ਸਾਇਬਰ ਧੋਖਾਧੜੀ

ਪੰਜਾਬ ਪੁਲਿਸ ਨੇ ਸਾਇਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਕੀਤੇ ਫ੍ਰੀਜ਼: DGP ਗੌਰਵ ਯਾਦਵ

ਚੰਡੀਗੜ੍ਹ, 26 ਜੂਨ 2026: ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਸਾਈਬਰ ਅਪਰਾਧੀਆਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸਮੇਂ ਸਿਰ ਦਖਲਅੰਦਾਜ਼ੀ, ਉੱਨਤ ਤਕਨਾਲੋਜੀ ਅਤੇ ਵਿੱਤੀ ਲੈਣ-ਦੇਣ ਦੀ ਨੇੜਿਓਂ ਨਿਗਰਾਨੀ ਰਾਹੀਂ, ਡਿਵੀਜ਼ਨ ਨੇ ਸੰਗਠਿਤ ਸਾਈਬਰ ਅਪਰਾਧ ਪ੍ਰਤੀ ਸੂਬੇ ਦੀ ਪ੍ਰਤੀਕਿਰਿਆ ਨੂੰ ਹੋਰ ਮਜ਼ਬੂਤ ​​ਕੀਤਾ ਹੈ ਅਤੇ ਧੋਖਾਧੜੀ ਕੀਤੇ ਫੰਡਾਂ ਨੂੰ ਮੁੜ ਪ੍ਰਾਪਤ ਕਰਨ ‘ਚ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ।

ਸ਼ੱਕੀ ਬੈਂਕ ਖਾਤਿਆਂ ਨੂੰ ਸਮੇਂ ਸਿਰ ਫ੍ਰੀਜ਼ ਕਰਨ ਨਾਲ ਸਾਈਬਰ ਅਪਰਾਧੀਆਂ ਨੂੰ ਫੰਡ ਕਢਵਾਉਣ ਤੋਂ ਰੋਕਿਆ ਗਿਆ ਹੈ ਅਤੇ ਪੀੜਤਾਂ ਦੇ ਆਪਣੇ ਫੰਡਾਂ ਨੂੰ ਮੁੜ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ‘ਚ ਕਾਫ਼ੀ ਵਾਧਾ ਹੋਇਆ ਹੈ।

ਪਿਛਲੇ ਸਾਲ ਦੌਰਾਨ, ਪੰਜਾਬ ਪੁਲਿਸ ਨੇ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਹੈ, ਜਿਸ ‘ਚ ਲਗਭੱਗ ₹540.34 ਕਰੋੜ ਦੇ ਲੈਣ-ਦੇਣ ਸ਼ਾਮਲ ਹਨ। 2024 ਤੋਂ ਹੁਣ ਤੱਕ ਕਰੀਬ 64 ਕਰੋੜ ਰੁਪਏ ਦੀ ਰਕਮ ਪੀੜਤਾਂ ਨੂੰ ਵਾਪਸ ਕੀਤੀ ਗਈ ਹੈ, ਜਿਸ ‘ਚ ਲਗਭੱਗ 38.42 ਕਰੋੜ ਰੁਪਏ 1 ਜਨਵਰੀ 2025 ਤੋਂ ਬਾਅਦ ਰਿਕਵਰ ਹੋਏ ਹਨ। ਇਸੇ ਸਮੇਂ ਦੌਰਾਨ ਸੂਬੇ ‘ਚ 62,253 ਸਾਇਬਰ ਅਪਰਾਧ ਦੇ ਮਾਮਲੇ ਦਰਜ ਕੀਤੇ ਹਨ।

ਪਿਛਲੇ ਵਿੱਤੀ ਸਾਲ ‘ਚ ਧੋਖਾਧੜੀ ਨਾਲ ਜੁੜੀ ਰਕਮ ਨੂੰ ਫ੍ਰੀਜ਼ ਕਰਨ ਦੀ ਦਰ 16.13 ਫੀਸਦੀ ਤੋਂ ਵਧ ਕੇ 23.43 ਫੀਸਦੀ ਹੋ ਗਈ, ਜੋ ਵਿੱਤੀ ਰਿਕਵਰੀ ‘ਚ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ। ਇਸ ਸੰਬੰਧੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਾਇਬਰ ਧੋਖਾਧੜੀ ਗਿਰੋਹਾਂ ਖ਼ਿਲਾਫ਼ ਵੱਡੀ ਕਾਰਵਾਈ ਨਾਲ ਨਾ ਸਿਰਫ਼ ਹਜ਼ਾਰਾਂ ਬੈਂਕ ਖਾਤੇ ਫ੍ਰੀਜ਼ ਹੋਏ ਹਨ ਅਤੇ ਧੋਖਾਧੜੀ ਦੀ ਰਕਮ ਵਾਪਸ ਮਿਲੀ ਹੈ |

ਡੀਜੀਪੀ ਨੇ ਕਿਹਾ, ”ਜਾਂਚ ‘ਚ ਸਾਇਬਰ ਅਪਰਾਧੀਆਂ ਦੇ ਤਰੀਕਿਆਂ, ਵਿੱਤੀ ਲੈਣ-ਦੇਣ ਅਤੇ ਅੰਤਰ-ਰਾਜੀ ਸਬੰਧਾਂ ਦੀ ਪਛਾਣ ‘ਚ ਮਹੱਤਵਪੂਰਨ ਸਫਲਤਾ ਮਿਲੀ ਹੈ। ਸਮੇਂ ਸਿਰ ਕਾਰਵਾਈ ਅਤੇ ਆਧੁਨਿਕ ਤਕਨਾਲੋਜੀ ਰਾਹੀਂ ਸਾਇਬਰ ਕ੍ਰਾਈਮ ਡਿਵੀਜ਼ਨ ਨੇ ਧੋਖਾਧੜੀ ਨੈੱਟਵਰਕ ਨੂੰ ਕਮਜ਼ੋਰ ਕੀਤਾ ਹੈ, ਨਾਗਰਿਕਾਂ ਦੀ ਬੱਚਤ ਦੀ ਸੁਰੱਖਿਆ ਕੀਤੀ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਦੋਸ਼ੀਆਂ ਨੂੰ ਨਿਆਂ ਦੇ ਘੇਰੇ ‘ਚ ਲਿਆਂਦਾ ਜਾਵੇ।”

ਪੰਜਾਬ ਪੁਲਿਸ ਮੁਤਾਬਕ ਜ਼ਿਲ੍ਹਿਆਂ ‘ਚ ਜਲੰਧਰ ਕਮਿਸ਼ਨਰੇਟ ‘ਚ ਸਭ ਤੋਂ ਵੱਧ 16,032 ਬੈਂਕ ਖਾਤੇ ਫ੍ਰੀਜ਼ ਕੀਤੇ ਗਏ, ਇਨ੍ਹਾਂ ਨਾਲ 6,81,00,323 ਰੁਪਏ ਦੀ ਰਿਕਵਰੀ ਹੋਈ। ਇਸ ਤੋਂ ਬਾਅਦ ਕਪੂਰਥਲਾ ‘ਚ 7,344 ਖਾਤੇ ਫ੍ਰੀਜ਼ ਹੋਏ ਅਤੇ 2,56,00,037 ਰੁਪਏ ਦੀ ਰਿਕਵਰੀ ਹੋਈ। ਹੁਸ਼ਿਆਰਪੁਰ ‘ਚ 7,201 ਖਾਤੇ ਫ੍ਰੀਜ਼ ਕਰਕੇ 3,96,29,152 ਰੁਪਏ ਦੀ ਰਿਕਵਰੀ ਕੀਤੀ, ਜਦਕਿ ਫਿਰੋਜ਼ਪੁਰ ‘ਚ 6,930 ਖਾਤੇ ਫ੍ਰੀਜ਼ ਹੋਏ ਅਤੇ 93,16,954 ਰੁਪਏ ਦੀ ਰਿਕਵਰੀ ਹੋਈ।

ਇਸੇ ਤਰ੍ਹਾਂ ਤਰਨਤਾਰਨ ‘ਚ 5,229 ਖਾਤੇ ਫ੍ਰੀਜ਼ ਕੀਤੇ ਗਏ, ਜਿਸ ਨਾਲ 6,97,65,710 ਰੁਪਏ ਦੀ ਰਿਕਵਰੀ ਹੋਈ। ਜਲੰਧਰ ਦਿਹਾਤੀ ‘ਚ 4,475 ਖਾਤੇ ਫ੍ਰੀਜ਼ ਕਰਕੇ 55,94,632 ਰੁਪਏ ਦੀ ਰਿਕਵਰੀ ਕੀਤੀ। ਇਸ ਤੋਂ ਇਲਾਵਾ ਸੰਗਰੂਰ ‘ਚ 1,760 ਅਤੇ ਫਤਿਹਗੜ੍ਹ ਸਾਹਿਬ ‘ਚ 2,685 ਬੈਂਕ ਖਾਤੇ ਫ੍ਰੀਜ਼ ਕੀਤੇ ਗਏ।

ਪੰਜਾਬ ਪੁਲਿਸ ਦੇ ਮੁਤਾਬਕ ਕੈਨੇਡਾ ‘ਚ ਰਹਿੰਦੇ ਇੱਕ ਪੰਜਾਬੀ ਨਾਗਰਿਕ ਨਾਲ ਜੁੜੇ ਸਾਇਬਰ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਕੀਤਾ, ਜਿਸ ‘ਚ ਸੋਸ਼ਲ ਮੀਡੀਆ ਰਾਹੀਂ ਬਲੈਕਮੇਲਿੰਗ ਕੀਤੀ ਸੀ। ਪੀੜਤ ਨਾਲ ਸੋਸ਼ਲ ਮੀਡੀਆ ਰਾਹੀਂ ਆਨਲਾਈਨ ਅਰਦਾਸ ਦੇ ਨਾਮ ’ਤੇ ਸੰਪਰਕ ਕੀਤਾ ਗਿਆ, ਉਸਨੂੰ ਵੀਡੀਓ ਭੇਜਣ ਲਈ ਮਜਬੂਰ ਕੀਤਾ ਗਿਆ ਅਤੇ ਬਾਅਦ ‘ਚ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕੀਤਾ ਗਿਆ।

ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਇਬਰ ਕ੍ਰਾਈਮ ਡਿਵੀਜ਼ਨ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 3,49,100 ਰੁਪਏ ਦੇ ਨਾਲ 500 ਅਮਰੀਕੀ ਡਾਲਰ ਬਰਾਮਦ ਕੀਤੇ। ਪੁਲਿਸ ਨੇ 29 ਮੋਬਾਈਲ ਫੋਨ, ਇੱਕ ਲੈਪਟਾਪ, ਇੱਕ ਡੋਂਗਲ, ਇੱਕ ਟੈਬਲੈਟ ਅਤੇ 38 ਖਾਲੀ ਮੋਬਾਈਲ ਬਾਕਸ ਵੀ ਜ਼ਬਤ ਕੀਤੇ। ਇਹ ਮਾਮਲਾ ਹਾਲੀਆ ਕਈ ਸਫਲ ਅਭਿਆਨਾਂ ‘ਚੋਂ ਇੱਕ ਹੈ।

ਸਾਇਬਰ ਧੋਖਾਧੜੀ ਤੋਂ ਬਚਾਅ ਅਤੇ ਲੋਕਾਂ ‘ਚ ਜਾਗਰੂਕਤਾ ਵਧਾਉਣ ਲਈ ਪੰਜਾਬ ਪੁਲਿਸ ਨੇ ਸੂਬੇ ਭਰ ‘ਚ ਵਿਆਪਕ ਅਭਿਆਨ ਚਲਾਇਆ ਹੈ। ਇਸ ਦੌਰਾਨ ਸੂਬੇ ਸਾਇਬਰ ਕ੍ਰਾਈਮ ਡਿਵੀਜ਼ਨ ਨੇ 129 ਜਾਗਰੂਕਤਾ ਪ੍ਰੋਗਰਾਮ ਕਰਵਾਏ ਕੀਤੇ, ਜਿਨ੍ਹਾਂ ‘ਚ ਮਾਨਸਾ ‘ਚ 50, ਸ਼੍ਰੀ ਮੁਕਤਸਰ ਸਾਹਿਬ ‘ਚ 44, ਲੁਧਿਆਣਾ ‘ਚ 31, ਹੁਸ਼ਿਆਰਪੁਰ ‘ਚ 27, ਜਲੰਧਰ ‘ਚ 25, ਖੰਨਾ ‘ਚ 23 ਅਤੇ ਬਠਿੰਡਾ ‘ਚ 19 ਪ੍ਰੋਗਰਾਮ ਸ਼ਾਮਲ ਹਨ।

ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਾਇਬਰ ਕ੍ਰਾਈਮ) ਵੀ. ਨੀਰਜਾ ਨੇ ਕਿਹਾ ਕਿ ਪੁਲਿਸ ਨਾ ਸਿਰਫ਼ ਸਾਇਬਰ ਠੱਗਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ, ਸਗੋਂ ਲੋਕਾਂ ਨੂੰ ਵੀ ਜਾਗਰੂਕ ਕਰ ਰਹੀ ਹੈ ਤਾਂ ਜੋ ਉਹ ਆਨਲਾਈਨ ਠੱਗੀ ਤੋਂ ਬਚ ਸਕਣ। ਪੁਲਿਸ ਨੌਜਵਾਨਾਂ ਨੂੰ ਆਨਲਾਈਨ ਗ੍ਰੂਮਿੰਗ, ਸਾਇਬਰ ਬੁਲਿੰਗ, ਸੈਕਸਟੋਰਸ਼ਨ ਅਤੇ ਫਰਜ਼ੀ ਆਨਲਾਈਨ ਦੋਸਤੀ ਵਰਗੇ ਖਤਰਿਆਂ ਬਾਰੇ ਵੀ ਜਾਗਰੂਕ ਕਰਨ ’ਤੇ ਜ਼ੋਰ ਦੇ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਲਗਾਤਾਰ ਚਲਾਇਆ ਜਾ ਰਿਹਾ ਸਖ਼ਤ ਅਭਿਆਨ ਅਤੇ ਵੱਡੇ ਪੱਧਰ ’ਤੇ ਜਨ-ਜਾਗਰੂਕਤਾ ਪ੍ਰੋਗਰਾਮ ਮਿਲ ਕੇ ਸਾਇਬਰ ਅਪਰਾਧ ਨਾਲ ਨਿਪਟਣ ਲਈ ਪੰਜਾਬ ਪੁਲਿਸ ਦੀ ਬਹੁ-ਪੱਖੀ ਰਣਨੀਤੀ ਨੂੰ ਦਰਸਾਉਂਦੇ ਹਨ। ਇਸਦਾ ਉਦੇਸ਼ ਨਾਗਰਿਕਾਂ ਦੀ ਬਚਤ ਦੀ ਸੁਰੱਖਿਆ ਕਰਨਾ ਅਤੇ ਪੰਜਾਬ ‘ਚ ਡਿਜੀਟਲ ਲੈਣ-ਦੇਣ ’ਤੇ ਭਰੋਸਾ ਵਧਾਉਣਾ ਹੈ।

Read More: ਮੈਨੂੰ ਬਦਨਾਮ ਕਰਨ ਲਈ ਬਣਾਇਆ ਗਿਆ ਝੂਠਾ ਵੀਡੀਓ: CM ਭਗਵੰਤ ਸਿੰਘ ਮਾਨ

ਵਿਦੇਸ਼

Scroll to Top