23 ਨਵੰਬਰ 2026: ਅੱਜ ਦੇ ਡਿਜੀਟਲ ਦੌਰ ਵਿੱਚ WhatsApp ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਪਰ ਹੁਣ ਇਸੇ ਵਟਸਐਪ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਸਾਈਬਰ ਸੁਰੱਖਿਆ ਨਾਲ ਜੁੜੀ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਦੀ ਨੈਸ਼ਨਲ ਸਾਈਬਰ ਕ੍ਰਾਈਮ ਥਰੇਟ ਐਨਾਲਿਟਿਕਸ ਯੂਨਿਟ (NCTAU) ਨੇ ਵਟਸਐਪ ਵੈੱਬ ਦੀ ਵਰਤੋਂ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਜਾਣਕਾਰੀ ਮੁਤਾਬਕ, ਕੁਝ ਖਾਸ ਹਾਲਾਤਾਂ ਵਿੱਚ ਵਟਸਐਪ ਵੈੱਬ ਦਾ ਪਹਿਲਾਂ ਤੋਂ ਲੌਗਇਨ ਸੈਸ਼ਨ ਸਾਈਬਰ ਅਪਰਾਧੀਆਂ ਲਈ ਤੁਹਾਡੇ WhatsApp ਅਕਾਊਂਟ ਤੱਕ ਅਣਅਧਿਕਾਰਤ ਪਹੁੰਚ ਦਾ ਰਾਹ ਬਣ ਸਕਦਾ ਹੈ। ਇਸ ਰਾਹੀਂ ਅਪਰਾਧੀ ਤੁਹਾਡੇ ਨਿੱਜੀ ਸੁਨੇਹੇ ਪੜ੍ਹ ਸਕਦੇ ਹਨ, ਤੁਹਾਡੀ ਪਛਾਣ ਦੀ ਵਰਤੋਂ ਕਰਕੇ ਦੂਜਿਆਂ ਨੂੰ ਮੈਸੇਜ ਭੇਜ ਸਕਦੇ ਹਨ ਅਤੇ ਤੁਹਾਡੇ ਸੰਪਰਕਾਂ ਤੇ ਗਰੁੱਪਾਂ ਦੀਆਂ ਗੱਲਬਾਤਾਂ ਤੱਕ ਪਹੁੰਚ ਬਣਾ ਸਕਦੇ ਹਨ।
ਇੰਨਾ ਹੀ ਨਹੀਂ, ਸਾਈਬਰ ਠੱਗ ਤੁਹਾਡੇ ਅਕਾਊਂਟ ਦੀ ਵਰਤੋਂ ਕਰਕੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਧੋਖਾਧੜੀ, ਫਿਸ਼ਿੰਗ ਅਤੇ ਹੋਰ ਆਨਲਾਈਨ ਅਪਰਾਧਾਂ ਨੂੰ ਅੰਜਾਮ ਦੇ ਸਕਦੇ ਹਨ।
ਆਖ਼ਰ ਯੂਜ਼ਰਸ ਆਪਣਾ ਅਕਾਊਂਟ ਕਿਵੇਂ ਸੁਰੱਖਿਅਤ ਰੱਖਣ?
ਸਾਈਬਰ ਸੁਰੱਖਿਆ ਏਜੰਸੀ ਵੱਲੋਂ ਲੋਕਾਂ ਨੂੰ ਕੁਝ ਅਹਿਮ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਤੁਸੀਂ ਦਫ਼ਤਰ, ਸਾਈਬਰ ਕੈਫ਼ੇ ਜਾਂ ਕਿਸੇ ਹੋਰ ਸਾਂਝੇ ਕੰਪਿਊਟਰ ‘ਤੇ ਵਟਸਐਪ ਵੈੱਬ ਦੀ ਵਰਤੋਂ ਕਰਦੇ ਹੋ ਤਾਂ ਖ਼ਾਸ ਧਿਆਨ ਰੱਖੋ।
1 ਕੰਮ ਪੂਰਾ ਹੋਣ ਤੋਂ ਬਾਅਦ WhatsApp Web ਤੋਂ ਲਾਜ਼ਮੀ ਤੌਰ ‘ਤੇ ਲੌਗ ਆਊਟ ਕਰੋ।
2 ਸਿਰਫ਼ ਬ੍ਰਾਊਜ਼ਰ ਦੀ ਟੈਬ ਬੰਦ ਕਰਨ ਨੂੰ ਲੌਗ ਆਊਟ ਨਾ ਸਮਝੋ।
3 ਜਨਤਕ ਜਾਂ ਅਣਜਾਣ ਕੰਪਿਊਟਰਾਂ ‘ਤੇ WhatsApp ਲੌਗਇਨ ਕਰਨ ਤੋਂ ਬਚੋ।
4 ਜੇਕਰ ਲੋੜ ਪਵੇ ਤਾਂ ਭਰੋਸੇਯੋਗ ਕੰਪਿਊਟਰ ‘ਤੇ ਪ੍ਰਾਈਵੇਟ ਬ੍ਰਾਊਜ਼ਿੰਗ ਮੋਡ ਦੀ ਵਰਤੋਂ ਕਰੋ।
5 ਸਰਕਾਰੀ, ਵਿੱਤੀ ਜਾਂ ਗੁਪਤ ਜਾਣਕਾਰੀ ਸਾਂਝੀ ਕਰਨ ਲਈ WhatsApp Web ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ।
6 ਆਪਣੇ ਮੋਬਾਈਲ, ਕੰਪਿਊਟਰ ਅਤੇ ਬ੍ਰਾਊਜ਼ਰ ਨੂੰ ਹਮੇਸ਼ਾ ਅੱਪਡੇਟ ਰੱਖੋ।
7 ਅਣਜਾਣ ਲਿੰਕਾਂ, ਸ਼ੱਕੀ ਫਾਈਲਾਂ ਅਤੇ ਸਾਫਟਵੇਅਰ ਡਾਊਨਲੋਡ ਕਰਨ ਤੋਂ ਬਚੋ।
ਇਨ੍ਹਾਂ ਸੰਕੇਤਾਂ ਨੂੰ ਬਿਲਕੁਲ ਨਾ ਕਰੋ ਨਜ਼ਰਅੰਦਾਜ਼
ਜੇਕਰ ਤੁਹਾਡੇ WhatsApp ਤੋਂ ਅਜਿਹੇ ਮੈਸੇਜ ਭੇਜੇ ਜਾ ਰਹੇ ਹਨ ਜੋ ਤੁਸੀਂ ਖੁਦ ਨਹੀਂ ਭੇਜੇ, ਜਾਂ ਤੁਹਾਡੇ ਦੋਸਤਾਂ ਵੱਲੋਂ ਅਜੀਬ ਜਵਾਬ ਮਿਲ ਰਹੇ ਹਨ ਤਾਂ ਤੁਰੰਤ ਸਾਵਧਾਨ ਹੋ ਜਾਓ। ਆਪਣੇ ਫ਼ੋਨ ਵਿੱਚ WhatsApp ਦੀ Settings ਖੋਲ੍ਹ ਕੇ Linked Devices ਦੀ ਜਾਂਚ ਕਰੋ ਅਤੇ ਕਿਸੇ ਅਣਜਾਣ ਡਿਵਾਈਸ ਨੂੰ ਤੁਰੰਤ Log Out ਕਰੋ।
ਸੰਸਥਾਵਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਦਫ਼ਤਰਾਂ ਵਿੱਚ ਸੰਵੇਦਨਸ਼ੀਲ ਕੰਮਾਂ ਲਈ WhatsApp Web ਦੀ ਵਰਤੋਂ ਤੋਂ ਬਚਣ। ਪ੍ਰਾਈਵੇਟ ਬ੍ਰਾਊਜ਼ਿੰਗ ਵੀ ਪੂਰੀ ਸੁਰੱਖਿਆ ਦੀ ਗਾਰੰਟੀ ਨਹੀਂ ਹੈ, ਇਸ ਲਈ ਹਰ ਵਾਰ ਲੌਗ ਆਊਟ ਕਰਨਾ ਜ਼ਰੂਰੀ ਹੈ।
ਇਸ ਲਈ ਜੇਕਰ ਤੁਸੀਂ ਵੀ ਰੋਜ਼ਾਨਾ WhatsApp Web ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਰਹੋ, ਕਿਉਂਕਿ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੀ ਨਿੱਜੀ ਜਾਣਕਾਰੀ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ। ਆਪਣਾ ਅਕਾਊਂਟ ਸੁਰੱਖਿਅਤ ਰੱਖੋ ਅਤੇ ਸਾਈਬਰ ਠੱਗਾਂ ਤੋਂ ਸੁਚੇਤ ਰਹੋ।
READ MORE : ਜੰਡਿਆਲਾ ਗੁਰੂ ‘ਚ ਅਵਾਰਾ ਕੁੱਤਿਆਂ ਦਾ ਕਹਿਰ, 8 ਸਾਲ ਦੇ ਬੱਚੇ ਦੀ ਗਈ ਜਾਨ




