ਸਪੋਰਟਸ, 20 ਜੂਨ 2026: IND ਬਨਾਮ AFG: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਤੀਜਾ ਵਨਡੇ ਅੱਜ ਚੇਨਈ ਦੇ ਚੇਪੌਕ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਭਾਰਤ ਪਹਿਲਾਂ ਹੀ ਵਨਡੇ ਸੀਰੀਜ਼ ‘ਚ 2-0 ਦੀ ਨਾਬਾਦ ਬੜ੍ਹਤ ਲੈ ਚੁੱਕਾ ਹੈ ਅਤੇ ਹੁਣ ਭਾਰਤ ਦੀ ਟੀਮ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ|
ਗੇਂਦਬਾਜ਼ੀ ਕਰਨ ਵਾਲੇ ਆਲਰਾਉਂਡਰ ਨਿਤੀਸ਼ ਰੈਡੀ ਨੇ ਸ਼ੁੱਕਰਵਾਰ ਨੂੰ ਚੇਪੌਕ ਨੈੱਟ ‘ਤੇ ਬਿਨਾਂ ਕਿਸੇ ਸਮੱਸਿਆ ਦੇ ਗੇਂਦਬਾਜ਼ੀ ਕੀਤੀ ਅਤੇ ਅੱਜ ਵਾਪਸੀ ਕਰ ਸਕਦੇ ਹਨ| ਹਾਲਾਂਕਿ, ਮੌਸਮ ਮੈਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਕ, ਸ਼ਨੀਵਾਰ ਨੂੰ ਚੇਨਈ ‘ਚ ਮੀਂਹ ਪੈਣ ਦੀ 55% ਸੰਭਾਵਨਾ ਹੈ।
ਅਫਗਾਨਿਸਤਾਨ ਪਹਿਲੀ ਜਿੱਤ ਦੀ ਤਲਾਸ਼
ਭਾਰਤ ਅਤੇ ਅਫਗਾਨਿਸਤਾਨ ਨੇ ਹੁਣ ਤੱਕ ਛੇ ਵਨਡੇ ਖੇਡੇ ਹਨ। ਭਾਰਤ ਨੇ ਇਨ੍ਹਾਂ ‘ਚੋਂ ਪੰਜ ਮੈਚ ਜਿੱਤੇ ਹਨ, ਜਦੋਂ ਕਿ ਇੱਕ ਮੈਚ ਟਾਈ ‘ਚ ਖਤਮ ਹੋਇਆ। ਅਫਗਾਨਿਸਤਾਨ ਨੇ ਕਦੇ ਵੀ ਭਾਰਤ ਖਿਲਾਫ਼ ਵਨਡੇ ਨਹੀਂ ਜਿੱਤਿਆ ਹੈ। ਦੋਵਾਂ ਟੀਮਾਂ ਵਿਚਾਲੇ ਇੱਕੋ ਇੱਕ ਟਾਈ 2018 ‘ਚ ਹੋਇਆ ਸੀ। ਮੌਜੂਦਾ ਲੜੀ ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਦੁਵੱਲੀ ਵਨਡੇ ਸੀਰੀਜ਼ ਹੈ।
ਭਾਰਤ ਲਈ ਈਸ਼ਾਨ ਕਿਸ਼ਨ ਨੇ ਦੂਜੇ ਵਨਡੇ ‘ਚ 79 ਗੇਂਦਾਂ ‘ਤੇ 125 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਸ਼ੁਭਮਨ ਗਿੱਲ ਵੀ ਸ਼ਾਨਦਾਰ ਫਾਰਮ ‘ਚ ਹਨ। ਉਸਨੇ ਪਹਿਲੇ ਮੈਚ ‘ਚ ਨਾਬਾਦ 84 ਦੌੜਾਂ ਬਣਾਈਆਂ, ਦੂਜੇ ਵਨਡੇ ‘ਚ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ, ਉਨ੍ਹਾਂ ਨੇ 110 ਗੇਂਦਾਂ ‘ਚ 154 ਦੌੜਾਂ ਬਣਾਈਆਂ। ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਦੂਜੇ ਮੈਚ ‘ਚ 48 ਦੌੜਾਂ ਦੀ ਤੇਜ਼ ਪਾਰੀ ਖੇਡੀ। ਗੇਂਦਬਾਜ਼ੀ ‘ਚ, ਇਸ ਲੜੀ ‘ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਗੁਰਨੂਰ ਬਰਾੜ ਸਭ ਤੋਂ ਸਫਲ ਰਹੇ ਹਨ ਅਤੇ ਹੁਣ ਤੱਕ ਸਭ ਤੋਂ ਵੱਧ ਵਿਕਟਾਂ ਲਈਆਂ ਹਨ।
ਰਹਿਮਾਨਉੱਲਾ ਗੁਰਬਾਜ਼ ਨੇ ਇਸ ਸੀਰੀਜ਼ ‘ਚ ਅਫਗਾਨਿਸਤਾਨ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਦੋ ਮੈਚਾਂ ‘ਚ 143 ਦੌੜਾਂ ਬਣਾਈਆਂ ਹਨ ਅਤੇ ਉਸਦਾ ਸਟ੍ਰਾਈਕ ਰੇਟ 170.23 ਹੈ। ਗੁਰਬਾਜ਼ ਨੇ ਸੀਰੀਜ਼ ‘ਚ ਇੱਕ ਸੈਂਕੜਾ ਵੀ ਬਣਾਇਆ।
Read More: SL A ਬਨਾਮ AFG A Result: ਸ਼੍ਰੀਲੰਕਾ ਏ ਵਨਡੇ ਤਿਕੋਣੀ ਸੀਰੀਜ਼ ਦੇ ਫਾਈਨਲ ‘ਚ ਪਹੁੰਚੀ, ਭਾਰਤ ਨਾਲ ਹੋਵੇਗਾ ਮੁਕਾਬਲਾ




