ਮੁੱਖ ਮੰਤਰੀ ਸਿਹਤ ਯੋਜਨਾ

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਆਰਥੋਪੀਡਿਕ ਇਲਾਜਾਂ ‘ਤੇ 84 ਕਰੋੜ ਰੁਪਏ ਤੋਂ ਵੱਧ ਖ਼ਰਚ

ਚੰਡੀਗੜ੍ਹ, 30 ਮਈ 2026: ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ‘ਚ ਹੱਡੀਆਂ, ਜੋੜਾਂ ਅਤੇ ਟ੍ਰੌਮਾ ਨਾਲ ਸਬੰਧਿਤ ਜੁੜੀਆਂ ਸਿਹਤ ਸਮੱਸਿਆਵਾਂ ‘ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਅੰਕੜਿਆਂ ਮੁਤਾਬਕ ਆਰਥੋਪੀਡਿਕ ਇਲਾਜ ਪੰਜਾਬ ਦੀਆਂ ਜਨ ਸਿਹਤ ਸੇਵਾਵਾਂ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਕੇ ਉੱਭਰੇ ਹਨ।

ਪੰਜਾਬ ਸਿਹਤ ਏਜੰਸੀ ਦੇ ਅੰਕੜਿਆਂ ਮੁਤਾਬਕ ਯੋਜਨਾ ਤਹਿਤ ਹੁਣ ਤੱਕ ਹੱਡੀਆਂ, ਜੋੜਾਂ ਅਤੇ ਟ੍ਰੌਮਾ ਨਾਲ ਸਬੰਧਿਤ ਇਲਾਜਾਂ ‘ਤੇ 84 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤਾ ਜਾ ਚੁੱਕਾ ਹੈ। ਇਹ ਵਧਦੀਆਂ ਸਰਜਰੀ ਜ਼ਰੂਰਤਾਂ ਅਤੇ ਸਰਕਾਰੀ ਹਸਪਤਾਲਾਂ ‘ਚ ਵਿਸ਼ੇਸ਼ ਆਰਥੋਪੀਡਿਕ ਸੇਵਾਵਾਂ ਤੱਕ ਵਧੀ ਪਹੁੰਚ ਨੂੰ ਦਰਸਾਉਂਦਾ ਹੈ।

ਅੰਕੜਿਆਂ ਮੁਤਾਬਕ ਇਸ ਯੋਜਨਾ ਅਧੀਨ ਸਭ ਤੋਂ ਵੱਧ ਗੋਡੇ ਬਦਲਣ ਦਾ ਇਲਾਜ ਦਾ ਸਭ ਤੋਂ ਵੱਧ ਕੀਤਾ ਹੈ। ਇਸ ਤੋਂ ਬਾਅਦ ਚੂਲੇ ਦੀਆਂ ਸਰਜਰੀਆਂ ਅਤੇ ਪਲੇਟਾਂ, ਨਹੁੰਆਂ ਅਤੇ ਹੋਰ ਇਮਪਲਾਂਟ ਰਾਹੀਂ ਫ੍ਰੈਕਚਰ ਫਿਕਸੇਸ਼ਨ ਵਰਗੀਆਂ ਬੀਮਾਰੀਆਂ ਦਾ ਇਲਾਜ ਕੀਤਾ ਗਿਆ ਹੈ। ਇਹ ਇਲਾਜ ਹੁਣ ਜ਼ਿਲ੍ਹਾ ਅਤੇ ਵੱਡੇ ਸਰਕਾਰੀ ਹਸਪਤਾਲਾਂ ‘ਚ ਕੈਸ਼ਲੈੱਸ ਸਹੂਲਤ ਤਹਿਤ ਨਿਯਮਿਤ ਤੌਰ ‘ਤੇ ਕੀਤੇ ਜਾ ਰਹੇ ਹਨ।

ਪੰਜਾਬ ‘ਚ ਹੁਣ ਤੱਕ 45 ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ, ਯੋਜਨਾ ਤਹਿਤ ਲੁਧਿਆਣਾ ‘ਚ 4.8 ਲੱਖ ਤੋਂ ਵੱਧ ਅਤੇ ਪਟਿਆਲਾ ‘ਚ ਕਰੀਬ 4.1 ਲੱਖ ਲਾਭਪਾਤਰੀ ਦਰਜ ਕੀਤੇ ਹਨ। ਆਰਥੋਪੀਡਿਕ ਮਾਮਲਿਆਂ ‘ਚ ਵਾਧਾ ਜਨ ਸਿਹਤ ਵਿੱਚ ਆ ਰਹੇ ਵੱਡੇ ਬਦਲਾਅ ਨੂੰ ਵੀ ਦਰਸਾਉਂਦਾ ਹੈ। ਖ਼ਾਸ ਤੌਰ ‘ਤੇ ਵਧਦੀ ਉਮਰ ਦੀ ਆਬਾਦੀ ‘ਚ ਜੋੜਾਂ ਦੀ ਸਮਸਿਆ, ਲਗਾਤਾਰ ਦਰਦ ਅਤੇ ਚੱਲਣ-ਫਿਰਨ ‘ਚ ਮੁਸ਼ਕਿਲਾਂ ਵਧ ਰਹੀਆਂ ਹਨ। ਗੋਡੇ ਅਤੇ ਚੂਲੇ ਦੀ ਸਮਸਿਆ, ਲੰਬੇ ਸਮੇਂ ਦੇ ਜੋੜਾਂ ਦੇ ਦਰਦ ਅਤੇ ਚੱਲਣ-ਫਿਰਨ ‘ਚ ਮੁਸ਼ਕਿਲ ਵਾਲੇ ਮਰੀਜ਼ ਸਰਕਾਰੀ ਹਸਪਤਾਲਾਂ ‘ਚ ਵਧਦੇ ਜਾ ਰਹੇ ਹਨ।

ਆਰਥੋਪੀਡਿਕ ਇਲਾਜਾਂ ‘ਚ ਅਕਸਰ ਮਹਿੰਗੇ ਇੰਪਲਾਂਟ, ਲੰਬਾ ਇਲਾਜ ਅਤੇ ਪੁਨਰਵਾਸ ਦੀ ਲੋੜ ਹੁੰਦੀ ਹੈ, ਜੋ ਪਰਿਵਾਰਾਂ ‘ਤੇ ਭਾਰੀ ਆਰਥਿਕ ਬੋਝ ਪਾਉਂਦੇ ਹਨ। ਰਾਜਪੁਰਾ ਨੇੜੇ ਖੇੜਾ ਗੱਜੂ ਦੇ ਰਹਿਣ ਵਾਲੇ 43 ਸਾਲਾ ਗੁਲਸ਼ਨ ਤਨੇਜਾ ਲਈ ਇਹ ਸਥਿਤੀ ਵਿਅਕਤੀਗਤ ਤੌਰ ‘ਤੇ ਕਾਫ਼ੀ ਚੁਣੌਤੀਪੂਰਨ ਰਹੀ।

ਫ਼ੈਕਟਰੀ ‘ਚ ਕੰਮ ਕਰਦੇ ਸਮੇਂ ‘ਤਨੇਜਾ’ ਨਾਲ ਇੱਕ ਹਾਦਸਾ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਲਈ ਚੱਲਣਾ ਮੁਸ਼ਕਿਲ ਹੋ ਗਿਆ। ਚੱਲਦੇ ਹੋਏ ਅਚਾਨਕ ਹੋਣ ਵਾਲਾ ਦਰਦ ਉਨ੍ਹਾਂ ਨੂੰ ਰੁੱਕ ਕੇ ਦੀਵਾਰ ਦਾ ਸਹਾਰਾ ਲੈਣ ਲਈ ਮਜਬੂਰ ਕਰ ਦਿੰਦਾ ਸੀ। ਗੋਡੇ ਦੇ ਆਲੇ-ਦੁਆਲੇ ਸੋਜ ਲਗਾਤਾਰ ਬਣੀ ਰਹਿੰਦੀ ਅਤੇ ਜਕੜਨ ਨਾਲ ਆਮ ਗਤੀਵਿਧੀਆਂ ਕਰਨਾ ਵੀ ਔਖਾ ਹੋ ਜਾਂਦਾ। ਕਈ ਵਾਰ ਉਹ ਖੜ੍ਹੇ ਹੋਣ ਤੋਂ ਪਹਿਲਾਂ ਹੀ ਇਹ ਸੋਚ ਕੇ ਰੁੱਕ ਜਾਂਦੇ ਕਿ ਪੈਰ ਉਸਦਾ ਭਾਰ ਝੱਲ ਸਕੇਗਾ ਜਾਂ ਨਹੀਂ।

ਉਨ੍ਹਾਂ ਨੂੰ 6 ਮਈ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ‘ਚ ਭਰਤੀ ਕਰਵਾਇਆ ਅਤੇ ਅਗਲੇ ਦਿਨ ਲਿਗਾਮੈਂਟ ਟੀਅਰ ਦਾ ਇਲਾਜ ਕੀਤਾ। ਡਾਕਟਰਾਂ ਨੇ ਗੰਭੀਰ ਜੋੜਾਂ ਦੇ ਦਰਦ, ਸੋਜ, ਅਸਥਿਰਤਾ ਅਤੇ ਭਾਰ ਸਹਿਣ ‘ਚ ਮੁਸ਼ਕਿਲ ਵਰਗੇ ਲੱਛਣ ਦਰਜ ਕੀਤੇ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਉਨ੍ਹਾਂ ਨੂੰ 86,750 ਰੁਪਏ ਦਾ ਇਲਾਜ ਪੂਰੀ ਤਰ੍ਹਾਂ ਕੈਸ਼ਲੈੱਸ ਮਿਲਿਆ। 12 ਮਈ ਨੂੰ ਉਨ੍ਹਾਂ ਨੂੰ ਛੁੱਟੀ ਮਿਲੀ ਅਤੇ ਉਹ ਬਿਨਾਂ ਭਾਰੀ ਮੈਡੀਕਲ ਬਿੱਲ ਦੀ ਚਿੰਤਾ ਦੇ ਘਰ ਵਾਪਸ ਆਏ।

ਗੁਲਸ਼ਨ ਤਨੇਜਾ ਨੇ ਕਿਹਾ,“ਮੈਂ ਹੁਣ ਹੌਲੀ-ਹੌਲੀ ਠੀਕ ਹੋ ਰਿਹਾ ਹਾਂ। ਸਿਹਤ ਕਾਰਡ ਕਰਕੇ ਮੈਨੂੰ ਆਪਣੇ ਇਲਾਜ ਲਈ ਕੋਈ ਪੈਸਾ ਨਹੀਂ ਦੇਣਾ ਪਿਆ। ਇਹ ਯੋਜਨਾ ਸਾਡੇ ਵਰਗੇ ਪਰਿਵਾਰਾਂ ਦਾ ਖ਼ਰਚ ਘਟਾ ਰਹੀ ਹੈ ਅਤੇ ਮਹਿੰਗਾ ਇਲਾਜ ਆਸਾਨ ਬਣਾ ਰਹੀ ਹੈ।”

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਆਰਥੋਪੀਡਿਕ ਬੀਮਾਰੀਆਂ ਦਾ ਬੋਝ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਨਾਲ ਕਿਫਾਇਤੀ ਅਤੇ ਆਸਾਨ ਸਰਜਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੋਰ ਵੱਧ ਸਪੱਸ਼ਟ ਹੋਈ ਹੈ।” ਉਨ੍ਹਾਂ ਨੇ ਕਿਹਾ ਕਿ ਯੋਜਨਾ ਤਹਿਤ ਹਜ਼ਾਰਾਂ ਮਰੀਜ਼ਾਂ ਨੂੰ ਕੈਸ਼ਲੈੱਸ ਗੋਡੇ ਬਦਲਣ, ਚੂਲੇ ਅਤੇ ਟ੍ਰੌਮਾ ਸਬੰਧੀ ਇਲਾਜ ਦਿੱਤਾ ਜਾ ਰਿਹਾ ਹੈ, ਜਿਸ ਨਾਲ ਆਰਥਿਕ ਬੋਝ ਘਟ ਰਿਹਾ ਹੈ ਅਤੇ ਜੀਵਨ ਗੁਣਵੱਤਾ ‘ਚ ਸੁਧਾਰ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਿਰਫ਼ ਚਾਰ ਮਹੀਨਿਆਂ ‘ਚ 84 ਕਰੋੜ ਰੁਪਏ ਤੋਂ ਵੱਧ ਖ਼ਰਚ ਸਿਰਫ਼ ਸਿਹਤ ਸੇਵਾਵਾਂ ਸਬੰਧੀ ਇਲਾਜ ਨੂੰ ਹੀ ਨਹੀਂ ਦਰਸਾਉਂਦਾ, ਸਗੋਂ ਇਹ ਪੰਜਾਬ ‘ਚ ਮਰੀਜ਼ਾਂ ਦੀ ਚੱਲਣ-ਫਿਰਨ ਦੀ ਸਮਰੱਥਾ ਬਹਾਲ ਕਰਨ, ਅਪੰਗਤਾ ਘਟਾਉਣ ਅਤੇ ਜੀਵਨ ਪੱਧਰ ਸੁਧਾਰਨ ਵੱਲ ਇੱਕ ਵੱਡੇ ਬਦਲਾਅ ਦਾ ਸੰਕੇਤ ਵੀ ਹੈ।

Read More: Punjab Cabinet: ਪੰਜਾਬ ਕੈਬਨਿਟ ਦੀ ਬੈਠਕ ਸ਼ੁਰੂ, ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਵਿਦੇਸ਼

Scroll to Top