ਈਰਾਨ, 24 ਅਗਸਤ 2026: ਈਰਾਨ ਦੀ ਸੰਸਦ ਨੇ ਹੋਰਮੁਜ਼ ਜਲਡਮਰੂ ਤੋਂ ਲੰਘਣ ਵਾਲੇ ਜਹਾਜ਼ਾਂ ‘ਤੇ ਟੋਲ, ਟੈਕਸ ਜਾਂ ਫੀਸ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਈਰਾਨ ਦੀ ਮੇਹਰ ਨਿਊਜ਼ ਏਜੰਸੀ ਦੇ ਮੁਤਾਬਕ, ਹੋਰਮੁਜ਼ ਜਲਡਮਰੂ ਤੋਂ ਲੰਘਣ ਦੀ ਇਜਾਜ਼ਤ ਵਾਲੇ ਦੇਸ਼ਾਂ ਦੇ ਜਹਾਜ਼ਾਂ ਤੋਂ ਸਮੁੰਦਰੀ ਸੇਵਾਵਾਂ ਲਈ ਚਾਰਜ ਕੀਤਾ ਜਾਵੇਗਾ।
ਈਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮੇਟੀ ਦੇ ਬੁਲਾਰੇ ਹਸਨ ਕਾਸ਼ਕਵੀ ਦੇ ਮੁਤਾਬਕ, ਫੀਸ ‘ਚ ਸਮੁੰਦਰੀ ਸੇਵਾਵਾਂ, ਸੁਰੱਖਿਆ ਅਤੇ ਬੀਮਾ ਵਰਗੀਆਂ ਸੇਵਾਵਾਂ ਸ਼ਾਮਲ ਹੋਣਗੀਆਂ। ਵਾਤਾਵਰਣ ਸੇਵਾਵਾਂ, ਖਾਸ ਹਾਲਤਾਂ ‘ਚ ਬਾਲਣ ਵੀ ਪ੍ਰਦਾਨ ਕੀਤਾ ਜਾਵੇਗਾ। ਭੁਗਤਾਨ ਈਰਾਨੀ ਰਿਆਲ ਜਾਂ ਈਰਾਨ ਦੀ ਪਸੰਦ ਦੀ ਕਿਸੇ ਹੋਰ ਮੁਦਰਾ ‘ਚ ਕੀਤਾ ਜਾ ਸਕਦਾ ਹੈ।
ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਹੁਣ ਈਰਾਨ ਵਿਰੁੱਧ ਆਰਥਿਕ ਯੁੱਧ ਦੇ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ। ਬੇਸੈਂਟ ਦੇ ਅਨੁਸਾਰ, ਅਮਰੀਕਾ ਦਾ ਟੀਚਾ ਈਰਾਨ ਦੇ ਆਮਦਨ ਦੇ ਮੁੱਖ ਸਰੋਤਾਂ ਨੂੰ ਬੰਦ ਕਰਨਾ ਹੈ।
ਬੇਸੈਂਟ ਨੇ ਕਿਹਾ ਕਿ ਅਮਰੀਕਾ ਈਰਾਨ ‘ਤੇ ਦਬਾਅ ਵਧਾਉਣ ਲਈ ਆਪਣੀਆਂ ਸਾਰੀਆਂ ਸਰਕਾਰੀ ਏਜੰਸੀਆਂ ਅਤੇ ਸ਼ਕਤੀਆਂ ਦੀ ਵਰਤੋਂ ਕਰੇਗਾ। ਪਹਿਲਾਂ, ਟਰੰਪ ਨੇ ਇਸਨੂੰ ਕਿਸੇ ਵੀ ਵਿਰੋਧੀ ਵਿਰੁੱਧ ਸਭ ਤੋਂ ਵੱਡੀ ਆਰਥਿਕ ਕਾਰਵਾਈ ਦੱਸਿਆ ਸੀ ਅਤੇ ਦੂਜੇ ਦੇਸ਼ਾਂ ਨੂੰ ਈਰਾਨ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ।
ਈਰਾਨ ਨੇ ਖਾੜੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਜੋ ਅਮਰੀਕਾ ਦੀ ਆਰਥਿਕ ਕਾਰਵਾਈ ਦਾ ਸਮਰਥਨ ਕਰਦੇ ਹਨ। ਈਰਾਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਮੁਖੀ, ਮੋਹਸੇਨ ਰੇਜ਼ਾਈ ਨੇ ਕਿਹਾ ਕਿ ਕੋਈ ਵੀ ਦੇਸ਼ ਜੋ ਈਰਾਨ ‘ਤੇ ਆਰਥਿਕ ਪਾਬੰਦੀਆਂ ਲਗਾਉਣ ਵਿੱਚ ਅਮਰੀਕਾ ਦਾ ਸਮਰਥਨ ਕਰਦਾ ਹੈ, ਉਸਨੂੰ ਦੁਸ਼ਮਣ ਮੰਨਿਆ ਜਾਵੇਗਾ।
Read More: ਪੰਜਾਬੀ ਟਰੱਕ ਡਰਾਈਵਰ ਦੇ ਕ.ਤ.ਲ ਮਾਮਲੇ ‘ਚ ਪੀੜਤ ਪਰਿਵਾਰ ਵੱਲੋਂ ਕੈਨੇਡੀਅਨ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ




