ਦੇਸ਼,14 ਸਤੰਬਰ 2026: Tarun Tejpal Surrender: ਤਹਿਲਕਾ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ਨੇ ਸੋਮਵਾਰ ਨੂੰ ਗੋਆ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਬੰਬੇ ਹਾਈ ਕੋਰਟ ਦੀ ਗੋਆ ਬੈਂਚ ਨੇ ਉਨ੍ਹਾਂ ਨੂੰ 2013 ਦੇ ਬਲਾਤਕਾਰ ਦੇ ਇੱਕ ਮਾਮਲੇ ‘ਚ ਦੋਸ਼ੀ ਠਹਿਰਾਇਆ ਅਤੇ ਉਸਨੂੰ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਆਤਮ ਸਮਰਪਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਉਸਨੂੰ ਉੱਤਰੀ ਗੋਆ ਦੀ ਕੋਲਵੇਲ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ।
ਸੁਪਰੀਮ ਕੋਰਟ ਨੇ 25 ਅਗਸਤ ਨੂੰ ਤੇਜਪਾਲ ਦੇ ਆਤਮ ਸਮਰਪਣ ਦਾ ਨਿਰਦੇਸ਼ ਦਿੱਤਾ ਸੀ। ਸੁਪਰੀਮ ਕੋਰਟ ਨੇ ਉਸਦੀ ਪਟੀਸ਼ਨ ‘ਤੇ ਤੁਰੰਤ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਜ਼ਾ ਦੇ ਖਿਲਾਫ ਉਸਦੀ ਅਪੀਲ ਸਿਰਫ ਤਾਂ ਹੀ ਅੱਗੇ ਵਧੇਗੀ ਜੇਕਰ ਉਹ ਪਹਿਲਾਂ ਆਤਮ ਸਮਰਪਣ ਕਰੇ ਅਤੇ ਸਰਟੀਫਿਕੇਟ ਜਮ੍ਹਾ ਕਰੇ। ਸੁਪਰੀਮ ਕੋਰਟ ਨੇ ਉਸਦੀ ਅਪੀਲ ਨੂੰ 22 ਸਤੰਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ।
ਮੈਪੁਸਾ ਦੀ ਐਡੀਸ਼ਨਲ ਸੈਸ਼ਨ ਕੋਰਟ ‘ਚ ਆਤਮ ਸਮਰਪਣ ਕਰਨ ਤੋਂ ਬਾਅਦ, ਤੇਜਪਾਲ ਨੂੰ ਜੇਲ੍ਹ ਭੇਜ ਦਿੱਤਾ ਗਿਆ। ਅਦਾਲਤ ਦੇ ਅਹਾਤੇ ਤੋਂ ਨਿਕਲਦੇ ਸਮੇਂ, ਉਨ੍ਹਾਂ ਨੇ ਕਿਹਾ ਕਿ ਉਹ ਸੁਪਰੀਮ ਕੋਰਟ ‘ਚ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਆਪਣੀ ਲੜਾਈ ਜਾਰੀ ਰੱਖੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਸੁਪਰੀਮ ਕੋਰਟ ਉਸਨੂੰ ਇਨਸਾਫ਼ ਦੇਵੇਗਾ।
ਹੁਣ ਇਹ ਮਾਮਲਾ ਸੁਪਰੀਮ ਕੋਰਟ ‘ਚ ਤੇਜਪਾਲ ਦੀ ਸਜ਼ਾ ਅਤੇ 10 ਸਾਲ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਅਪੀਲ ਨਾਲ ਅੱਗੇ ਵਧੇਗਾ। ਇਸ ਦੌਰਾਨ, ਗੋਆ ਸਰਕਾਰ ਨੇ ਵੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ, ਜਿਸ ‘ਚ ਹਾਈ ਕੋਰਟ ਵੱਲੋਂ ਸੁਣਾਈ ਗਈ ਸਜ਼ਾ ਨੂੰ ਉਮਰ ਕੈਦ ਤੱਕ ਵਧਾਉਣ ਦੀ ਮੰਗ ਕੀਤੀ ਗਈ ਹੈ। ਹਾਲਾਂਕਿ, ਸੂਬਾ ਸਰਕਾਰ ਨੇ ਤੇਜਪਾਲ ਨੂੰ ਦੋਸ਼ੀ ਠਹਿਰਾਉਣ ਵਾਲੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਨਹੀਂ ਦਿੱਤੀ ਹੈ।
ਤੇਜਪਾਲ ਨਾਲ ਜੁੜਿਆ ਮਾਮਲਾ ਕੀ ਹੈ ?
ਇਹ ਮਾਮਲਾ ਨਵੰਬਰ 2013 ਦਾ ਹੈ। ਉਸ ਸਮੇਂ, ਇੱਕ ਸਾਬਕਾ ਮਹਿਲਾ ਕਰਮਚਾਰੀ ਨੇ ਤਰੁਣ ਤੇਜਪਾਲ ‘ਤੇ ਗੋਆ ਦੇ ਬੰਬੋਲੀਮ ‘ਚ ਇੱਕ ਪੰਜ-ਸਿਤਾਰਾ ਹੋਟਲ-ਰਿਜ਼ੋਰਟ ਦੀ ਲਿਫਟ ‘ਚ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਇਹ ਘਟਨਾ ਤਹਿਲਕਾ ਦੇ ਸਾਲਾਨਾ ਥਿੰਕਫੈਸਟ ਪ੍ਰੋਗਰਾਮ ਦੌਰਾਨ ਵਾਪਰੀ ਸੀ।
ਦੋਸ਼ਾਂ ਤੋਂ ਬਾਅਦ, ਤੇਜਪਾਲ ਨੂੰ 30 ਨਵੰਬਰ, 2013 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਬਾਅਦ ‘ਚ ਉਸਨੂੰ ਜ਼ਮਾਨਤ ਦੇ ਦਿੱਤੀ। ਗੋਆ ਸੈਸ਼ਨ ਕੋਰਟ ‘ਚ ਮੁਕੱਦਮਾ 2017 ‘ਚ ਸ਼ੁਰੂ ਹੋਇਆ।
2021 ‘ਚ ਗੋਆ ਸੈਸ਼ਨ ਕੋਰਟ ਨੇ ਤੇਜਪਾਲ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਗੋਆ ਸਰਕਾਰ ਨੇ ਬਾਅਦ ‘ਚ ਇਸ ਫੈਸਲੇ ਨੂੰ ਬੰਬੇ ਹਾਈ ਕੋਰਟ ‘ਚ ਚੁਣੌਤੀ ਦਿੱਤੀ। ਲੰਬੀ ਸੁਣਵਾਈ ਤੋਂ ਬਾਅਦ, ਹਾਈ ਕੋਰਟ ਦੀ ਗੋਆ ਬੈਂਚ ਨੇ 6 ਅਗਸਤ ਨੂੰ ਹੇਠਲੀ ਅਦਾਲਤ ਦੇ ਫੈਸਲੇ ਨੂੰ ਉਲਟਾ ਦਿੱਤਾ।
Read More: ਅਦਾਕਾਰ ਸੁਸ਼ਾਂਤ ਸਿੰਘ ਦੀ ਮੈਨੇਜਰ ਦਿਸ਼ਾ ਦੀ ਮੌ.ਤ ਮਾਮਲੇ ਦੀ CBI ਕਰੇਗੀ ਜਾਂਚ




