ਪਟਿਆਲਾ, 26 ਅਕਤੂਬਰ 2026: ਅੱਜ ਪਟਿਆਲਾ ਤੋਂ 100 ਨਵੀਆਂ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਪਿੰਡ ਨੂੰ ਸ਼ਹਿਰਾਂ ਨਾਲ ਜੋੜਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਐਲਾਨ ਕੀਤਾ ਕਿ ਜਿਵੇਂ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਇਆ ਗਿਆ ਹੈ, ਉਸੇ ਤਰ੍ਹਾਂ ਪੰਜਾਬ ਦੇ ਹਰ ਪਿੰਡ ਤੱਕ ਬੱਸਾਂ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਨਵੀਆਂ ਬੱਸਾਂ ਪੇਂਡੂ ਸੰਪਰਕ ਨੂੰ ਮਜ਼ਬੂਤ ਕਰਨਗੀਆਂ, ਰੋਜ਼ਾਨਾ ਆਉਣ-ਜਾਣ ਨੂੰ ਸੌਖਾ ਬਣਾਉਣਗੀਆਂ ਅਤੇ ਸਿੱਖਿਆ, ਰੁਜ਼ਗਾਰ ਅਤੇ ਜ਼ਰੂਰੀ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਨੂੰ ਬਿਹਤਰ ਬਣਾਉਣਗੀਆਂ।
ਅਗਲੇ ਮਹੀਨੇ ਬੱਸ ਫਲੀਟ ‘ਚ 309 ਹੋਰ ਵੱਡੀਆਂ ਬੱਸਾਂ ਸ਼ਾਮਲ ਕਰਨ ਦਾ ਐਲਾਨ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 29 ਸੀਟਾਂ ਵਾਲੀਆਂ 100 ਮਿੰਨੀ ਬੱਸਾਂ ਦੇ ਸ਼ਾਮਲ ਹੋਣ ਨਾਲ ਲਗਭਗ 150 ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਇਸ ਤੋਂ ਇਲਾਵਾ, 15 ਨੌਜਵਾਨਾਂ ਨੂੰ ਟਰਾਂਸਪੋਰਟ ਵਿਭਾਗ ਵਿੱਚ ਤੁਰੰਤ ਨਿਯੁਕਤੀ ਪੱਤਰ ਸੌਂਪੇ ਗਏ ਹਨ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਟਵਿੱਟਰ) ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, “ਪੰਜਾਬ ਦੇ ਆਵਾਜਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ, ਅੱਜ ਅਸੀਂ ਪਟਿਆਲਾ ਵਿੱਚ ਪੀਆਰਟੀਸੀ ਦੇ ਬੇੜੇ ਵਿੱਚ 100 ਨਵੀਆਂ ਮਿੰਨੀ ਬੱਸਾਂ ਸ਼ਾਮਲ ਕੀਤੀਆਂ ਹਨ। ਇਹ ਬੱਸਾਂ ਖਾਸ ਤੌਰ ‘ਤੇ ਸਾਡੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ, ਜਿਸ ਨਾਲ ਪੇਂਡੂ ਵਸਨੀਕਾਂ ਲਈ ਯਾਤਰਾ ਵਧੇਰੇ ਸੁਵਿਧਾਜਨਕ ਹੋਵੇਗੀ। ਅਸੀਂ ਵਿਭਾਗ ਵਿੱਚ ਨੌਕਰੀਆਂ ਲਈ 15 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਜਨਤਕ ਆਵਾਜਾਈ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ, ਅਗਲੇ ਮਹੀਨੇ ਬੱਸ ਬੇੜੇ ‘ਚ 309 ਹੋਰ ਨਵੀਆਂ ਵੱਡੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ।”
ਉਨ੍ਹਾਂ ਨੇ ਕਿਹਾ, “ਪਿਛਲੀਆਂ ਸਰਕਾਰਾਂ ਨੇ ਪੇਂਡੂ ਆਵਾਜਾਈ ਸੰਪਰਕ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਲੋਕਾਂ ਨੂੰ ਕੰਮ, ਸਿੱਖਿਆ ਅਤੇ ਹੋਰ ਜ਼ਰੂਰਤਾਂ ਲਈ ਸ਼ਹਿਰਾਂ ਤੱਕ ਪਹੁੰਚਣ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਾਡੀ ਸਰਕਾਰ ਇਸ ਸਥਿਤੀ ਨੂੰ ਬਦਲਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਵਿਅਕਤੀ ਆਪਣੇ ਨਿਵਾਸ ਸਥਾਨ ਕਾਰਨ ਮੌਕਿਆਂ ਤੋਂ ਵਾਂਝਾ ਨਾ ਰਹੇ।”
ਮੁੱਖ ਮੰਤਰੀ ਨੇ ਕਿਹਾ, “ਨੌਂ ਪੀ.ਆਰ.ਟੀ.ਸੀ. ਡਿਪੂਆਂ ਰਾਹੀਂ ਪੇਂਡੂ ਅਤੇ ਛੋਟੇ ਕਸਬਿਆਂ ਦੇ ਰੂਟਾਂ ‘ਤੇ 100 ਨਵੀਆਂ 29-ਸੀਟਰ ਮਿੰਨੀ ਬੱਸਾਂ ਚਲਾਈਆਂ ਜਾਣਗੀਆਂ। ਇਹ ਸੇਵਾਵਾਂ ਰੁਜ਼ਗਾਰ, ਕਾਰੋਬਾਰ ਅਤੇ ਹੋਰ ਜ਼ਰੂਰੀ ਉਦੇਸ਼ਾਂ ਲਈ ਸ਼ਹਿਰਾਂ ‘ਚ ਜਾਣ ਵਾਲੇ ਲੋਕਾਂ ਦੇ ਰੋਜ਼ਾਨਾ ਆਉਣ-ਜਾਣ ਨੂੰ ਸੌਖਾ ਬਣਾਉਣਗੀਆਂ। ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਬਿਹਤਰ ਸੰਪਰਕ ਦਾ ਬਹੁਤ ਫਾਇਦਾ ਹੋਵੇਗਾ।”
ਉਨ੍ਹਾਂ ਦੱਸਿਆ ਕਿ ਇਹ ਬੱਸਾਂ ਪਟਿਆਲਾ, ਬਠਿੰਡਾ, ਚੰਡੀਗੜ੍ਹ, ਸੰਗਰੂਰ, ਬਰਨਾਲਾ, ਬੁਢਲਾਡਾ, ਕਪੂਰਥਲਾ, ਫਰੀਦਕੋਟ ਅਤੇ ਲੁਧਿਆਣਾ ਸਮੇਤ ਵੱਖ-ਵੱਖ ਡਿਪੂਆਂ ਨੂੰ ਵੰਡੀਆਂ ਗਈਆਂ ਹਨ।
ਡਿਪੂ-ਵਾਰ 00 ਮਿੰਨੀ ਬੱਸਾਂ ਦੀ ਵੰਡ:
ਪਟਿਆਲਾ: 25 ਬੱਸਾਂ
ਬਠਿੰਡਾ: 15 ਬੱਸਾਂ
ਚੰਡੀਗੜ੍ਹ: 15 ਬੱਸਾਂ
ਸੰਗਰੂਰ: 10 ਬੱਸਾਂ
ਬਰਨਾਲਾ: 9 ਬੱਸਾਂ
ਬੁੱਢਲਾਡਾ: 8 ਬੱਸਾਂ
ਕਪੂਰਥਲਾ: 7 ਬੱਸਾਂ
ਫਰੀਦਕੋਟ: 6 ਬੱਸਾਂ
ਲੁਧਿਆਣਾ: 5 ਬੱਸਾਂ
ਜਨਤਕ ਆਵਾਜਾਈ ਦੇ ਵਿਸਥਾਰ ‘ਤੇ ਚਾਨਣਾ ਪਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲਗਭਗ 3,000 ਨਿੱਜੀ ਮਿੰਨੀ ਬੱਸਾਂ ਵੀ ਪੰਜਾਬ ਭਰ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਨੂੰ ਜੋੜ ਰਹੀਆਂ ਹਨ।
ਰੁਜ਼ਗਾਰ ਦੇ ਮੌਕਿਆਂ ਬਾਰੇ, ਉਨ੍ਹਾਂ ਕਿਹਾ, “ਇਨ੍ਹਾਂ 100 ਨਵੀਆਂ ਮਿੰਨੀ ਬੱਸਾਂ ਦੀ ਸ਼ੁਰੂਆਤ ਨਾਲ ਲਗਭਗ 150 ਡਰਾਈਵਰਾਂ ਅਤੇ ਕੰਡਕਟਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸਾਡੀ ਸਰਕਾਰ ਜਨਤਕ ਭਲਾਈ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਲਈ ਵਚਨਬੱਧ ਹੈ, ਤਾਂ ਜੋ ਜਨਤਕ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵੀ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰੇ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੀ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਬਿਹਤਰ ਸੰਪਰਕ ਜ਼ਰੂਰੀ ਹੈ। ਇਸ ਨਾਲ ਲੋਕਾਂ ਨੂੰ ਆਪਣੇ ਕੰਮ ਦੇ ਸਥਾਨਾਂ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ, ਵਿਦਿਆਰਥੀ ਵਿਦਿਅਕ ਸੰਸਥਾਵਾਂ ਵਿੱਚ ਵਧੇਰੇ ਸੁਵਿਧਾਜਨਕ ਢੰਗ ਨਾਲ ਜਾ ਸਕਣਗੇ, ਅਤੇ ਪਿੰਡ ਵਾਸੀਆਂ ਨੂੰ ਬਾਜ਼ਾਰਾਂ, ਮੰਡੀਆਂ ਅਤੇ ਜ਼ਰੂਰੀ ਸੇਵਾਵਾਂ ਤੱਕ ਆਸਾਨ ਪਹੁੰਚ ਮਿਲੇਗੀ।”
ਇਸ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਸੂਬਾ ਸਰਕਾਰ ਜਨਤਕ ਆਵਾਜਾਈ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਆਪਣੇ ਯਤਨ ਜਾਰੀ ਰੱਖੇਗੀ ਕਿ ਪੰਜਾਬ ਦਾ ਹਰ ਪਿੰਡ ਸੂਬੇ ਦੀ ਤਰੱਕੀ ਅਤੇ ਵਿਕਾਸ ਨਾਲ ਜੁੜਿਆ ਹੋਵੇ।




