ਚੰਡੀਗੜ੍ਹ, 23 ਸਤੰਬਰ 2026: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਜਲ ਸਰੋਤ ਵਿਭਾਗ ਦੀ ਨਹਿਰੀ ਪਟਵਾਰ ਯੂਨੀਅਨ ਨਾਲ ਬੈਠਕ ਕੀਤੀ ਅਤ ਮੁਲਾਜ਼ਮਾਂ ਦੀਆਂ ਸੇਵਾ-ਸਬੰਧੀ ਮੰਗਾਂ ਅਤੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।
ਇਸ ਦੌਰਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਨਹਿਰੀ ਪਟਵਾਰੀਆਂ ਵੱਲੋਂ ਡਿਊਟੀ ਨਿਭਾਉਣ ਦੌਰਾਨ ਵੱਖ-ਵੱਖ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਜਲ ਸਰੋਤ ਮੰਤਰੀ ਨੇ ਉਕਤ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਜਾਇਜ਼ ਤੇ ਵਾਜਬ ਮੰਗਾਂ ‘ਤੇ ਵਿਚਾਰ ਕਰਨ ਅਤੇ ਨਿਯਮਾਂ ਤੇ ਸਰਕਾਰੀ ਉਪਬੰਧਾਂ ਅਨੁਸਾਰ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵੱਲ ਪੂਰੀ ਤਵੱਜੋ ਦੇ ਰਹੀ ਹੈ ਅਤੇ ਸੇਵਾ-ਸਬੰਧੀ ਜਾਇਜ਼ ਮੁੱਦਿਆਂ ਦੇ ਹੱਲ ਲਈ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ‘ਚ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੈ ਅਤੇ ਅਸੀਂ ਕਰਮਚਾਰੀ ਜਥੇਬੰਦੀਆਂ ਨਾਲ ਉਸਾਰੂ ਗੱਲਬਾਤ ਜਾਰੀ ਰੱਖਣ ਲਈ ਵਚਨਬੱਧ ਹਾਂ। ਬਰਿੰਦਰ ਗੋਇਲ ਨੇ ਕਿਹਾ ਕਿ ਜਾਇਜ਼ ਮੰਗਾਂ ‘ਤੇ ਸਾਕਾਰਾਤਮਕ ਢੰਗ ਨਾਲ ਵਿਚਾਰ-ਵਟਾਂਦਰਾ ਜਾਰੀ ਰਹੇਗਾ ਅਤੇ ਜਾਇਜ਼ ਮੰਗਾਂ ਦੇ ਸਮੇਂ ਸਿਰ ਨਿਪਟਾਰੇ ਲਈ ਨਿਯਮਾਂ ਅਤੇ ਵਿੱਤੀ ਤੇ ਪ੍ਰਸ਼ਾਸਨਿਕ ਉਪਬੰਧਾਂ ਦੇ ਦਾਇਰੇ ‘ਚ ਰਹਿੰਦਿਆਂ ਢੁਕਵੇਂ ਕਦਮ ਚੁੱਕੇ ਜਾਣਗੇ।
ਕੈਬਨਿਟ ਮੰਤਰੀ ਅੱਗੇ ਰੱਖੀਆਂ 7 ਪ੍ਰਮੁੱਖ ਮੰਗਾਂ ‘ਚ ਨਹਿਰੀ ਪਟਵਾਰੀਆਂ ਨੂੰ ਟੈਕਨੀਕਲ ਗ੍ਰੇਡ ਦੇਣਾ, ਨਹਿਰੀ ਪਟਵਾਰੀਆਂ ਵਿਰੁੱਧ ਪ੍ਰਾਪਤ ਸ਼ਿਕਾਇਤਾਂ ‘ਤੇ ਨਿਰਪੱਖ ਜਾਂਚ ਉਪਰੰਤ ਹੀ ਕਾਰਵਾਈ ਕਰਨਾ, ਨਹਿਰੀ ਪਟਵਾਰੀਆ ਤੋਂ ਸਹਾਇਕ ਮਾਲ ਕਲਰਕ (ਏ.ਆਰ.ਸੀ.) ਦੀਆਂ ਤਰੱਕੀਆਂ ਛੇਤੀ ਤੋਂ ਛੇਤੀ ਕਰਨਾ, ਨਹਿਰੀ ਪਟਵਾਰੀਆਂ ਦੀਆਂ ਬਦਲੀਆਂ ਆਪਣੇ ਘਰਾਂ ਨੇੜੇ ਕਰਨਾ, ਨਹਿਰੀ ਪਟਵਾਰੀਆਂ ਦੀਆਂ ਖਾਲੀ ਆਸਾਮੀਆਂ ਤੁਰੰਤ ਭਰਨਾ, ਸਹਾਇਕ ਮਾਲ ਕਲਰਕ (ਏ.ਆਰ.ਸੀ.) ਦੀਆਂ ਆਸਾਮੀਆਂ ਵਧਾਉਣਾ ਅਤੇ ਨਹਿਰੀ ਪਟਵਾਰੀਆਂ ਦੀਆਂ ਸੇਵਾ-ਸਬੰਧੀ ਲੰਬਤ ਮੰਗਾਂ ਦਾ ਸਮਾਂਬੱਧ ਨਿਪਟਾਰਾ ਕਰਨਾ ਸ਼ਾਮਲ ਹੈ।
ਪੰਜਾਬ ਕੈਬਨਿਟ ਮੰਤਰੀ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਲਾਗੂ ਨਿਯਮਾਂ ਤੇ ਪ੍ਰਕਿਰਿਆਵਾਂ ਅਨੁਸਾਰ ਜਾਇਜ਼ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ।
Read More: ਬਿਹਾਰ ਕੈਬਨਿਟ ‘ਚ 24 ਪ੍ਰਸਤਾਵਾਂ ਨੂੰ ਮਨਜ਼ੂਰੀ, ਪਟਨਾ ‘ਚ ਬਣਨਗੀਆਂ ਨਵੀਆਂ ਯੂਨੀਵਰਸਿਟੀਆਂ




