ਪਠਾਨਕੋਟ, 18 ਸਤੰਬਰ 2026: ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੇ ਉਦੇਸ਼ ਅਤੇ ਸੂਬੇ ਦੀ ਰਾਜਨੀਤੀ ‘ਚ ਮਜ਼ਬੂਤ ਪਕੜ ਸਥਾਪਤ ਕਰਨ ਲਈ ਇੱਕ ਵਿਸ਼ਾਲ ਜਨਤਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਪਠਾਨਕੋਟ ਪਹੁੰਚੇ ਹਨ। ਭਾਜਪਾ ਅੱਜ ਪਠਾਨਕੋਟ ਦੇ ਸਰਹੱਦੀ ਖੇਤਰ ਮਾਧੋਪੁਰ ਦੇ ਏਕਤਾ ਸਥਲ ਤੋਂ “ਨਸ਼ਾ ਮੁਕਤ ਪੰਜਾਬ ਯਾਤਰਾ” ਦੀ ਸ਼ੁਰੂਆਤ ਕਰੇਗੀ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਇਸ ਰਾਜ ਵਿਆਪੀ ਯਾਤਰਾ ਨੂੰ ਹਰੀ ਝੰਡੀ ਦੇਣਗੇ। ਮਾਧੋਪੁਰ ‘ਚ ਵਿਸ਼ਾਲ ਰੈਲੀ ਅਤੇ ਯਾਤਰਾ ਦੀ ਰਸਮੀ ਸ਼ੁਰੂਆਤ ਤੋਂ ਠੀਕ ਪਹਿਲਾਂ ਇੱਕ ਪ੍ਰੋਗਰਾਮ ਤਹਿ ਕੀਤਾ ਗਿਆ ਹੈ।
ਇਸ ਦੌਰਾਨ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਸਿੱਧੇ ਤੌਰ ‘ਤੇ ਨਸ਼ੇ ਤੋਂ ਪ੍ਰਭਾਵਿਤ 50 ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਉਹ ਉਨ੍ਹਾਂ ਦੀ ਦੁਰਦਸ਼ਾ ਸੁਣਨਗੇ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਲੜਾਈ ‘ਚ ਹਰ ਸੰਭਵ ਸਹਾਇਤਾ ਦਾ ਭਰੋਸਾ ਦੇਣਗੇ।
ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਯਾਤਰਾ
ਪੂਰੀ ਯਾਤਰਾ 18 ਸਤੰਬਰ ਤੋਂ 30 ਸਤੰਬਰ ਤੱਕ 13 ਦਿਨਾਂ ਤੱਕ ਜਾਰੀ ਰਹੇਗੀ। ਇਸ ਸਮੇਂ ਦੌਰਾਨ, ਪੰਜਾਬ ਭਰ ‘ਚ ਚਾਰ ਵੱਖ-ਵੱਖ ਯਾਤਰਾਵਾਂ ਕਰਵਾਏਗੀ, ਜੋ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ। ਇਹ ਮੈਗਾ-ਮੁਹਿੰਮ ਲਗਭਗ 4,000 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਪਹਿਲੀ ਯਾਤਰਾ ਦੇ ਸੁਚਾਰੂ ਸੰਚਾਲਨ ਅਤੇ ਅਗਵਾਈ ਲਈ 15 ਵਿਸ਼ੇਸ਼ ਰੱਥ ਤਿਆਰ ਕੀਤੇ ਗਏ ਹਨ।
ਜਲੰਧਰ ‘ਚ ਸਮਾਪਤ ਹੋਵੇਗੀ ਯਾਤਰਾ
ਅੱਜ ਪਠਾਨਕੋਟ ਤੋਂ ਪਹਿਲੀ ਯਾਤਰਾ ਸ਼ੁਰੂ ਹੋਣ ਤੋਂ ਬਾਅਦ, ਬਾਕੀ ਤਿੰਨ ਯਾਤਰਾਵਾਂ ਕ੍ਰਮਵਾਰ 19, 20 ਅਤੇ 21 ਸਤੰਬਰ ਨੂੰ ਫਤਿਹਗੜ੍ਹ ਸਾਹਿਬ, ਫਾਜ਼ਿਲਕਾ ਅਤੇ ਤਲਵੰਡੀ ਸਾਬੋ ਤੋਂ ਰਵਾਨਾ ਹੋਣਗੀਆਂ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਤੀਜੀ ਯਾਤਰਾ ਨੂੰ ਹਰੀ ਝੰਡੀ ਦੇਣਗੇ, ਜੋ ਫਾਜ਼ਿਲਕਾ ਤੋਂ ਰਵਾਨਾ ਹੋਵੇਗੀ। ਇਨ੍ਹਾਂ ਯਾਤਰਾਵਾਂ ਦਾ ਸ਼ਾਨਦਾਰ ਸਮਾਪਨ 30 ਸਤੰਬਰ ਨੂੰ ਜਲੰਧਰ ਵਿੱਚ ਹੋਵੇਗਾ।
Read More: ਭਾਜਪਾ ਆਗੂ ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ! 3 ਵਿਅਕਤੀਆਂ ਨੂੰ ਫੜੇ ਜਾਣ ਦਾ ਦਾਅਵਾ




