ਸਿੱਕਮ, 21 ਜੁਲਾਈ 2026: Sikkim Tunnel Collapse: ਸੋਮਵਾਰ ਨੂੰ ਸਿੱਕਮ ‘ਚ ਨਿਰਮਾਣ ਅਧੀਨ ਇੱਕ ਸੁਰੰਗ ਦਾ ਪ੍ਰਵੇਸ਼ ਦੁਆਰ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ, ਜਿਸ ਕਾਰਨ 27 ਮਜ਼ਦੂਰ ਅੰਦਰ ਫਸ ਗਏ। ਉਨ੍ਹਾਂ ‘ਚੋਂ 10 ਦੀ ਮੌਤ ਹੋ ਗਈ। ਮ੍ਰਿਤਕਾਂ ‘ਚੋਂ ਤਿੰਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ, ਜਦੋਂ ਕਿ 17 ਮਜ਼ਦੂਰ ਫਸੇ ਹੋਏ ਹਨ।
ਨਾਮਚੀ ਜ਼ਿਲ੍ਹੇ ਦੇ ਮਮਰਿੰਗ ‘ਚ ਸਮਰਦੁੰਗ ਸੁਰੰਗ ‘ਤੇ ਨਿਰਮਾਣ ਕਾਰਜ ਚੱਲ ਰਿਹਾ ਸੀ। ਪੁਲਿਸ ਸੁਪਰਡੈਂਟ ਸੋਨਮ ਡੋਲਮਾ ਨੇ ਕਿਹਾ ਕਿ ਫਸੇ ਮਜ਼ਦੂਰਾਂ ਦੀ ਗਿਣਤੀ 27 ਤੋਂ ਵੱਧ ਜਾਂ ਘੱਟ ਹੋ ਸਕਦੀ ਹੈ।
ਸੁਰੰਗ ‘ਚ ਮੀਥੇਨ ਗੈਸ ਲੀਕ ਹੋਣ ਦਾ ਸ਼ੱਕ ਹੈ। ਕਈ ਬਚਾਅ ਕਰਮਚਾਰੀਆਂ ਨੂੰ ਅੰਦਰ ਜਾਣ ਵੇਲੇ ਚੱਕਰ ਆਏ, ਅਤੇ ਕੁਝ ਬੇਹੋਸ਼ ਵੀ ਹੋ ਗਏ, ਜਿਸ ਨਾਲ ਬਚਾਅ ਕਾਰਜ ‘ਚ ਰੁਕਾਵਟ ਆਈ।
ਜ਼ਿਲ੍ਹਾ ਮੈਜਿਸਟ੍ਰੇਟ ਤਾਮਲਿੰਗ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਦੁਪਹਿਰ 3:40 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲੀ। ਇਸ ਤੋਂ ਬਾਅਦ, ਐਨਡੀਆਰਐੱਫ , ਐੱਸਡੀਆਰਐੱਫ, ਜ਼ਿਲ੍ਹਾ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ।
ਗੈਸ ਵਿਰੋਧੀ ਉਪਕਰਣਾਂ ਨਾਲ ਲੈਸ ਇੱਕ ਵਿਸ਼ੇਸ਼ ਬਚਾਅ ਟੀਮ ਨੂੰ ਵੀ ਪੱਛਮੀ ਬੰਗਾਲ ਤੋਂ ਲਿਆਂਦਾ ਗਿਆ ਹੈ। ਐਂਬੂਲੈਂਸਾਂ ਸਟੈਂਡਬਾਈ ‘ਤੇ ਹਨ। ਗੈਸ ਮਾਸਕ ਪਹਿਨੇ ਬਚਾਅ ਕਰਮਚਾਰੀ ਮਜ਼ਦੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਪਟੇਲ ਇੰਜੀਨੀਅਰਿੰਗ ਕੰਪਨੀ ਤੀਸਤਾ ਸਟੇਜ-6 ਪਣਬਿਜਲੀ ਪ੍ਰੋਜੈਕਟ ਲਈ ਇਹ ਸੁਰੰਗ ਬਣਾ ਰਹੀ ਸੀ।
ਮੀਥੇਨ ਕੋਈ ਜ਼ਹਿਰੀਲੀ ਗੈਸ ਨਹੀਂ ਹੈ, ਪਰ ਇਹ ਬੰਦ ਸੁਰੰਗ ‘ਚ ਆਕਸੀਜਨ ਦੇ ਪੱਧਰ ਨੂੰ ਘਟਾ ਸਕਦੀ ਹੈ। ਆਕਸੀਜਨ ਦੇ ਪੱਧਰ ‘ਚ ਇਹ ਕਮੀ ਦਮ ਘੁੱਟਣ ਅਤੇ ਬੇਹੋਸ਼ੀ ਦਾ ਖ਼ਤਰਾ ਵਧਾਉਂਦੀ ਹੈ। ਜੇਕਰ ਗੈਸ ਕਿਸੇ ਚੰਗਿਆੜੀ ਦੇ ਸੰਪਰਕ ‘ਚ ਆਉਂਦੀ ਹੈ, ਤਾਂ ਇਹ ਅੱਗ ਜਾਂ ਧਮਾਕੇ ਦਾ ਕਾਰਨ ਬਣ ਸਕਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਨਾਮਚੀ ਜ਼ਿਲ੍ਹੇ ‘ਚ ਨਿਰਮਾਣ ਅਧੀਨ ਸੁਰੰਗ ‘ਤੇ ਹੋਏ ਜ਼ਮੀਨ ਖਿਸਕਣ ਬਾਰੇ ਪੁੱਛਗਿੱਛ ਕਰਨ ਲਈ ਗੱਲ ਕੀਤੀ। ਅਧਿਕਾਰੀਆਂ ਦੇ ਅਨੁਸਾਰ, ਅਮਿਤ ਸ਼ਾਹ ਨੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਰਾਜ ਸਰਕਾਰ ਨੂੰ ਹਰ ਸੰਭਵ ਕੇਂਦਰੀ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਤਿਆਰ ਹੈ।
ਹਾਦਸਾ ਸੋਮਵਾਰ ਦੁਪਹਿਰ ਨਾਮਚੀ ਜ਼ਿਲ੍ਹੇ ਦੇ ਸਮਰਦੁੰਗ ‘ਚ NHPC ਦੇ ਤੀਸਤਾ ਸਟੇਜ-6 ਪਣਬਿਜਲੀ ਪ੍ਰੋਜੈਕਟ ‘ਚ ਨਿਰਮਾਣ ਅਧੀਨ ਇੱਕ ਸੁਰੰਗ ‘ਚ ਵਾਪਰਿਆ। ਨਾਮਚੀ ਦੀ ਪੁਲਿਸ ਸੁਪਰਡੈਂਟ ਸੋਨਮ ਡੋਲਮਾ ਨੇ ਕਿਹਾ, “ਲਗਭਗ 27 ਲੋਕ ਫਸੇ ਹੋਏ ਹਨ; ਇਹ ਗਿਣਤੀ ਵੱਧ ਸਕਦੀ ਹੈ। ਫਸੇ ਹੋਏ 27 ਲੋਕਾਂ ‘ਚੋਂ, ਅਸੀਂ ਹੁਣ ਤੱਕ 10 ਲਾਸ਼ਾਂ ਬਰਾਮਦ ਕੀਤੀਆਂ ਹਨ। ਅਸੀਂ ਅਜੇ ਤੱਕ ਉਨ੍ਹਾਂ ਵਿੱਚੋਂ ਤਿੰਨ ਦੀ ਪਛਾਣ ਨਹੀਂ ਕੀਤੀ ਹੈ, ਅਤੇ ਪਛਾਣ ਪ੍ਰਕਿਰਿਆ ਜਾਰੀ ਹੈ। ਅਸੀਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਦੀ ਪਛਾਣ ਕੀਤੀ ਗਈ ਹੈ ਤਾਂ ਜੋ ਲਾਸ਼ਾਂ ਉਨ੍ਹਾਂ ਨੂੰ ਸੌਂਪੀਆਂ ਜਾ ਸਕਣ।”
Read More: ਮਾਨਸੂਨ ਸੈਸ਼ਨ: ਵਿਰੋਧੀ ਧਿਰ ਪੇਪਰ ਲੀਕ ਅਤੇ ਸੀਜੇਪੀ ਵਿਰੋਧ ਪ੍ਰਦਰਸ਼ਨ ‘ਤੇ ਚਰਚਾ ਦੀ ਮੰਗ ‘ਤੇ ਅੜਿਆ




