ਪਟਿਆਲਾ, 22 ਅਗਸਤ 2026: ਪੰਜਾਬੀ ਟਰੱਕ ਡਰਾਈਵਰ ਤਰਨਪ੍ਰੀਤ ਸਿੰਘ ਸਿੱਧੂ (29 ਸਾਲ) ਦੇ ਕਤਲ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਤਰਨਪ੍ਰੀਤ ਸਿੰਘ ਦੀ ਕਥਿਤ ਤੌਰ ’ਤੇ 15 ਜੁਲਾਈ ਨੂੰ ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਤਰਨਪ੍ਰੀਤ ਦੇ ਪਰਿਵਾਰ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਮਾਮਲੇ ‘ਚ ਦਖ਼ਲ ਦੇ ਕੇ ਕਾਤਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਕਾਨੂੰਨ ਦੇ ਕਟਹਿਰੇ ‘ਚ ਲਿਆਉਣ ਦੀ ਅਪੀਲ ਕੀਤੀ ਹੈ।
ਪਰਿਵਾਰ ਮੁਤਾਬਕ ਤਰਨਪ੍ਰੀਤ ਸਿੰਘ 2016 ‘ਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਇਸਤੋਂ ਬਾਅਦ ‘ਚ ਤਰਨਪ੍ਰੀਤ ਨੇ ਟਰੱਕ ਡਰਾਈਵਰ ਵਜੋਂ ਕੰਮ ਸ਼ੁਰੂ ਕਰ ਦਿੱਤਾ। ਸਾਲ 2022 ‘ਚ ਉਸ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਵੀ ਮਿਲ ਗਈ ਸੀ।
ਪਰਿਵਾਰ ਦੇ ਮੁਤਾਬਕ, ਘਟਨਾ ਵਾਲੇ ਦਿਨ ਤਰਨਪ੍ਰੀਤ ਕੰਮ ਦੇ ਸਿਲਸਿਲੇ ‘ਚ ਅਮਰੀਕਾ ਤੋਂ ਵਾਪਸ ਆਇਆ ਸੀ। ਉਸ ਨੇ ਆਪਣਾ ਟਰੱਕ ਟਰੱਕ ਯਾਰਡ ‘ਚ ਖੜ੍ਹਾ ਕੀਤਾ, ਜਿਸ ਤੋਂ ਬਾਅਦ ਕਥਿਤ ਤੌਰ ’ਤੇ ਉਸ ’ਤੇ ਹਮਲਾ ਕਰਕੇ ਕਈ ਗੋਲੀਆਂ ਮਾਰੀਆਂ ਗਈਆਂ। ਬਾਅਦ ‘ਚ ਉਸ ਦੀ ਲਾਸ਼ ਫਰੂਟਲੈਂਡ ਰੋਡ ਨੇੜੇ ਸਟੋਨੀ ਕ੍ਰੀਕ ਇਲਾਕੇ ਦੀ ਇੱਕ ਝੀਲ ‘ਚੋਂ ਬਰਾਮਦ ਹੋਈ। ਇਹ ਥਾਂ ਕਥਿਤ ਅਪਰਾਧ ਵਾਲੀ ਥਾਂ ਤੋਂ ਕਰੀਬ 60 ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ।
ਪੁੱਤਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਤਰਨਪ੍ਰੀਤ ਦੇ ਮਾਤਾ-ਪਿਤਾ ਕੈਨੇਡਾ ਗਏ ਅਤੇ ਉੱਥੇ ਉਸ ਦਾ ਅੰਤਿਮ ਸਸਕਾਰ ਕੀਤਾ। ਸ਼ਨੀਵਾਰ ਨੂੰ ਪਟਿਆਲਾ ਸਥਿਤ ਪਰਿਵਾਰਕ ਘਰ ‘ਚ ਸ਼ਾਂਤੀ ਪਾਠ ਵੀ ਕਰਵਾਇਆ ਗਿਆ। ਪਰਿਵਾਰ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਹੈਮਿਲਟਨ ਪੁਲਿਸ ਨਾਲ ਸੰਪਰਕ ਕਰ ਚੁੱਕੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਪੁਲਿਸ ਦੀ ਜਾਂਚ ਰਾਹੀਂ ਤਰਨਪ੍ਰੀਤ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਪਰਿਵਾਰ ਨੇ ਕੈਨੇਡਾ ‘ਚ ਭਾਰਤੀ ਮੂਲ ਦੇ ਲੋਕਾਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ’ਤੇ ਵੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਤਰਨਪ੍ਰੀਤ ਸਿੰਘ ਸਿੱਧੂ ਦੇ ਪਰਿਵਾਰ ਨੂੰ ਛੇਤੀ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ।




