ਚੰਡੀਗੜ੍ਹ, 06 ਨਵੰਬਰ 2026: ਪੰਜਾਬ ਦੇ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ ਨੇ ਕੇਂਦਰੀ ਏਜੰਸੀ ਈਡੀ ਦੀ 42 ਘੰਟੇ ਚੱਲੀ ਛਾਪੇਮਾਰੀ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਭਾਜਪਾ ‘ਤੇ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਤਕਰੀਬਨ 40-42 ਘੰਟੇ ਚੱਲੀ ਇਸ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਅਤੇ ਪਰਿਵਾਰ ਨੂੰ ਘਰ ਦੇ ਅੰਦਰ ਹੀ ਰੱਖਿਆ। ਪਰ ਈਡੀ ਦੀ ਲਗਾਤਾਰ ਤਲਾਸ਼ੀ ਤੋਂ ਬਾਅਦ ਵੀ ਉਨ੍ਹਾਂ ਦੇ ਕਿਸੇ ਵੀ ਘਰ ਜਾਂ ਹਸਪਤਾਲ ਤੋਂ ਕੁਝ ਵੀ ਹਾਸਲ ਨਹੀਂ ਹੋਇਆ ਅਤੇ ਏਜੰਸੀਆਂ ਨੂੰ ਬਿਲਕੁਲ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ।
ਉਨ੍ਹਾਂ ਕਿਹਾ ਕਿ ਈਡੀ ਵੱਲੋਂ ਸਰਕਾਰ ਆਉਣ ਤੋਂ ਪਹਿਲਾਂ ਦੇ ਮਾਮਲਿਆਂ, ਜਿਵੇਂ ਬਿਪਨ ਉੰਕਾਰਾ ਅਤੇ ਰਾਕੇਸ਼ ਸਿਤਾਰਾ ਵਰਗੇ ਵਿਅਕਤੀਆਂ ਦੀਆਂ ਖਰੀਦ-ਵੇਚ ਨਾਲ ਜੋੜ ਕੇ ਪੂਰੀ ਪੁੱਛਗਿੱਛ ਕੀਤੀ, ਪਰ ਮਨੀ ਲਾਂਡਰਿੰਗ ਜਾਂ ਅਨਿਯਮਿਤਤਾ ਦਾ ਕੋਈ ਸਬੂਤ ਨਹੀਂ ਮਿਲਿਆ। ਕਾਰਵਾਈ ਦੁਪਹਿਰ 12 ਵਜੇ ਹੀ ਪੂਰੀ ਹੋ ਚੁੱਕੀ ਸੀ, ਪਰ ਉੱਪਰੋਂ ਦਬਾਅ ਹੋਣ ਕਰਕੇ ਜਾਣਬੁੱਝ ਕੇ ਸਮਾਂ ਬਰਬਾਦ ਕੀਤਾ ਗਿਆ।
ਡਾ. ਅਮਨਦੀਪ ਅਰੋੜਾ ਮੁਤਾਬਕ ਰੇਡ ਦੌਰਾਨ ਈਡੀ ਦੇ ਜ਼ਰੀਏ ਉਨ੍ਹਾਂ ‘ਤੇ ਭਾਜਪਾ ‘ਚ ਸ਼ਾਮਲ ਹੋਣ ਲਈ ਦਬਾਅ ਪਾਇਆ ਅਤੇ ਲਾਲਚ ਦਿੱਤਾ ਗਿਆ ਕਿ “ਤੁਹਾਨੂੰ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ। ਪਰ ਉਨ੍ਹਾਂ ਨੇ ਭਾਜਪਾ ਦੀ ਪੇਸ਼ਕਸ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਹ ‘ਆਪ’ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਰਹਿਣਗੇ।
ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਕੋਈ ਚੋਰ ਨਹੀਂ ਹਾਂ ਅਤੇ ਨਾ ਹੀ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਹਾਂ, ਅਸੀਂ ਅਜਿਹੀਆਂ ਹੋਰ ਰੇਡਾਂ ਦਾ ਸਾਹਮਣਾ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ 42 ਘੰਟੇ ਦੇ ਇਸ ਔਖੇ ਸਮੇਂ ਦੌਰਾਨ ਡਟ ਕੇ ਨਾਲ ਖੜ੍ਹਨ ਵਾਲੇ ਆਪਣੇ ਸਾਰੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਪੰਜਾਬ ‘ਚ ਆਪਣੀ ਬੁਰੀ ਹਾਰ ਹੁੰਦੀ ਦੇਖ ਕੇ ਭਾਜਪਾ ਅਜਿਹੇ ਹਥਕੰਡਿਆਂ ‘ਤੇ ਉੱਤਰ ਆਈ ਹੈ, ਪਰ ਪੰਜਾਬ ਦੇ ਸੂਝਵਾਨ ਲੋਕ ਆਉਣ ਵਾਲੀਆਂ ਫਰਵਰੀ ਚੋਣਾਂ ‘ਚ ਭਾਜਪਾ ਦੀ ਇਸ ਰਾਜਨੀਤੀ ਦਾ ਠੋਕਵਾਂ ਜਵਾਬ ਦੇਣਗੇ।
ਉਥੇ ਹੀ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਘਰ 42 ਘੰਟੇ ਚੱਲੀ ਛਾਪੇਮਾਰੀ ਭਾਜਪਾ ਦੀ ਰਾਜਨੀਤੀ ਅਤੇ ਸਿਆਸੀ ਬੌਖਲਾਹਟ ਦਾ ਸਬੂਤ ਹੈ। ਈਡੀ ਵਲੋਂ ਲਗਾਤਾਰ ਤਲਾਸ਼ੀ ਤੋਂ ਬਾਅਦ ਵੀ ਉਨ੍ਹਾਂ ਦੇ ਘਰੋਂ ਕੁਝ ਵੀ ਹਾਸਲ ਨਹੀਂ ਹੋਇਆ ਅਤੇ ਏਜੰਸੀ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ।
ਬਲਤੇਜ ਪੰਨੂ ਨੇ ਖੁਲਾਸਾ ਕੀਤਾ ਕਿ ਰੇਡ ਦੌਰਾਨ ਈਡੀ ਵੱਲੋਂ ਮੈਡਮ ਅਰੋੜਾ ‘ਤੇ ਲਗਾਤਾਰ ਇਹ ਦਬਾਅ ਪਾਇਆ ਜਾਂਦਾ ਰਿਹਾ ਕਿ ਉਹ ਭਾਜਪਾ ‘ਚ ਸ਼ਾਮਲ ਹੋ ਜਾਣ, ਜਿਸ ਬਦਲੇ ਉਨ੍ਹਾਂ ਨੂੰ ਵੱਡੇ ਅਹੁਦਿਆਂ ਨਾਲ ਨਵਾਜ਼ਿਆ ਜਾਵੇਗਾ। ਪਰ ਆਮ ਆਦਮੀ ਪਾਰਟੀ ਦੇ ਇਮਾਨਦਾਰ ਅਤੇ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਭਾਜਪਾ ਦੇ ਇਸ ਲਾਲਚ ਅਤੇ ਧਮਕੀਆਂ ਅੱਗੇ ਟੱਸ ਤੋਂ ਮੱਸ ਨਹੀਂ ਹੋਏ ਅਤੇ ਉਨ੍ਹਾਂ ਨੇ ਭਾਜਪਾ ਦੀ ਇਸ ਸਿਆਸੀ ਪੇਸ਼ਕਸ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਵਿਰੋਧੀ ਧਿਰ ਨੂੰ ਝੁਕਾਉਣ ਲਈ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਪੰਜਾਬ ਦੇ ਸੂਝਵਾਨ ਲੋਕ ਭਾਜਪਾ ਦੀ ਇਸ ਰਾਜਨੀਤੀ ਦਾ ਜਵਾਬ ਆਉਣ ਵਾਲੀਆਂ ਚੋਣਾਂ ‘ਚ ਜ਼ਰੂਰ ਦੇਣਗੇ।
Read More: ਡੀਏ ਮਾਮਲਾ: ਸੁਪਰੀਮ ਕੋਰਟ ਨੇ ਹਾਈਕੋਰਟ ਦੇ ਹੁਕਮਾਂ ‘ਤੇ ਲਗਾਈ ਰੋਕ, ਪੰਜਾਬ ਸਰਕਾਰ ਨੂੰ ਮਿਲੀ ਰਾਹਤ




