Vaibhav Suryavanshi news

ਯੁਵਰਾਜ ਸਿੰਘ ਦੀ ਸਲਾਹ ਨੇ ਵੈਭਵ ਸੂਰਿਆਵੰਸ਼ੀ ਨੂੰ ਬਣਾਇਆ ਬੇਖੌਫ਼, 28 ਛੱਕਿਆ ਦੀ ਬਰਸਾਤ

ਖੇਡਾਂ, 25 ਨਵੰਬਰ 2026: ਵੈਭਵ ਸੂਰਿਆਵੰਸ਼ੀ ਨੇ ਯੂਏਈ ਵਿਰੁੱਧ ਸਿਰਫ਼ 53 ਗੇਂਦਾਂ ‘ਚ 204 ਦੌੜਾਂ ਦੀ ਆਪਣੀ ਇਤਿਹਾਸਕ ਪਾਰੀ ਨਾਲ ਕ੍ਰਿਕਟ ਜਗਤ ‘ਚ ਹਲਚਲ ਮਚਾ ਦਿੱਤੀ। ਉਸਦੀ ਧਮਾਕੇਦਾਰ ਪਾਰੀ ਨੂੰ ਇੱਕ ਖਾਸ ਵਿਅਕਤੀ ਦੀ ਸਲਾਹ ਅਤੇ 30 ਮਿੰਟ ਦੀ ਫ਼ੋਨ ਗੱਲਬਾਤ ਨੇ ਹੁਲਾਰਾ ਦਿੱਤਾ। ਬੀਸੀਸੀਆਈ ਨੇ ਹੁਣ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਵੈਭਵ ਆਪਣੀ ਇਤਿਹਾਸਕ ਪਾਰੀ ਦੇ ਪਿੱਛੇ ਦੀ ਕਹਾਣੀ ਦੱਸੀ।

ਵੈਭਵ ਨੇ ਇਸ ਧਮਾਕੇਦਾਰ ਪਾਰੀ ਦਾ ਸਿਹਰਾ ਯੁਵਰਾਜ ਸਿੰਘ ਨੂੰ ਦਿੱਤਾ। ਬੀਸੀਸੀਆਈ ਟੀਵੀ ਨਾਲ ਇੱਕ ਇੰਟਰਵਿਊ ‘ਚ, ਵੈਭਵ ਨੇ ਕਿਹਾ ਕਿ ਉਸਨੇ ਯੁਵੀ ਨਾਲ ਲਗਭੱਗ 30 ਮਿੰਟ ਗੱਲ ਕੀਤੀ, ਜਿਸ ਨਾਲ ਉਸਨੂੰ ਲੈਅ ‘ਚ ਆਉਣ ‘ਚ ਮੱਦਦ ਮਿਲੀ।

ਵੀਡੀਓ ਸਾਂਝਾ ਕਰਦੇ ਹੋਏ, ਬੀਸੀਸੀਆਈ ਨੇ ਕੈਪਸ਼ਨ ‘ਚ ਲਿਖਿਆ, “ਯੁਵਰਾਜ ਸਿੰਘ ਨਾਲ 30 ਮਿੰਟ ਦੀ ਫ਼ੋਨ ਗੱਲਬਾਤ ਨੇ ਵੈਭਵ ਸੂਰਿਆਵੰਸ਼ੀ ਦੀ ਝਿਜਕ ਦੂਰ ਕਰ ਦਿੱਤੀ। ਫਿਰ ਉਨ੍ਹਾਂ ਨੇ 28 ਛੱਕੇ ਅਤੇ ਸੱਤ ਚੌਕਿਆਂ ਨਾਲ ਵਿਸ਼ਵ ਰਿਕਾਰਡ 204 ਦੌੜਾਂ ਬਣਾ ਕੇ ਇਤਿਹਾਸ ਰਚਿਆ।

ਵੈਭਵ ਨੇ ਦੱਸਿਆ ਕਿ “ਕੱਲ੍ਹ (ਮੈਚ ਤੋਂ ਇੱਕ ਦਿਨ ਪਹਿਲਾਂ), ਮੈਂ ਚਾਰ ਜਣਿਆਂ ਨਾਲ ਗੱਲ ਕੀਤੀ। ਸਿਰਫ਼ ਚਾਰ ਜਣੇ। ਇੱਕ ਮੇਰੇ ਪਿਤਾ ਸਨ। ਇੱਕ ਮੇਰੇ ਬਚਪਨ ਦੇ ਕੋਚ ਮਨੀਸ਼ ਓਝਾ ਸਨ। ਇੱਕ ਮੇਰਾ ਅੰਡਰ-19 ਕ੍ਰਿਕਟ ਦਾ ਦੋਸਤ, ਪ੍ਰਥਮ ਸੀ। ਚੌਥਾ ਯੁਵਰਾਜ ਸਿੰਘ ਸਰ ਸੀ। ਮੈਂ ਉਨ੍ਹਾਂ ਨਾਲ ਲਗਭੱਗ ਅੱਧਾ ਘੰਟਾ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਬਹੁਤ ਕੁਝ ਸਮਝਾਇਆ ਅਤੇ ਬੱਲੇਬਾਜ਼ੀ ਬਾਰੇ ਦੱਸਿਆ।

ਇਸ ਮੈਚ ਤੋਂ ਪਹਿਲਾਂ, ਮੈਂ ਬਹੁਤ ਵਧੀਆ ਕ੍ਰਿਕਟ ਨਹੀਂ ਖੇਡਿਆ ਸੀ, ਇਸ ਲਈ ਮੈਂ ਕਾਫ਼ੀ ਚਿੰਤਤ ਸੀ। ਇਸ ਕਾਰਨ, ਮੈਂ ਯੁਵਰਾਜ ਸਰ ਨਾਲ ਖੁੱਲ੍ਹ ਕੇ ਗੱਲ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਵੀ ਮੈਂ ਬੱਲੇਬਾਜ਼ੀ ਕਰਨ ਲਈ ਕ੍ਰੀਜ਼ ‘ਤੇ ਜਾਂਦਾ ਹਾਂ, ਤਾਂ ਮੈਨੂੰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਨੇ ਅੱਧੇ ਘੰਟੇ ਤੱਕ ਮੈਨੂੰ ਸਭ ਕੁਝ ਚੰਗੀ ਤਰ੍ਹਾਂ ਸਮਝਾਇਆ।”

ਵੈਭਵ ਨੇ ਕਿਹਾ, “ਯੁਵਰਾਜ ਸਰ ਨੇ ਮੈਨੂੰ ਬਸ ਇਹੀ ਕਿਹਾ ਕਿ ਜੇਕਰ ਮੈਂ 20 ਗੇਂਦਾਂ ਖੇਡਦਾ ਹਾਂ, ਤਾਂ ਸਕੋਰ ਵੱਖਰਾ ਹੋਵੇਗਾ। ਉਨ੍ਹਾਂ ਨੇ ਮੈਨੂੰ ਕਈ ਹੋਰ ਤਕਨੀਕੀ ਗੱਲਾਂ ਵੀ ਸਮਝਾਈਆਂ। ਇਸ ਨਾਲ ਮੈਨੂੰ 204 ਦੌੜਾਂ ਬਣਾਉਣ ‘ਚ ਬਹੁਤ ਮੱਦਦ ਮਿਲੀ। ਮੇਰੀ ਮਾਨਸਿਕਤਾ ਇਹ ਸੀ ਕਿ ਜਾ ਕੇ ਦੇਖਾਂ ਕਿ ਵਿਕਟ ਕਿਹੋ ਜਿਹੀ ਹੈ। ਮੈਂ ਇਹੀ ਕੀਤਾ। ਮੈਂ ਵਿਕਟ ‘ਤੇ ਗਿਆ ਅਤੇ ਇੱਕ ਜਾਂ ਦੋ ਗੇਂਦਾਂ ਦੇਖੀਆਂ। ਫਿਰ ਮੈਨੂੰ ਲੱਗਾ ਕਿ ਗੇਂਦ ਬੱਲੇ ‘ਤੇ ਚੰਗੀ ਤਰ੍ਹਾਂ ਆ ਰਹੀ ਸੀ, ਇਸ ਲਈ ਮੈਂ ਆਪਣੀ ਖੇਡ ਯੋਜਨਾ ਨੂੰ ਲਾਗੂ ਕੀਤਾ।”

Read More: ਵੈਭਵ ਸੂਰਿਆਵੰਸ਼ੀ ਨੇ 52 ਗੇਂਦਾਂ ‘ਚ ਦੋਹਰਾ ਸੈਂਕੜਾ ਜੜ ਕੇ ਬਣਾਇਆ ਵਿਸ਼ਵ ਰਿਕਾਰਡ

ਵਿਦੇਸ਼

Scroll to Top