਉਨਾ ਨਾਲ ਕਾਂਗਰਸ ਪਾਰਟੀ ਛੱਡਕੇ ਸ਼ਾਮਲ ਹੋਏ 100 ਦੇ ਕਰੀਬ ਸਾਬਕਾ ਚੇਅਰਮੈਨ, ਬਲਾਕ ਸੰਮਤੀ ਮੈਂਬਰ, ਮੌਜੂਦਾ ਐਮ.ਸੀ ਅਤੇ ਹੋਰ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ ਹੈ।
ਹਰਦਿਆਲ ਕੰਬੋਜ ਪਿਛਲੇ ਤਿੰਨ ਦਹਾਕਿਆਂ ਤੋ ਕਾਂਗਰਸ ਪਾਰਟੀ ‘ਚ ਵਿਚਰ ਰਹੇ ਸਨ। ਉਹ ਪੰਜਾਬ ਦੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ, ਪੰਜਾਬ ਬਿਜਲੀ ਬੋਰਡ ਦੇ ਏ.ਐਮ. ਅਤੇ ਲੰਘੀ ਕਾਂਗਰਸ ਸਰਕਾਰ ਵੇਲੇ ਵਿਧਾਨ ਸਭਾ ‘ਚ ਚੀਫ ਵਿਪ ਸਮੇਤ ਵੱਡੇ ਅਹੁਦਿਆਂ ‘ਤੇ ਰਹੇ ਹਨ।ਹਰਦਿਆਲ ਕੰਬੋਜ ਪਟਿਆਲਾ ਜ਼ਿਲ੍ਹੇ ਅੰਦਰ ਇਕੋ ਅਜਿਹੇ ਕਾਂਗਰਸ ਦੇ ਆਗੂ ਸਨ, ਜਿਹੜੇ ਲਗਾਤਾਰ 20 ਸਾਲ ਕਾਂਗਰਸ ਦੇ ਪਟਿਆਲਾ ‘ਚ ਜ਼ਿਲ੍ਹਾ ਪ੍ਰਧਾਨ ਰਹੇ। ਕਾਂਗਰਸ ਵੱਲੋਂ ਇਕ ਵੱਡਾ ਕਾਬਲ ਆਗੂ ਗੁਆਉਣ ਤੋ ਬਾਅਦ ਪਟਿਆਲਾ ‘ਚ ਕਾਂਗਰਸ ਦੀ ਹਾਲਤ ਬੇਹੱਦ ਪਤਲੀ ਹੋ ਗਈ ਹੈ।
ਇਸ ਮੌਕੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਦਿਆਲ ਸਿੰਘ ਕੰਬੋਜ ਵਰਗੇ ਆਗੂ ਦਾ ਆਪਣੀ ਪੂਰੀ ਟੀਮ ਨਾਲ ਭਾਜਪਾ ‘ਚ ਆਉਣ ਤੋਂ ਸਾਫ ਹੈ ਕਿ ਸੂਬੇ ‘ਚ ਹੁਣ ਭਾਜਪਾ ਦੀ ਸਰਕਾਰ ਬਣਨ ਤੋ ਕੋਈ ਨਹੀ ਰੋਕ ਸਕਦਾ। ਉਨ੍ਹਾਂ ਆਖਿਆ ਕਿ ਸੂਬੇ ‘ਚ ਨਸ਼ਿਆਂ ਨੂੰ ਖਤਮ ਕਰਨ ਲਈ, ਗੈਗਸਟਰਵਾਦ ਦੇ ਖਾਤਮੇ ਲਈ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪੰਜਾਬ ਨੂੰ ਸੋਹਣਾ ਪੰਜਾਬ ਬਣਾਉਣ ਦਾ ਕੰਮ ਸਿਰਫ ਭਾਜਪਾ ਸਰਕਾਰ ਹੀ ਕਰ ਸਕਦੀ ਹੈ, ਜਦੋਂ ਸਾਡੇ ‘ਚ ਹਰਦਿਆਲ ਸਿੰਘ ਕੰਬੋਜ ਵਰਗੇ ਆਗੂ ਆ ਗਏ ਤਾਂ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਕੋਈ ਨਹੀ ਰੋਕ ਸਕਦਾ।
ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਹਰਦਿਆਲ ਸਿੰਘ ਕੰਬੋਜ ਉਨ੍ਹਾਂ ਦੇ ਪੁਰਾਣੇ ਸਾਥੀ ਹਨ, ਉਨ੍ਹਾਂ ਨਾਲ ਵਿਧਾਇਕ ਵੀ ਰਹੇ ਹਨ ਤੇ ਉਹ ਖ਼ੁਦ ਹਰਦਿਆਲ ਸਿੰਘ ਕੰਬੋਜ ਦੀ ਵਰਕਿੰਗ ਨੂੰ ਬੜੀ ਬਾਖ਼ੂਬੀ ਜਾਣਦੇ ਹਨ। ਕੰਬੋਜ ਦਾ ਭਾਜਪਾ ‘ਚ ਸ਼ਾਮਲ ਹੋਣਾ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਅਤੇ ਹਰਦਿਆਲ ਸਿੰਘ ਕੰਬੋਜ ਪਟਿਆਲਾ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਵੱਡਾ ਜਨ ਅਧਾਰ ਰੱਖਦੇ ਹਨ।
ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਪੰਜਾਬ ਨੂੰ ਮੁੜ ਸੋਹਣਾ ਪੰਜਾਬ ਬਣਾਉਣ ਲਈ, ਭ੍ਰਿਸ਼ਟਾਚਾਰ ਮੁਕਤ ਕਰਨ ਲਈ, ਗੈਂਗਸਟਰਵਾਦ ਖਤਮ ਕਰਨ ਦਾ ਕੰਮ ਸਿਰਫ ਤੇ ਸਿਰਫ ਭਾਜਪਾ ਸਰਕਾਰ ਕਰ ਸਕਦੀ ਹੈ ਤੇ ਉਹ ਪੰਜਾਬ ‘ਚ ਭਾਜਪਾ ਦੇ ਸਿਪਾਹੀ ਹੋ ਕੇ ਸੂਬੇ ਦੀ ਖੁਸ਼ਹਾਲੀ ਲਈ ਕੰਮ ਕਰਨਗੇ। ਉਨ੍ਹਾਂ ਆਖਿਆ ਕਿ ਉਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਮਾਮਲਿਆਂ ਦੇ ਇੰਚਾਰਜ ਸਤੀਸ਼ ਪੂਨੀਆ, ਸੂਬਾ ਜਨਰਲ ਸਕੱਤਰ ਅਨੀਲ ਸਰੀਨ, ਵਨੀਤ ਜੋਸ਼ੀ ਅਤੇ ਹੋਰ ਸਭ ਆਗੂਆਂ ਦਾ ਧੰਨਵਾਦ ਕਰਦੇ ਹਨ ਅਤੇ ਉਹ ਆਪਣੀ ਸਮੁੱਚੀ ਟੀਮ ਜਿਹੜੀ ਕਿ ਭਾਜਪਾ ‘ਚ ਸ਼ਾਮਲ ਹੋ ਗਈ,ਉਸਦਾ ਵੀ ਧੰਨਵਾਦ ਕਰਦਿਆਂ ਵਿਸਵਾਸ ਦਿਵਾਉਦੇ ਹਨ ਕਿ ਪੰਜਾਬ ਲਈ ਡਟਕੇ ਲੜਾਈ ਲੜਾਂਗੇ ਤਾਂ ਜੋ ਪੰਜਾਬ ‘ਚੋਂ ਮੌਜੂਦਾ ਗੁੰਡਾਰਾਜ ਦਾ ਖਾਤਮਾ ਕੀਤਾ ਜਾ ਸਕੇ।
Read More: ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ BJP ‘ਚ ਹੋਏ ਸ਼ਾਮਲ




