ਚੰਡੀਗੜ੍ਹ, 27 ਨਵੰਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਜ਼ਿਲ੍ਹੇ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਇਕੱਠੇ ਦਰਸ਼ਨ ਕਰਵਾਉਣ ਲਈ ਬਿਹਤਰ, ਸੁਵਿਧਾਜਨਕ ਅਤੇ ਵਾਤਾਵਰਣ-ਅਨੁਕੂਲ ਜਨਤਕ ਆਵਾਜਾਈ ਸਹੂਲਤ ਉਪਲਬਧ ਕਰਵਾਉਣ ਦੀ ਦਿਸ਼ਾ ‘ਚ ਅੱਜ ਮਾਤਾ ਮਨਸਾ ਦੇਵੀ ਮੰਦਰ ਕੰਪਲੈਕਸ, ਪੰਚਕੂਲਾ ਸਥਿਤ ਸੰਸਕ੍ਰਿਤ ਗੁਰੂਕੁਲ ਤੋਂ ਦੋ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੱਸ ਸੇਵਾ ਸ੍ਰੀ ਮਾਤਾ ਮਨਸਾ ਦੇਵੀ ਮੰਦਰ ਤੋਂ ਸ਼ੁਰੂ ਹੋ ਕੇ ਚੰਡੀ ਮਾਤਾ ਮੰਦਰ ਅਤੇ ਪਿੰਜੌਰ ਗਾਰਡਨ ਹੁੰਦੇ ਹੋਏ ਕਾਲਕਾ ਸਥਿਤ ਸ੍ਰੀ ਕਾਲੀ ਮਾਤਾ ਮੰਦਰ ਤੱਕ ਚਲਾਈ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਨੇ ਹਰਿਆਣਾ ਰਾਜ ਟਰਾਂਸਪੋਰਟ ਦੇ ਸੈਕਟਰ-5, ਪੰਚਕੂਲਾ ਸਥਿਤ ਨਵੀਨੀਕਰਨ ਕੀਤੇ ਬੱਸ ਟਰਮੀਨਲ ਦਾ ਵੀ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਮਾਂ ਸ਼ਕਤੀ ਦੀ ਉਪਾਸਨਾ ਦਾ ਇੱਕ ਮਹੱਤਵਪੂਰਨ ਕੇਂਦਰ ਹੈ। ਇੱਥੋਂ ਦੀਆਂ ਵਾਦੀਆਂ ਵਿੱਚ ਮਾਂ ਦੇ ਵੱਖ-ਵੱਖ ਸਰੂਪਾਂ ਦਾ ਵਾਸ ਹੈ, ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਲੈ ਕੇ ਸੀਸ ਨਿਵਾਉਣ ਆਉਂਦੇ ਹਨ। ਸ਼ਰਧਾਲੂਆਂ, ਖ਼ਾਸ ਕਰਕੇ ਬਜ਼ੁਰਗਾਂ ਅਤੇ ਔਰਤਾਂ ਨੂੰ ਇਨ੍ਹਾਂ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਇਕੱਠੇ ਦਰਸ਼ਨ ਕਰਨ ਵਿੱਚ ਆਵਾਜਾਈ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਵੱਖ-ਵੱਖ ਥਾਵਾਂ ਤੱਕ ਪਹੁੰਚਣ ਲਈ ਨਿੱਜੀ ਵਾਹਨਾਂ ‘ਤੇ ਨਿਰਭਰਤਾ ਅਤੇ ਵਾਰ-ਵਾਰ ਆਵਾਜਾਈ ਦੇ ਸਾਧਨ ਬਦਲਣ ਦੀ ਪਰੇਸ਼ਾਨੀ ਕਾਰਨ ਕਈ ਸ਼ਰਧਾਲੂ ਸਾਰੇ ਮੰਦਰਾਂ ਦੇ ਦਰਸ਼ਨ ਨਹੀਂ ਕਰ ਪਾਉਂਦੇ ਸਨ।
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਇਸੇ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਦੋ ਪ੍ਰਦੂਸ਼ਣ-ਮੁਕਤ ਇਲੈਕਟ੍ਰਿਕ ਬੱਸਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਲ 2070 ਤੱਕ ਨੈੱਟ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਅਤੇ ‘ਲਾਈਫ (LiFE)-ਵਾਤਾਵਰਣ ਲਈ ਜੀਵਨਸ਼ੈਲੀ’ ਦੇ ਮੰਤਰ ਨੂੰ ਜ਼ਮੀਨੀ ਪੱਧਰ ‘ਤੇ ਉਤਾਰਨ ਦੀ ਦਿਸ਼ਾ ‘ਚ ਇੱਕ ਮਹੱਤਵਪੂਰਨ ਕਦਮ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਬੱਸ ਸੇਵਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੀ ਸੁਵਿਧਾਜਨਕ ਸਮਾਂ-ਸਾਰਣੀ ਅਤੇ ਡਿਜੀਟਲ ਵਿਵਸਥਾ ਹੈ। ਦੋਵੇਂ ਬੱਸਾਂ ਰੋਜ਼ਾਨਾ ਛੇ ਚੱਕਰ ਲਗਾਉਣਗੀਆਂ। ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਕਿਊਆਰ ਕੋਡ ਵੀ ਜਾਰੀ ਕੀਤਾ ਗਿਆ ਹੈ, ਜਿਸ ਨੂੰ ਸਕੈਨ ਕਰਕੇ ਸ਼ਰਧਾਲੂ ਆਪਣੇ ਮੋਬਾਈਲ ਫ਼ੋਨ ‘ਤੇ ਬੱਸ ਦੀ ਅਸਲ ਲੋਕੇਸ਼ਨ ਅਤੇ ਸਮਾਂ-ਸਾਰਣੀ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਇਹ ਬੱਸ ਸੇਵਾ ਵਾਤਾਵਰਣ-ਅਨੁਕੂਲ ਇਲੈਕਟ੍ਰਿਕ ਆਵਾਜਾਈ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੰਚਕੂਲਾ ਦੇ ਪ੍ਰਮੁੱਖ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ਨੂੰ ਆਪਸ ‘ਚ ਜੋੜਨ ‘ਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ। ਇਸ ਨਾਲ ਸ਼ਰਧਾਲੂਆਂ, ਸੈਲਾਨੀਆਂ ਅਤੇ ਆਮ ਨਾਗਰਿਕਾਂ ਨੂੰ ਆਉਣ-ਜਾਣ ਦਾ ਸੁਖਾਲਾ ਅਤੇ ਸੁਵਿਧਾਜਨਕ ਵਿਕਲਪ ਉਪਲਬਧ ਹੋਵੇਗਾ।
Read More: CM ਨਾਇਬ ਸਿੰਘ ਸੈਣੀ ਵੱਲੋਂ ‘ਖੇਡ ਮਹਾਂਕੁੰਭ ਹਰਿਆਣਾ 2026’ ਦਾ ਉਦਘਾਟਨ




