Bawaria community announces a complete boycott of AAP

ਪਿੰਡ ਸੰਧਵਾ ‘ਚ ਬਾਵਰੀਆ ਸਮਾਜ ਨੇ ਕੀਤਾ ‘ਆਪ’ ਦਾ ਮੁਕੰਮਲ ਬਾਈਕਾਟ, ਜਾਣੋ ਕਿਉਂ ?

ਕੋਟਕਪੂਰਾ,24 ਨਵੰਬਰ 2026: ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਨਵਾਂ ਸਿਆਸੀ ਮੋੜ ਦੇਖਣ ਨੂੰ ਮਿਲ ਰਿਹਾ ਹੈ। ਕੋਟਕਪੂਰਾ ਦੇ ਪਿੰਡ ਸੰਧਵਾਂ ਵਿੱਚ ਬਾਵਰੀਆ ਸਮਾਜ ਵੱਲੋਂ ਕਰਵਾਈ ਗਈ ਮਹਾਂਪੰਚਾਇਤ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਖ਼ਿਲਾਫ਼ ਵੱਡਾ ਐਲਾਨ ਕੀਤਾ ਗਿਆ ਹੈ। ਮਹਾਂਪੰਚਾਇਤ ਵਿੱਚ ਇਕੱਠੇ ਹੋਏ ਲੋਕਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ AAP ਦਾ ਮੁਕੰਮਲ ਬਾਈਕਾਟ ਕਰਨ ਦਾ ਫੈਸਲਾ ਲਿਆ।ਇਸ ਦੌਰਾਨ ਸਮਾਜ ਦੇ ਲੋਕਾਂ ਨੇ ਬਾਬਾ ਗੋਸਾਈਂ ਦੀ ਸੌਂਹ ਚੁੱਕ ਕੇ ਐਲਾਨ ਕੀਤਾ ਕਿ ਜੇਕਰ ਸਮਾਜ ਦਾ ਕੋਈ ਵੀ ਵਿਅਕਤੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਦਾ ਹੈ ਤਾਂ ਉਸ ਨੂੰ ਸਮਾਜ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ।

ਇਹ ਮਹਾਂਪੰਚਾਇਤ ਬਾਵਰੀਆ ਸਮਾਜ ਦੇ ਨਾਲ-ਨਾਲ ਸਾਂਸੀ ਅਤੇ ਬਾਜ਼ੀਗਰ ਭਾਈਚਾਰੇ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਦੇ ਸੱਦੇ ‘ਤੇ ਕਰਵਾਈ ਗਈ ਸੀ। ਆਗੂਆਂ ਦਾ ਦੋਸ਼ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।

ਮਹਾਂਪੰਚਾਇਤ ਵਿੱਚ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਵਿਮੁਕਤ ਜਾਤੀਆਂ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਿੱਚ 2 ਫੀਸਦੀ ਰਾਖਵਾਂਕਰਨ ਮਿਲਦਾ ਸੀ। ਪਰ ਉਨ੍ਹਾਂ ਦੇ ਦਾਅਵੇ ਅਨੁਸਾਰ ਸਤੰਬਰ 2022 ਵਿੱਚ ਮੌਜੂਦਾ ਸਰਕਾਰ ਵੱਲੋਂ ਜਾਰੀ ਪੱਤਰ ਰਾਹੀਂ ਇਸ ਰਾਖਵਾਂਕਰਨ ਨੂੰ ਰੱਦ ਕਰ ਦਿੱਤਾ ਗਿਆ ਸੀ।

ਆਗੂਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਕਾਰਨ ਸਰਕਾਰੀ ਨੌਕਰੀਆਂ ਲਈ ਕਾਊਂਸਲਿੰਗ ਤੱਕ ਪੂਰੀ ਕਰ ਚੁੱਕੇ ਸੈਂਕੜੇ ਨੌਜਵਾਨ ਨੌਕਰੀਆਂ ਤੋਂ ਵਾਂਝੇ ਰਹਿ ਗਏ। ਰਾਖਵਾਂਕਰਨ ਦੀ ਬਹਾਲੀ ਲਈ ਸਮਾਜ ਵੱਲੋਂ ਲੰਮਾ ਸੰਘਰਸ਼ ਕੀਤਾ ਗਿਆ ਅਤੇ ਕਈ ਲੋਕਾਂ ਨੂੰ ਜੇਲ੍ਹਾਂ ਵੀ ਜਾਣਾ ਪਿਆ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।

ਇਸੇ ਨਾਰਾਜ਼ਗੀ ਦੇ ਚੱਲਦਿਆਂ ਹੁਣ ਮਹਾਂਪੰਚਾਇਤ ਵਿੱਚ ਆਮ ਆਦਮੀ ਪਾਰਟੀ ਦੇ ਬਾਈਕਾਟ ਦਾ ਫੈਸਲਾ ਲਿਆ ਗਿਆ ਹੈ।ਮਹਾਂਪੰਚਾਇਤ ਵਿੱਚ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਂਸੀ ਅਤੇ ਬਾਜ਼ੀਗਰ ਸਮਾਜ ਵੱਲੋਂ ਵੀ ਵੱਡੇ ਇਕੱਠ ਕੀਤੇ ਜਾਣਗੇ ਅਤੇ AAP ਦੇ ਬਾਈਕਾਟ ਦਾ ਰਸਮੀ ਐਲਾਨ ਕੀਤਾ ਜਾਵੇਗਾ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਵਿਮੁਕਤ ਜਾਤੀਆਂ ਦੇ ਭਾਈਚਾਰੇ ਵੱਲੋਂ ਮੌਜੂਦਾ ਸਰਕਾਰ ਨਾਲ ਸਬੰਧਤ ਕਿਸੇ ਵੀ ਆਗੂ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਨਹੀਂ ਸੌਂਪਿਆ ਜਾਵੇਗਾ।

ਫਿਲਹਾਲ ਇਸ ਮਹਾਂਪੰਚਾਇਤ ਦੇ ਐਲਾਨ ਨੇ ਪੰਜਾਬ ਦੀ ਸਿਆਸਤ ਵਿੱਚ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਭਾਈਚਾਰੇ ਵੀ ਇਸ ਮੁਹਿੰਮ ਨਾਲ ਜੁੜਦੇ ਹਨ ਜਾਂ ਨਹੀਂ ਅਤੇ ਇਸ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਕੀ ਅਸਰ ਪੈਂਦਾ ਹੈ।

READ MORE : ਪਟਿਆਲਾ ‘ਚ 28 ਨਵੰਬਰ ਨੂੰ ਸਕੂਲਾਂ-ਕਾਲਜਾਂ ‘ਚ ਰਹੇਗੀ ਛੁੱਟੀ,ਜਾਣੋ ਕਾਰਨ

ਵਿਦੇਸ਼

Scroll to Top