ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ

ਪੰਜਾਬ ਨੇ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ 2.0 ‘ਚ ਦੇਸ਼ ਭਰ ‘ਚੋਂ ਮੱਲਿਆ ਮੋਹਰੀ ਸਥਾਨ, ਪ੍ਰਚੇਸ਼ਟਾ-ਗ੍ਰੇਡ-1 ਕੀਤਾ ਹਾਸਲ

ਚੰਡੀਗੜ੍ਹ, 20 ਮਈ 2026: ਸਕੂਲ ਸਿੱਖਿਆ ‘ਚ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਪੰਜਾਬ ਦੇਸ਼ ਭਰ ‘ਚੋਂ ਸਰਬੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਉਭਰਿਆ ਹੈ। ਪੰਜਾਬ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਜਾਰੀ ਕੀਤੇ 2024-25 ਦੇ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ (ਪੀ.ਜੀ.ਆਈ) 2.0 ‘ਚ ਅੱਵਲ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨੇ ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ‘ਚ ਭਾਰਤ ਦੇ ਸਰਬੋਤਮ ਕਾਰਗੁਜ਼ਾਰੀ ਵਾਲੇ ਸੂਬਿਆਂ ‘ਚ ਸ਼ੁਮਾਰ ਹੋਣ ਤੋਂ ਮਹਿਜ਼ ਦੋ ਹਫ਼ਤਿਆਂ ਬਾਅਦ ਹੀ ਪੀ.ਜੀ.ਆਈ. ‘ਚ ਇਹ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਸ ਪ੍ਰਾਪਤੀ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਨੇ ਪ੍ਰਚੇਸ਼ਟਾ-ਗ੍ਰੇਡ 1 (51 ਫ਼ੀਸਦ ਤੋਂ 60 ਫ਼ੀਸਦ ਵਿਚਕਾਰ ਸਕੋਰ) ਹਾਸਲ ਕੀਤਾ ਹੈ। ਪੰਜਾਬ ਦੇ ਨਾਲ ਇਹ ਪ੍ਰਾਪਤੀ ਮਹਿਜ਼ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੇ ਹਾਸਲ ਕੀਤੀ ਹੈ। ਪੰਜਾਬ ਨੇ ਕੇਰਲਾ, ਦਿੱਲੀ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਨੂੰ ਪਛਾੜ ਦਿੱਤਾ ਹੈ ਅਤੇ ਇਹਨਾਂ ਸਾਰੇ ਸੂਬਿਆਂ ਨੂੰ ਪ੍ਰਚੇਸ਼ਟਾ- ਗ੍ਰੇਡ 2 ‘ਚ ਰੱਖਿਆ ਹੈ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਪੀਜੀਆਈ 2.0 ਦਰਜਾ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਛੇ ਖੇਤਰਾਂ ‘ਚ ਉਨ੍ਹਾਂ ਦੀ ਸੰਯੁਕਤ ਕਾਰਗੁਜ਼ਾਰੀ ਦੇ ਆਧਾਰ ‘ਤੇ ਦਿੱਤਾ ਜਾਂਦਾ ਹੈ | ਜਿਨ੍ਹਾਂ ‘ਚ ਸਿੱਖਣ ਦੇ ਨਤੀਜੇ ਅਤੇ ਗੁਣਵੱਤਾ, ਪਹੁੰਚ, ਬੁਨਿਆਦੀ ਢਾਂਚਾ ਅਤੇ ਸਹੂਲਤਾਂ, ਸਮਾਨਤਾ, ਪ੍ਰਸ਼ਾਸਨਿਕ ਪ੍ਰਕਿਰਿਆ ਅਤੇ ਅਧਿਆਪਕ ਸਿੱਖਿਆ ਅਤੇ ਸਿਖਲਾਈ ਸ਼ਾਮਲ ਹਨ।

ਸਿੱਖਿਆ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਨੇ 150.4 ਦੇ ਪ੍ਰਭਾਵਸ਼ਾਲੀ ਸਕੋਰ ਨਾਲ ਸਭ ਤੋਂ ਮਹੱਤਵਪੂਰਨ ਖੇਤਰ ਸਿੱਖਣ ਦੇ ਨਤੀਜੇ ਅਤੇ ਗੁਣਵੱਤਾ ‘ਚ ਦੇਸ਼ ਭਰ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ‘ਚ ਤੀਜੀ, ਛੇਵੀਂ ਅਤੇ ਨੌਵੀਂ ਜਮਾਤ ਲਈ ਭਾਸ਼ਾ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ‘ਚ ਵਿਦਿਆਰਥੀਆਂ ਦੀ ਮੁਹਾਰਤ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਇਹ ਵਿਦਿਅਕ ਗੁਣਵੱਤਾ ਦੇ ਮੁਲਾਂਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਪਦੰਡ ਹੈ।

ਜ਼ਿਲ੍ਹਿਆਂ ਲਈ ਪ੍ਰਫਾਰਮੈਂਸ ਗਰੇਡਿੰਗ ਇੰਡੈਕਸ (ਪੀਜੀਆਈ-ਡੀ) 2024-25 ‘ਚ ਬਰਨਾਲਾ ਨੇ 461 ਦੇ ਸਕੋਰ ਨਾਲ ਸੂਬੇ ਭਰ ‘ਚੋਂ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਵੱਕਾਰੀ ਉੱਤਮ-2 ਗ੍ਰੇਡ ਹਾਸਲ ਕੀਤਾ ਹੈ। ਇਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ, ਐਸਬੀਐਸ ਨਗਰ (ਨਵਾਂਸ਼ਹਿਰ), ਹੁਸ਼ਿਆਰਪੁਰ, ਸੰਗਰੂਰ, ਤਰਨ ਤਾਰਨ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦਾ ਨਾਂ ਸ਼ਾਮਲ ਹੈ। ਇਸ ਨਾਲ ਸਾਬਤ ਹੁੰਦਾ ਹੈ ਕਿ ਸਾਰੇ ਜ਼ਿਲ੍ਹਿਆਂ ‘ਚ ਕਲਾਸਰੂਮਾਂ ‘ਚ ਉੱਤਮਤਾ ਨੂੰ ਯਕੀਨੀ ਬਣਾਇਆ ਹੈ। ਪੀਜੀਆਈ-ਡੀ ਤਹਿਤ ਜ਼ਿਲ੍ਹਿਆਂ ਨੂੰ ਛੇ ਮੁੱਖ ਖੇਤਰਾਂ ‘ਚ ਦਰਜਾ ਦਿੱਤਾ ਜਾਂਦਾ ਹੈ ਜਿਨ੍ਹਾਂ ‘ਚ ਨਤੀਜੇ, ਪ੍ਰਭਾਵਸ਼ਾਲੀ ਕਲਾਸਰੂਮ ਇੰਟਰੈਕਸ਼ਨ, ਬੁਨਿਆਦੀ ਢਾਂਚਾ ਸਹੂਲਤਾਂ ਅਤੇ ਵਿਦਿਆਰਥੀਆਂ ਦੇ ਅਧਿਕਾਰ, ਸਕੂਲ ਸੁਰੱਖਿਆ ਅਤੇ ਬਾਲ ਸੁਰੱਖਿਆ, ਡਿਜੀਟਲ ਸਿਖਲਾਈ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਸ਼ਾਮਲ ਹਨ।

ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ, “ਇਹ ਤੁਹਾਡੀ ਜਿੱਤ ਹੈ। ਤੁਹਾਡੇ ਸਾਂਝੇ ਯਤਨਾਂ ਸਦਕਾ ਸਿੱਖਿਆ ਕ੍ਰਾਂਤੀ ਇੱਕ ਸੋਚ ਤੋਂ ਹਕੀਕਤ ਬਣ ਗਈ ਹੈ। ਦੇਸ਼ ਭਰ ‘ਚ ਸਿੱਖਣ ਦੇ ਨਤੀਜਿਆਂ ਦੇ ਖੇਤਰ ‘ਚ ਸਿਖਰ ‘ਤੇ ਹੋਣਾ ਦਰਸਾਉਂਦਾ ਹੈ ਕਿ ਸਿੱਖਿਆ ਨੂੰ ਰੱਟਣ ਦੀ ਬਜਾਏ ਸਮਝਣ ਨੂੰ ਦਿੱਤੀ ਜਾ ਰਹੀ ਤਰਜੀਹ ਨਾਲ ਇਹ ਨਤੀਜੇ ਹਾਸਲ ਕੀਤੇ ਹਨ। ਕੇਰਲਾ, ਦਿੱਲੀ ਅਤੇ ਮਹਾਰਾਸ਼ਟਰ ਨੂੰ ਪਛਾੜਨਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਪੰਜਾਬ ਦੇ ਸਰਕਾਰੀ ਸਕੂਲ ਪੂਰੇ ਦੇਸ਼ ਲਈ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਨ। ਅਸੀਂ ਸਿਰਫ਼ ਸਕੂਲ ਨਹੀਂ ਬਣਾ ਰਹੇ ਹਾਂ। ਅਸੀਂ ਅਜਿਹਾ ਪੰਜਾਬ ਸਿਰਜ ਰਹੇ ਹਾਂ ਜੋ ਭਵਿੱਖ ਲਈ ਪੂਰੀ ਤਰ੍ਹਾਂ ਤਿਆਰ ਹੈ।”

Read More: ਸੀਟੀ ਯੂਨੀਵਰਸਿਟੀ ਨੇ SLALAS ਕਾਨਫਰੰਸ ‘ਚ ਸ਼੍ਰੀਲੰਕਾ ਦੇ ਸਿਹਤ ਮੰਤਰੀ ਨਾਲ ਅਕਾਦਮਿਕ-ਸਿਹਤ ਸੰਵਾਦ ‘ਚ ਲਿਆ ਹਿੱਸਾ

ਵਿਦੇਸ਼

Scroll to Top