ਪਟਿਆਲਾ, 25 ਨਵੰਬਰ 2026: ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈਆਈਏ), ਪੰਜਾਬ ਚੈਪਟਰ ਵੱਲੋਂ ਆਈਆਈਏ ਲੁਧਿਆਣਾ ਸੈਂਟਰ ਅਤੇ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਇਨਟੈਕਸ ਐਕਸਪੋ 2026 ਦਾ 15ਵਾਂ ਐਡੀਸ਼ਨ 27 ਤੋਂ 30 ਨਵੰਬਰ 2026 ਤੱਕ ਲੁਧਿਆਣਾ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ (ਐਲਈਸੀਸੀ), ਜੀ.ਟੀ. ਰੋਡ, ਸਾਹਨੇਵਾਲ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈਆਈਏ ਪੰਜਾਬ ਚੈਪਟਰ ਦੇ ਚੇਅਰਮੈਨ ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਆਰਕੀਟੈਕਚਰ ਅਤੇ ਨਿਰਮਾਣ ਉਦਯੋਗ ‘ਚ ਤਕਨੀਕੀ ਤਰੱਕੀ, ਟਿਕਾਊ ਵਿਕਾਸ, ਊਰਜਾ ਕੁਸ਼ਲਤਾ ਅਤੇ ਬਦਲਦੀਆਂ ਜੀਵਨਸ਼ੈਲੀ ਦੀਆਂ ਲੋੜਾਂ ਕਾਰਨ ਆ ਰਹੇ ਬਦਲਾਅ ਬਾਰੇ ਚਾਨਣਾ ਪਾਇਆ।
ਉਨ੍ਹਾਂ ਨੇ ਕਿਹਾ ਕਿ ਇਨਟੈਕਸ ਐਕਸਪੋ ਨਵੀਨਤਮ ਉਤਪਾਦਾਂ, ਸਮੱਗਰੀਆਂ ਅਤੇ ਤਕਨੀਕਾਂ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਉਦਯੋਗ ਨਾਲ ਜੁੜੇ ਪੇਸ਼ੇਵਰਾਂ ਨੂੰ ਆਪਸ ‘ਚ ਜੁੜਨ ਅਤੇ ਨਵੇਂ ਮੌਕਿਆਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ‘ਚ ਪ੍ਰਮੁੱਖ ਨਿਰਮਾਤਾ, ਪ੍ਰਸਿੱਧ ਬ੍ਰਾਂਡ, ਤਕਨੀਕੀ ਸੇਵਾ ਪ੍ਰਦਾਤਾ ਅਤੇ ਉਦਯੋਗ ਦੇ ਮਾਹਰ ਭਾਗ ਲੈਣਗੇ। ਇਸ ਦੌਰਾਨ ਇੰਟੀਰੀਅਰ ਡਿਜ਼ਾਈਨ, ਆਰਕੀਟੈਕਚਰਲ ਫਸਾਡ, ਟਿਕਾਊ ਨਿਰਮਾਣ, ਸਮਾਰਟ ਹੋਮਜ਼, ਹੋਮ ਆਟੋਮੇਸ਼ਨ, ਜਲ ਪ੍ਰਬੰਧਨ, ਆਰਕੀਟੈਕਚਰਲ ਲਾਈਟਿੰਗ ਅਤੇ ਆਧੁਨਿਕ ਬਿਲਡਿੰਗ ਮਟੀਰੀਅਲਜ਼ ਦੇ ਖੇਤਰ ‘ਚ ਨਵੀਨਤਮ ਉਤਪਾਦਾਂ ਅਤੇ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਪ੍ਰਦਰਸ਼ਨੀ ਦਾ ਇੱਕ ਪ੍ਰਮੁੱਖ ਆਕਰਸ਼ਣ ਲੈਮਨੀਸਕੇਟ 3.0 ਆਈਆਈਏ ਸਟੇਟ ਕਾਨਫਰੰਸ ਹੋਵੇਗੀ, ਜੋ 28 ਨਵੰਬਰ 2026 ਨੂੰ ਕਰਵਾਈ ਜਾਵੇਗੀ। ਇਸ ਕਾਨਫਰੰਸ ‘ਚ ਆਰਕੀਟੈਕਟ ਅਤੇ ਵੱਖ-ਵੱਖ ਖੇਤਰਾਂ ਦੇ ਮਾਹਰ ਇਕੱਠੇ ਹੋ ਕੇ ਆਰਕੀਟੈਕਚਰ ਦੇ ਖੇਤਰ ‘ਚ ਉੱਭਰ ਰਹੇ ਰੁਝਾਨਾਂ, ਤਕਨੀਕੀ ਤਰੱਕੀ ਅਤੇ ਆਰਕੀਟੈਕਚਰਲ ਪੇਸ਼ੇ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕਰਨਗੇ।
ਉਨ੍ਹਾਂ ਦੱਸਿਆ ਕਿ ਕਾਨਫਰੰਸ ‘ਚ ਆਰਕੀਟੈਕਚਰ ਦੇ ਖੇਤਰ ‘ਚ ਉੱਭਰ ਰਹੇ ਕਾਰੋਬਾਰੀ ਮਾਡਲਾਂ, ਤਕਨਾਲੋਜੀ ਅਤੇ ਉੱਦਮਤਾ ਦੇ ਨਵੇਂ ਮੌਕਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸਤੋਂ ਇਲਾਵਾ ਮਾਹਰਾਂ ਵੱਲੋਂ ਸੈਸ਼ਨ ਕਰਵਾਇਆ ਜਾਵੇਗਾ, ਜਿਸ ‘ਚ ਆਰਕੀਟੈਕਚਰਲ ਡਿਜ਼ਾਈਨ ‘ਚ ਆਰਟੀਫੀਸ਼ੀਅਲ ਇੰਟੈਲੀਜੈਸ ਏਆਈ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸੈਸ਼ਨ ‘ਚ ਆਰਕੀਟੈਕਚਰ ਅਤੇ ਸਥਾਨਿਕ ਅਨੁਭਵਾਂ ਨੂੰ ਪ੍ਰਭਾਵਿਤ ਕਰਨ ‘ਚ ਰੌਸ਼ਨੀ ਦੀ ਮਹੱਤਤਾ ਬਾਰੇ ਚਰਚਾ ਕੀਤੀ ਜਾਵੇਗੀ।
ਆਰਕੀਟੈਕਟ ਆਹਲੂਵਾਲੀਆ ਨੇ ਅੱਗੇ ਕਿਹਾ ਕਿ ਇਨਟੈਕਸ ਐਕਸਪੋ ਆਰਕੀਟੈਕਟਾਂ, ਇੰਟੀਰੀਅਰ ਡਿਜ਼ਾਈਨਰਾਂ, ਬਿਲਡਰਾਂ, ਡਿਵੈਲਪਰਾਂ, ਇੰਜੀਨੀਅਰਾਂ, ਠੇਕੇਦਾਰਾਂ ਅਤੇ ਘਰ ਬਣਾਉਣ ਵਾਲਿਆਂ ਨੂੰ ਨਿਰਮਾਤਾਵਾਂ ਨਾਲ ਸਿੱਧਾ ਸੰਪਰਕ ਕਰਨ, ਨਵੀਆਂ ਤਕਨੀਕਾਂ ਨੂੰ ਦੇਖਣ, ਨਵੀਨਤਮ ਉਤਪਾਦਾਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਨਿਰਮਾਣ ਖੇਤਰ ‘ਚ ਆ ਰਹੇ ਬਦਲਾਅ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦਾ ਹੈ।
ਇਸ ਪ੍ਰਦਰਸ਼ਨੀ ਦਾ ਉਦੇਸ਼ ਪੰਜਾਬ ਅਤੇ ਗੁਆਂਢੀ ਸੂਬਿਆਂ ‘ਚ ਆਰਕੀਟੈਕਚਰ, ਨਿਰਮਾਣ ਅਤੇ ਇੰਟੀਰੀਅਰ ਡਿਜ਼ਾਈਨ ਨਾਲ ਜੁੜੇ ਖੇਤਰਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ, ਪੰਜਾਬ ਚੈਪਟਰ ਵੱਲੋਂ ਉੱਤਰੀ ਭਾਰਤ ਦੇ ਸਮੂਹ ਉਦਯੋਗਿਕ ਪੇਸ਼ੇਵਰਾਂ ਅਤੇ ਆਮ ਜਨਤਾ ਨੂੰ ਇਨਟੈਕਸ ਐਕਸਪੋ 2026 ‘ਚ ਸ਼ਾਮਲ ਹੋਣ ਅਤੇ ਨਵੀਨਤਾ, ਤਕਨਾਲੋਜੀ ਅਤੇ ਆਧੁਨਿਕ ਆਰਕੀਟੈਕਚਰ ਦੀ ਇਸ ਪ੍ਰਦਰਸ਼ਨੀ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਹੈ।
Read More: ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਹਰ ਜਾਇਜ਼ ਮੰਗ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇਗੀ: ਡਾ. ਬਲਜੀਤ ਕੌਰ




