ਸ਼ਿਕਾਗੋ, 19 ਨਵੰਬਰ 2026: ਰਾਹੁਲ ਗਾਂਧੀ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵੈਧ ਨਹੀਂ ਸਨ ਅਤੇ ਇਨ੍ਹਾਂ ‘ਚ ਬਹੁਤ ਸਾਰੇ ਜਾਅਲੀ ਵੋਟਰ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਬ੍ਰਾਜ਼ੀਲੀ ਔਰਤ, ਜੋ ਕਦੇ ਭਾਰਤ ਨਹੀਂ ਆਈ ਸੀ, ਉਨ੍ਹਾਂ ਨੇ ਇੱਕ ਵਿਧਾਨ ਸਭਾ ਚੋਣ ‘ਚ 23 ਵਾਰ ਵੋਟ ਪਾਈ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵਿਰੋਧੀ ਧਿਰ ਬੇਨਿਯਮੀਆਂ ਦੇ ਬਾਵਜੂਦ ਚੋਣਾਂ ਦਾ ਬਾਈਕਾਟ ਕਿਉਂ ਨਹੀਂ ਕਰਦੀ, ਤਾਂ ਰਾਹੁਲ ਗਾਂਧੀ ਨੇ ਜਵਾਬ ਦਿੱਤਾ, “ਭਾਰਤੀ ਲੋਕਤੰਤਰ ਸਾਡੇ ਲਈ ਪਵਿੱਤਰ ਹੈ। ਜੇਕਰ ਅਸੀਂ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕਰਦੇ ਹਾਂ, ਤਾਂ ਭਾਰਤੀ ਲੋਕਤੰਤਰ ਉਸੇ ਪਲ ਖਤਮ ਹੋ ਜਾਵੇਗਾ। ਅਸੀਂ ਲੋਕਤੰਤਰ ਨੂੰ ਤਬਾਹ ਨਹੀਂ ਕਰਨਾ ਚਾਹੁੰਦੇ। ਸਾਡੀ ਰਣਨੀਤੀ ਲੜਨਾ ਹੈ ਅਤੇ ਭਾਰਤ ਦੇ ਲੋਕਾਂ ਨੂੰ ਦੱਸਣਾ ਹੈ ਕਿ ਦੇਸ਼ ‘ਚ ਕੀ ਹੋ ਰਿਹਾ ਹੈ।”
ਰਾਹੁਲ ਗਾਂਧੀ ਨੇ ਇਹ ਬਿਆਨ ਵੀਰਵਾਰ ਨੂੰ ਸ਼ਿਕਾਗੋ ਯੂਨੀਵਰਸਿਟੀ ‘ਚ ਪ੍ਰੋਫੈਸਰ ਰਾਬਰਟ ਪੇਪ ਨਾਲ ਗੱਲਬਾਤ ਦੌਰਾਨ ਦਿੱਤਾ। ਉਹ ਅਮਰੀਕਾ ਦੇ ਦੋ ਦਿਨਾਂ ਦੌਰੇ ‘ਤੇ ਹਨ। ਬੁੱਧਵਾਰ ਨੂੰ ਉਨ੍ਹਾਂ ਕੋਲ ਕੋਲੰਬੀਆ ਯੂਨੀਵਰਸਿਟੀ ‘ਚ ਇੱਕ ਪ੍ਰੋਗਰਾਮ ‘ਚ ਹਿੱਸਾ ਲਿਆ।
ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿ ਭਾਰਤ ਕੋਲ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਕਿੰਨਾ ਸਮਾਂ ਹੈ, ਰਾਹੁਲ ਨੇ ਮਜ਼ਾਕ ‘ਚ ਕਿਹਾ ਕਿ ਜੇਕਰ ਤੁਸੀਂ ਦਿੱਲੀ ‘ਚ ਰਹਿੰਦੇ ਹੋ, ਤਾਂ ਤੁਹਾਡੇ ਕੋਲ ਸਮਾਂ ਨਹੀਂ ਹੈ। ਮੈਂ ਆਪਣੇ ਘਰ ‘ਚ ਏਅਰ ਪਿਊਰੀਫਾਇਰ ਲਗਾ ਰਿਹਾ ਹਾਂ ਕਿਉਂਕਿ ਮੈਨੂੰ ਸਾਰਾ ਦਿਨ ਸਿਰ ਦਰਦ ਰਹਿੰਦਾ ਹੈ।
ਦਿੱਲੀ ਵਰਗੇ ਸ਼ਹਿਰਾਂ ‘ਚ ਪ੍ਰਦੂਸ਼ਣ ਤੋਂ ਪੀੜਤ ਲੋਕਾਂ ਦੀ ਗਿਣਤੀ ਬਹੁਤ ਚਿੰਤਾਜਨਕ ਹੈ। ਛੋਟੇ ਬੱਚਿਆਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਲੋਕ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਮਰ ਰਹੇ ਹਨ।
Read More: 13 ਸਾਲਾਂ ‘ਚ 50 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ, ਅਕਤੂਬਰ ‘ਚ 50 ਅਰਬ ਡਾਲਰ ਦਾ ਨਿਰਯਾਤ: PM ਮੋਦੀ




