ਚੰਡੀਗੜ੍ਹ, 22 ਜੂਨ 2026: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਹਰ ਸ਼ਹਿਰ ਨੂੰ ‘ਓਪਨ ਮੈਨਹੋਲ-ਫ੍ਰੀ’ ਕਰਨ ਲਈ 30 ਜੂਨ 2026 ਆਖ਼ਰੀ ਤਾਰੀਖ਼ ਤੈਅ ਕੀਤੀ ਹੈ। ਸਾਰੇ ਨਗਰ ਨਿਗਮ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ (ਸ਼ਹਿਰੀ ਵਿਕਾਸ) ਨੂੰ ਇਸ ਸਬੰਧ ‘ਚ ਇੰਨ-ਬਿਨ ਪਾਲਣਾ ਰਿਪੋਰਟ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮਿਸ਼ਨ ਕਲੀਨ ਪੰਜਾਬ ਤਹਿਤ ‘ਜ਼ੀਰੋ ਓਪਨ ਮੈਨਹੋਲ’ ਮੁਹਿੰਮ ‘ਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਅਣਗਹਿਲੀ ਦੇ ਸਖ਼ਤ ਨਤੀਜੇ ਭੁਗਤਣੇ ਪੈਣਗੇ।
ਮੰਤਰੀ ਹਰਜੋਤ ਸਿੰਘ ਨੇ ਦੱਸਿਆ ਕਿ ਇਹ ਨਿਰਦੇਸ਼ ਸੂਬਾ ਪੱਧਰੀ ਸੁਰੱਖਿਆ ਆਡਿਟ ਤੋਂ ਬਾਅਦ ਆਇਆ ਹੈ, ਜਿਸ ‘ਚ ਮਾਨਸੂਨ ਸੀਜ਼ਨ ਤੋਂ ਪਹਿਲਾਂ ਸੀਵਰੇਜ ਬੁਨਿਆਦੀ ਢਾਂਚੇ ‘ਚ 1451 ਮੈਨਹੋਲ ਖੁੱਲ੍ਹੇ ਹੋਣ ਬਾਰੇ ਖ਼ੁਲਾਸਾ ਹੋਇਆ ਸੀ। ਉਨ੍ਹਾਂ ਕਿਹਾ ਕਿ 1000 ਤੋਂ ਵੱਧ ਮੈਨਹੋਲ ਪਹਿਲਾਂ ਹੀ ਠੀਕ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ ਦੌਰਾਨ ਪਾਣੀ ਭਰਨ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਬਾਕੀ ਸਾਰੇ ਖੁੱਲ੍ਹੇ ਪਏ ਮੈਨਹੋਲਾਂ ਨੂੰ ਬੰਦ ਕਰਨ ‘ਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਖੁੱਲ੍ਹੇ ਮੈਨਹੋਲਾਂ ਨੂੰ ਖਾਸ ਕਰਕੇ ਬਰਸਾਤੀ ਮੌਸਮ ਦੌਰਾਨ ‘ਮੌਤ ਦਾ ਖੂਹ’ ਦੱਸਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਲਾਪਰਵਾਹੀ ਲਈ ਜ਼ੀਰੋ ਸਹਿਣਸ਼ੀਲਤਾ ਦੀ ਚੇਤਾਵਨੀ ਦਿੱਤੀ। ਇਹ ਮੁਹਿੰਮ ਪੰਜਾਬ ਸਰਕਾਰ ਦੀ ਅਗਵਾਈ ਹੇਠ ਚੱਲ ਰਹੇ ‘ਮਿਸ਼ਨ ਕਲੀਨ ਪੰਜਾਬ’ ਪਹਿਲਕਦਮੀ ਦਾ ਹਿੱਸਾ ਹੈ।
ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਮੈਨਹੋਲ ਬੰਦ ਕਰਨ ਦੀ ਅਸਲ-ਸਮੇਂ ਦੀ ਟਰੈਕਿੰਗ ਲਈ ਇੱਕ ਏ.ਆਈ.-ਏਕੀਕ੍ਰਿਤ ਮੋਬਾਈਲ ਐਪ ਵੀ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਿਵਲ ਅਧਿਕਾਰੀਆਂ ਨੂੰ ਹੁਣ ਸਵੇਰੇ 7 ਵਜੇ ਤੋਂ ਸਵੇਰੇ 8 ਵਜੇ ਤੱਕ ਰੋਜ਼ਾਨਾ ਲਾਜ਼ਮੀ ਫੀਲਡ ਨਿਰੀਖਣ ਕਰਨਗੇ, ਜਦ ਕਿ ਸਾਰੇ ਸ਼ਹਿਰੀ ਕੇਂਦਰਾਂ ‘ਚ ’ਵਾਰ ਰੂਮ’ ਵਿਖੇ ਤਾਇਨਾਤ ਸਟਾਫ਼ 24 ਘੰਟੇ ਪਾਣੀ ਭਰਨ, ਚੋਕ ਹੋਏ ਸੀਵਰੇਜਾਂ ਅਤੇ ਮਾਨਸੂਨ ਨਾਲ ਸਬੰਧਤ ਸ਼ਿਕਾਇਤਾਂ ਦੀ ਨਿਗਰਾਨੀ ਕਰੇਗਾ।
ਇਸ ਮੁਹਿੰਮ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਘਣਸ਼ਿਆਮ ਥੋਰੀ, ਪ੍ਰਸ਼ਾਸਕੀ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਖ਼ਰੀ ਤਾਰੀਖ਼ ਪੁੱਗਣ ‘ਚ ਸਿਰਫ਼ 8 ਦਿਨ ਬਾਕੀ ਹਨ ਤੇ ਖੁੱਲ੍ਹੇ ਮੈਨਹੋਲਾਂ ਨੂੰ ਬੰਦ ਕਰਨ ‘ਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ।
Read More: ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਜੱਥੇ ਨਾਲ ਹਾਦਸਾ, ਛੋਟੇ ਬੱਚੇ ਦੀ ਮੌਕੇ ‘ਤੇ ਮੌ.ਤ




