ਚੰਡੀਗੜ੍ਹ, 16 ਜੂਨ 2026: ਆਮ ਆਦਮੀ ਪਾਰਟੀ (ਆਪ) ਪੰਜਾਬ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਕਿਸੇ ਵਿਸ਼ੇਸ਼ ਰਾਜਨੀਤਿਕ ਪਾਰਟੀ ਦੇ ਹੱਕ ‘ਚ ਖੜ੍ਹੇ ਹੋ ਕੇ ਖੁੱਲ੍ਹ ਕੇ ਰਾਜਨੀਤੀ ‘ਚ ਸ਼ਾਮਲ ਹੋ ਰਹੇ ਹਨ।
ਬਲਤੇਜ ਪੰਨੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਲਈ ਸਭ ਤੋਂ ਸਰਵਉੱਚ ਅਤੇ ਪਵਿੱਤਰ ਸਥਾਨ ਹੈ, ਨਾ ਕਿ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੀ ਨਿੱਜੀ ਜਾਗੀਰ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਅੱਧੀ ਰਾਤ ਨੂੰ ਕਿਸੇ ਵੀ ਸਿੱਖ ਸੰਪਰਦਾ ਜਾਂ ਸੰਗਠਨ ਨਾਲ ਸਲਾਹ ਕੀਤੇ ਬਿਨਾਂ, ਅਜਿਹੀ ਜਗ੍ਹਾ ‘ਤੇ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੋਇਆ ਸੀ।
ਇਸ ਸੰਦਰਭ ‘ਚ ਬਾਦਲ ਪਰਿਵਾਰ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਆਪਣੇ ਆਪ ਨੂੰ ਸੁਖਬੀਰ ਬਾਦਲ ਦਾ ਸਿਪਾਹੀ ਦੱਸਣਾ, ਇਨ੍ਹਾਂ ਮਹਾਨ ਸਿੱਖ ਸੰਸਥਾਵਾਂ ਦੇ ਰਾਜਨੀਤੀਕਰਨ ਦਾ ਜਿਉਂਦਾ ਜਾਗਦਾ ਸਬੂਤ ਹੈ।
ਬਲਤੇਜ ਪੰਨੂ ਨੇ ਜੱਥੇਦਾਰ ਵੱਲੋਂ ਜਾਰੀ ਕੀਤੀ ਕਥਿਤ ਫੋਰੈਂਸਿਕ ਰਿਪੋਰਟ ‘ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਇਸ ਰਿਪੋਰਟ ‘ਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਵੀਡੀਓ ‘ਚ ਦਿਖਾਈ ਦੇ ਰਿਹਾ ਵਿਅਕਤੀ ਕੌਣ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਤੁਹਾਡੀ ਰਿਪੋਰਟ ਮੰਨ ਵੀ ਲਈਏ ਕਿ ਵੀਡੀਓ (ਏਆਈ) ਨਾਲ ਨਹੀਂ ਬਣੀ, ਤਾਂ ਜੱਥੇਦਾਰ ਸਾਹਿਬ ਇਹ ਦੱਸਣ ਕਿ ਉਸ ਵੀਡੀਓ ‘ਚ ਦਿਖ ਰਹੇ ਵਿਅਕਤੀ ਦਾ ਕੱਦ ਕਿੰਨਾ ਹੈ? ਜਿਸ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੁਸੀਂ ਉਂਗਲ ਚੁੱਕ ਰਹੇ ਹੋ, ਕੀ ਉਹਨਾਂ ਦਾ ਕੱਦ ਅਤੇ ਵੀਡੀਓ ਵਾਲੇ ਵਿਅਕਤੀ ਦਾ ਕੱਦ ਮੇਲ ਖਾਂਦਾ ਹੈ? ਉਹ ਕਿਹੜਾ ਹੋਟਲ ਦਾ ਕਮਰਾ ਹੈ ਜਿੱਥੇ ਗੁਰੂ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ, ਜਿਵੇਂ ਕਿ ਦਾਅਵਾ ਕੀਤਾ ਜਾ ਰਿਹਾ ਹੈ? ਰਿਪੋਰਟ ਇਹ ਦੱਸਣ ‘ਚ ਪੂਰੀ ਤਰ੍ਹਾਂ ਨਾਕਾਮ ਹੈ ਕਿ ਵੀਡੀਓ ‘ਚ ਅਸਲ ‘ਚ ਕੌਣ ਹੈ। ਪੰਨੂ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ‘ਚ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਨਤਾ ਦੇ ਸਾਹਮਣੇ ਕਰਕੇ ਰਹੇਗੀ।
ਉਨ੍ਹਾਂ ਨੇ ਕਿਹਾ ਕਿ ਸਾਲ 2015 ‘ਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਚੋਰੀ ਹੋਈ, ਸਿੱਖਾਂ ਨੂੰ ਭੱਦੀ ਭਾਸ਼ਾ ‘ਚ ਪੋਸਟਰ ਲਗਾ ਕੇ ਚੈਲੰਜ ਕੀਤਾ, ਅਤੇ ਅਕਤੂਬਰ ਮਹੀਨੇ ਵਿੱਚ ਗੁਰੂ ਸਾਹਿਬ ਦੇ ਅੰਗ ਕੂੜੇ ਦੇ ਢੇਰਾਂ ‘ਚ ਰੋਲੇ ਗਏ।
ਉਸ ਸਮੇਂ ਬਾਰ-ਬਾਰ ਸਰਕਾਰ ਬਣਾਉਣ ਵਾਲੇ ਸੁਖਬੀਰ ਬਾਦਲ ਅਤੇ ਉਹਨਾਂ ਦੇ ਲੋਕ ਸੁੱਤੇ ਰਹੇ। ਉਹਨਾਂ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਦਬਾਇਆ, ਗਵਾਹਾਂ ਨੂੰ ਪੁਲਿਸ ਨੌਕਰੀਆਂ ਦੇ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਧਾਨ ਸਭਾ ਦੇ ਬਾਹਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਇੱਕ-ਦੋ ਰੁਪਏ ‘ਚ ਰੱਦੀ ਦੇ ਭਾਅ ਵੇਚਿਆ। ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਸਬੂਤ ਮਿਟਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਅੱਜ ਸੁਖਬੀਰ ਬਾਦਲ, ਸੁਮੇਧ ਸੈਣੀ ਅਤੇ ਉਮਰਾਨੰਗਲ ਵਰਗੇ ਲੋਕ ਅਦਾਲਤ ਤੋਂ ਜ਼ਮਾਨਤ ‘ਤੇ ਬਾਹਰ ਘੁੰਮ ਰਹੇ ਹਨ। ਇਨ੍ਹਾਂ ਨੂੰ ਡਰ ਹੈ ਕਿ ਬਹਿਬਲ ਕਲਾਂ ਦੀ ਜਾਂਚ ਵੀ ਜਲਦੀ ਹੀ ਇਹਨਾਂ ਦੇ ਗਲੇ ਦੀ ਫ਼ਾਹੀ ਬਣਨ ਵਾਲੀ ਹੈ।
ਬਲਤੇਜ ਪੰਨੂ ਨੇ ਕਿਹਾ ਕਿ ਸਾਲ 2022 ‘ਚ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦੇ ਕੇ ਭਗਵੰਤ ਮਾਨ ਦੀ ਸਰਕਾਰ ਬਣਾਈ, ਤਾਂ ਇਹਨਾਂ ਰਵਾਇਤੀ ਆਗੂਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਹਿਲਾਂ ਇਹਨਾਂ ਨੇ ਕੂੜ ਪ੍ਰਚਾਰ ਕੀਤਾ ਕਿ ਇਹ ਸਰਕਾਰ 3 ਮਹੀਨੇ ਜਾਂ ਸਾਲ ਭਰ ਨਹੀਂ ਚੱਲੇਗੀ। ਜਦੋਂ ਸਰਕਾਰ ਸ਼ਾਨਦਾਰ ਕੰਮ ਕਰਨ ਲੱਗੀ ਅਤੇ ਮੁੱਖ ਮੰਤਰੀ ਸਿਹਤ ਦੀ ਜਾਂਚ ਲਈ ਹਸਪਤਾਲ ਗਏ, ਤਾਂ ਇਹਨਾਂ ਦੀ ਬੌਖਲਾਹਟ ਇਸ ਕਦਰ ਵਧ ਗਈ ਕਿ ਬਿਕਰਮ ਸਿੰਘ ਮਜੀਠੀਆ ਪ੍ਰੈੱਸ ਕਾਨਫਰੰਸ ‘ਚ ਮੁੱਖ ਮੰਤਰੀ ਦੀ ਧੀ ਦੀ ਵੀਡੀਓ ਦਿਖਾ ਕੇ ਘਟੀਆ ਸਿਆਸਤ ‘ਤੇ ਉਤਰ ਆਏ। ਪਰ ਪੰਜਾਬ ਦੇ ਲੋਕਾਂ ‘ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।
ਪੰਨੂ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਅੱਜ ਸਾਢੇ ਚਾਰ ਸਾਲ ਹੋਣ ਵਾਲੇ ਹਨ ਅਤੇ ਸੂਬੇ ‘ਚ ਸਰਕਾਰ ਖਿਲਾਫ਼ ਕੋਈ ‘ਐਂਟੀ-ਇਨਕੰਬੈਂਸੀ’ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ, ਗਿੱਦੜਬਾਹਾ, ਡੇਰਾ ਬਾਬਾ ਨਾਨਕ, ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਸਮੇਤ ਨਿਗਮ, ਨਗਰ ਕੌਂਸਲ ਅਤੇ ਸਰਪੰਚਾਂ ਦੀਆਂ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ।
ਇਹ ਜਿੱਤ ਡੰਡੇ ਜਾਂ ਪੁਲਿਸ ਦੇ ਜ਼ੋਰ ‘ਤੇ ਨਹੀਂ, ਬਲਕਿ 2017 ਤੱਕ ਰਹੇ ਇਨ੍ਹਾਂ ਦੇ ਗੁੰਡਾ ਰਾਜ ਨੂੰ ਖ਼ਤਮ ਕਰਕੇ ਵਿਕਾਸ ਦੇ ਦਮ ‘ਤੇ ਮਿਲੀ ਹੈ। ਮਾਨ ਸਰਕਾਰ ਨੇ ਨਹਿਰਾਂ ਪਾਣੀ ਦੀ ਪਹੁੰਚ 21% ਤੋਂ ਵਧਾ ਕੇ 80% ਕੀਤੀ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦਿੱਤੀ, ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦਿੱਤੀ, ਸੜਕਾਂ ‘ਤੇ ਸੜਕ ਸੁਰੱਖਿਆ ਫੋਰਸ ਤਾਇਨਾਤ ਕੀਤੀ ਅਤੇ ਜਨਤਾ ਨੂੰ 10 ਲੱਖ ਰੁਪਏ ਦੇ ਮੁਫ਼ਤ ਕੈਸ਼ਲੈੱਸ ਇਲਾਜ ਵਾਲਾ ਸਿਹਤ ਬੀਮਾ ਕਾਰਡ ਦਿੱਤਾ।
ਬਲਤੇਜ ਪੰਨੂ ਨੇ ਕਿਹਾ ਕਿ ਅਕਾਲੀ ਦਲ ਭਗਵੰਤ ਮਾਨ ਨੂੰ ਉਹ ਹਮੇਸ਼ਾ ਬਦਨਾਮ ਕਰਦੇ ਹਨ, ਉਸੇ ਮਾਨ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ‘ਸਤਿਕਾਰ ਐਕਟ’ ‘ਚ ਇਤਿਹਾਸਕ ਸੋਧ ਕਰਕੇ ਸਖ਼ਤ ਕਾਨੂੰਨ ਲਾਗੂ ਕਰ ਦਿੱਤਾ ਹੈ। ਹੁਣ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਭੁਗਤਣੀ ਪਵੇਗੀ।
ਇਹ ਐਕਟ ਪਾਸ ਵੀ ਹੋਇਆ ਅਤੇ ਰਾਜਪਾਲ ਦੇ ਦਸਤਖਤਾਂ ਤੋਂ ਬਾਅਦ ਲਾਗੂ ਵੀ ਹੋ ਗਿਆ। ਜਿਹੜਾ ਬਾਦਲ ਪਰਿਵਾਰ ਖੁਦ ਨੂੰ ਪੰਥ ਦਾ ਠੇਕੇਦਾਰ ਸਮਝਦਾ ਸੀ ਅਤੇ ਜਿਸ ਨੇ 2007 ਤੋਂ 2017 ਦੇ ਦਰਮਿਆਨ ਪੰਜਾਬ ਦੀ ਇੱਕ ਪੂਰੀ ਪੀੜ੍ਹੀ ਨੂੰ ਚਿੱਟੇ (ਨਸ਼ੇ) ਦੀ ਅੱਗ ‘ਚ ਝੋਕ ਦਿੱਤਾ, ਅੱਜ ਉਹ ਗੁਰੂ ਨਾਨਕ ਦੇਵ ਜੀ ਦੀ ਧਰਤੀ ‘ਤੇ ਬਣੇ ਇਸ ਸਖ਼ਤ ਕਾਨੂੰਨ ਨੂੰ ਪਚਾ ਨਹੀਂ ਪਾ ਰਹੇ ਹਨ। ਇਸੇ ਬੌਖਲਾਹਟ ‘ਚ ਉਹਨਾਂ ਨੇ ਹੁਣ ਰਾਜਨੀਤੀ ਦਾ ਆਪਣਾ ਆਖਰੀ ਪੱਤਾ ਖੇਡਦਿਆਂ, ਬਦਕਿਸਮਤੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਵੀ ਮੋਹਰਾ ਬਣਾ ਕੇ ਮੈਦਾਨ ਵਿੱਚ ਉਤਾਰ ਦਿੱਤਾ ਹੈ, ਪਰ ਪੰਜਾਬ ਦੀ ਸਮਝਦਾਰ ਜਨਤਾ ਉਹਨਾਂ ਦੇ ਇਹਨਾਂ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ।
Read More: CM ਭਗਵੰਤ ਮਾਨ ਅੱਜ 523 ਨਵ ਨਿਯੁਕਤ ਨੌਜਵਾਨਾਂ ਨੂੰ ਵੰਡਣਗੇ ਨਿਯੁਕਤੀ ਪੱਤਰ




