ਪੰਜਾਬ ਵਿੱਚ 27 ਨਵੰਬਰ ਨੂੰ ਰਾਤ 8 ਵਜੇ ਵੱਜਣਗੇ ਸਾਇਰਨ

ਪੰਜਾਬ ਵਿੱਚ 27 ਨਵੰਬਰ ਨੂੰ ਰਾਤ 8 ਵਜੇ ਵੱਜਣਗੇ ਸਾਇਰਨ, ਹੋਵੇਗੀ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ

ਚੰਡੀਗੜ੍ਹ, 24 ਨਵੰਬਰ 2026: ਪੰਜਾਬ ਵਿੱਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਨੂੰ ਪਰਖਣ ਲਈ 27 ਨਵੰਬਰ 2026 ਨੂੰ ਰਾਤ 8 ਵਜੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਹ ਅਭਿਆਸ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਸਭ ਤੋਂ ਪਹਿਲਾਂ ਦੋ ਮਿੰਟਾਂ ਲਈ ਉੱਚੀ-ਨੀਵੀਂ ਆਵਾਜ਼ ਵਾਲੇ ਸਾਇਰਨ ਵਜਾ ਕੇ ਏਅਰ ਰੇਡ ਦੀ ਚਿਤਾਵਨੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਵੱਲੋਂ ਚੁਣੇ ਗਏ ਇਲਾਕਿਆਂ ਵਿੱਚ ਬਲੈਕਆਊਟ ਦਾ ਅਭਿਆਸ ਹੋਵੇਗਾ। ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਸਮੇਂ ਦੌਰਾਨ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ। ਹਾਲਾਂਕਿ, ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।ਡਰਿੱਲ ਦੇ ਅੰਤ ਵਿੱਚ ਦੋ ਮਿੰਟਾਂ ਲਈ ਲਗਾਤਾਰ ਉੱਚੀ ਆਵਾਜ਼ ਵਾਲਾ ਸਾਇਰਨ ਵਜਾਇਆ ਜਾਵੇਗਾ, ਜਿਸ ਨੂੰ ‘ਆਲ ਕਲੀਅਰ’ ਸੰਕੇਤ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੋਵੇਗਾ ਕਿ ਮੌਕ ਡਰਿੱਲ ਪੂਰੀ ਹੋ ਗਈ ਹੈ।

ਇਸ ਅਭਿਆਸ ਦੌਰਾਨ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਅੱਗ ਬੁਝਾਉਣ, ਲੋਕਾਂ ਦੀ ਭਾਲ ਅਤੇ ਬਚਾਅ, ਫਸਟ ਏਡ, ਮੈਡੀਕਲ ਸਹਾਇਤਾ, ਜ਼ਖਮੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਅਤੇ ਟ੍ਰੈਫਿਕ ਤੇ ਭੀੜ ਨੂੰ ਕੰਟਰੋਲ ਕਰਨ ਦਾ ਅਭਿਆਸ ਸ਼ਾਮਲ ਹੈ।

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਇਰਨ ਦੀ ਆਵਾਜ਼ ਸੁਣ ਕੇ ਘਬਰਾਉਣ ਦੀ ਲੋੜ ਨਹੀਂ ਹੈ। ਇਹ ਕਿਸੇ ਅਸਲ ਹਮਲੇ ਦੀ ਚਿਤਾਵਨੀ ਨਹੀਂ, ਸਗੋਂ ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਐਮਰਜੈਂਸੀ ਪ੍ਰਬੰਧਾਂ ਦੀ ਜਾਂਚ ਕਰਨ ਲਈ ਕਰਵਾਇਆ ਜਾ ਰਿਹਾ ਇੱਕ ਰੁਟੀਨ ਅਭਿਆਸ ਹੈ।

READ MORE : ਪੰਜਾਬ ਚੋਣਾਂ ਲਈ ਕਾਂਗਰਸ ਨੇ ਪ੍ਰਿਅੰਕਾ ਕੱਕੜ ਨੂੰ ਸੌਂਪੀ ਮੀਡੀਆ ਕੋਆਰਡੀਨੇਟਰ ਦੀ ਜ਼ਿੰਮੇਵਾਰੀ

ਵਿਦੇਸ਼

Scroll to Top