ਸਪੋਰਟਸ, 06 ਜੂਨ 2026: IND ਬਨਾਮ AFG: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਸ਼ਨੀਵਾਰ ਨੂੰ ਮੁੱਲਾਂਪੁਰ ‘ਚ ਸ਼ੁਰੂ ਹੋਏ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਸਮਾਪਤ ਹੋ ਗਿਆ ਹੈ। ਭਾਰਤ ਨੇ ਅਫਗਾਨਿਸਤਾਨ ਖ਼ਿਲਾਫ ਪਹਿਲੇ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 368 ਦੌੜਾਂ ਬਣਾ ਲਈਆਂ ਹਨ। ਭਾਰਤ ਨੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ਨੀਵਾਰ ਨੂੰ ਖੇਡ ਦੇ ਅੰਤ ਤੱਕ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਨਾਬਾਦ ਰਹੇ।
ਕਪਤਾਨ ਸ਼ੁਭਮਨ ਗਿੱਲ ਨੇ 103 ਦੌੜਾਂ ਬਣਾਈਆਂ। ਕੇਐਲ ਰਾਹੁਲ 100 ਦੌੜਾਂ ਬਣਾ ਕੇ ਆਊਟ ਹੋਏ। ਰਿਸ਼ਭ ਪੰਤ 50 ਦੌੜਾਂ ਬਣਾ ਕੇ ਨਾਬਾਦ ਰਹੇ। ਸਾਈ ਸੁਦਰਸ਼ਨ ਨੇ 81 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਸਲੀਮ ਮੇਹਮਾਨ ਨੇ ਦੋ ਵਿਕਟਾਂ ਲਈਆਂ। ਜ਼ਿਆਉਰ ਰਹਿਮਾਨ ਸ਼ਰੀਫੀ ਨੇ ਇੱਕ ਵਿਕਟ ਲਈ।
ਸ਼ੁਭਮਨ ਗਿੱਲ ਨੇ ਆਪਣਾ 11ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 138 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ। 83ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ, ਗਿੱਲ ਨੇ ਮੁਹੰਮਦ ਸਲੀਮ ਦੁਆਰਾ ਲੈੱਗ ਸਟੰਪ ‘ਤੇ ਸਕੁਏਅਰ ਲੈੱਗ ਵੱਲ ਸੁੱਟੀ ਗਈ ਇੱਕ ਗੇਂਦ ਖੇਡੀ ਅਤੇ ਤਿੰਨ ਦੌੜਾਂ ਬਣਾਈਆਂ। ਆਪਣਾ ਸੈਂਕੜਾ ਪੂਰਾ ਕਰਨ ‘ਤੇ, ਗਿੱਲ ਨੇ ਆਪਣਾ ਹੈਲਮੇਟ ਉਤਾਰਿਆ ਅਤੇ ਆਪਣਾ ਬੱਲਾ ਚੁੱਕਿਆ, ਅਤੇ ਰਿਸ਼ਭ ਪੰਤ ਨੇ ਉਸਨੂੰ ਜੱਫੀ ਪਾ ਕੇ ਵਧਾਈ ਦਿੱਤੀ।
ਸ਼ੁਭਮਨ ਗਿੱਲ ਸ਼ਾਨਦਾਰ ਫਾਰਮ ‘ਚ ਹੈ। ਉਹ ਕਪਤਾਨ ਵਜੋਂ 1,000 ਟੈਸਟ ਦੌੜਾਂ ਪੂਰੀਆਂ ਕਰਨ ਵਾਲਾ 11ਵਾਂ ਭਾਰਤੀ ਖਿਡਾਰੀ ਬਣ ਗਿਆ। ਗਿੱਲ ਨੇ ਇਹ ਉਪਲਬਧੀ ਆਪਣੀ 15ਵੀਂ ਪਾਰੀ ‘ਚ ਹਾਸਲ ਕੀਤੀ, ਜੋ ਕਿ ਸੁਨੀਲ ਗਾਵਸਕਰ (14 ਪਾਰੀਆਂ) ਤੋਂ ਬਾਅਦ ਭਾਰਤ ਲਈ ਦੂਜੀ ਸਭ ਤੋਂ ਤੇਜ਼ ਹੈ। ਇਹ ਕਿਸੇ ਵੀ ਭਾਰਤੀ ਕਪਤਾਨ ਲਈ ਇਸ ਮੀਲ ਪੱਥਰ ‘ਤੇ ਪਹੁੰਚਣ ਲਈ ਸਭ ਤੋਂ ਘੱਟ ਸਮਾਂ (351 ਦਿਨ) ਵੀ ਹੈ।
Read More: ਆਇਰਲੈਂਡ ਤੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਵੈਭਵ ਸੂਰਿਆਵੰਸ਼ੀ ਨੂੰ ਮਿਲਿਆ ਮੌਕਾ




