Major Action by Meta in India

Meta ਦੀ ਵੱਡੀ ਕਾਰਵਾਈ! 6 ਮਹੀਨਿਆਂ ’ਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ 54 ਲੱਖ ਤੋਂ ਵੱਧ ਖਾਤੇ ਤੇ ਪੋਸਟਾਂ ਬਲੌਕ!

24 ਨਵੰਬਰ 2026 : ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ Meta ਨੇ ਭਾਰਤ ਵਿੱਚ ਵੱਡੀ ਕਾਰਵਾਈ ਕੀਤੀ ਹੈ। ਕੰਪਨੀ ਨੇ 2026 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਸਥਾਨਕ ਕਾਨੂੰਨਾਂ ਤਹਿਤ 54 ਲੱਖ ਤੋਂ ਵੱਧ ਪੋਸਟਾਂ ਅਤੇ ਖਾਤਿਆਂ ਨੂੰ ਬਲੌਕ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਾਲ 2025 ਦੌਰਾਨ ਇਹ ਅੰਕੜਾ ਸਿਰਫ਼ 70 ਹਜ਼ਾਰ ਦੇ ਕਰੀਬ ਸੀ। ਇਸ ਤਰ੍ਹਾਂ ਕੁਝ ਹੀ ਸਮੇਂ ਵਿੱਚ ਬਲੌਕ ਕੀਤੀ ਗਈ ਸਮੱਗਰੀ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।ਰਾਇਟਰਜ਼ ਦੀ ਰਿਪੋਰਟ ਮੁਤਾਬਕ, ਸਥਾਨਕ ਕਾਨੂੰਨਾਂ ਦੇ ਆਧਾਰ ’ਤੇ Meta ਵੱਲੋਂ ਸਮੱਗਰੀ ਬਲੌਕ ਕੀਤੇ ਜਾਣ ਦੇ ਮਾਮਲੇ ਵਿੱਚ ਭਾਰਤ ਹੁਣ ਇੰਡੋਨੇਸ਼ੀਆ ਤੋਂ ਬਾਅਦ ਦੁਨੀਆ ਵਿੱਚ ਦੂਜੇ ਨੰਬਰ ’ਤੇ ਪਹੁੰਚ ਗਿਆ ਹੈ।

ਆਖ਼ਰ ਕਿਉਂ ਵਧੀ ਪਾਬੰਦੀਸ਼ੁਦਾ ਸਮੱਗਰੀ ਦੀ ਗਿਣਤੀ?

ਇਸ ਵੱਡੇ ਵਾਧੇ ਪਿੱਛੇ ਕੇਂਦਰ ਸਰਕਾਰ ਵੱਲੋਂ ਆਈਟੀ ਨਿਯਮਾਂ ਵਿੱਚ ਕੀਤੀਆਂ ਸੋਧਾਂ ਨੂੰ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਨਵੇਂ ਨਿਯਮ 20 ਫਰਵਰੀ ਤੋਂ ਲਾਗੂ ਹੋਏ ਸਨ। ਇਨ੍ਹਾਂ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਲਈ ਗੈਰ-ਕਾਨੂੰਨੀ ਸਮੱਗਰੀ ਹਟਾਉਣ ਦੀ ਸਮਾਂ-ਸੀਮਾ ਪਹਿਲਾਂ ਦੇ 36 ਘੰਟਿਆਂ ਤੋਂ ਘਟਾ ਕੇ ਸਿਰਫ਼ 3 ਘੰਟੇ ਕਰ ਦਿੱਤੀ ਗਈ ਹੈ। DW ਦੀ ਰਿਪੋਰਟ ਅਨੁਸਾਰ, ਨਿਯਮਾਂ ਵਿੱਚ ਸੋਧ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਵੀ ਇਤਰਾਜ਼ਯੋਗ ਸਮੱਗਰੀ ਹਟਾਉਣ ਲਈ ਸੋਸ਼ਲ ਮੀਡੀਆ ਕੰਪਨੀਆਂ ਨੂੰ ਨੋਟਿਸ ਜਾਰੀ ਕਰਨ ਦੇ ਵਧੇਰੇ ਅਧਿਕਾਰ ਮਿਲੇ ਹਨ।

ਸਰਕਾਰ ਦੀ ਆਲੋਚਨਾ ਕਰਨ ਵਾਲੀਆਂ ਪੋਸਟਾਂ ਵੀ ਆਈਆਂ ਚਰਚਾ ਵਿੱਚ

ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਲੌਕ ਕੀਤੀ ਗਈ ਸਮੱਗਰੀ ਦੇ ਇੱਕ ਵੱਡੇ ਹਿੱਸੇ ਵਿੱਚ ਸਰਕਾਰ ਅਤੇ ਉਸ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੀਆਂ ਪੋਸਟਾਂ ਸ਼ਾਮਲ ਸਨ। ਇਨ੍ਹਾਂ ਵਿੱਚ ਵਿਰੋਧੀ ਧਿਰ ਦੇ ਆਗੂਆਂ, ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਕੰਟੈਂਟ ਕ੍ਰਿਏਟਰਾਂ ਦੀਆਂ ਪੋਸਟਾਂ ਵੀ ਦੱਸੀਆਂ ਗਈਆਂ ਹਨ। ਜੁਲਾਈ ਅਤੇ ਅਕਤੂਬਰ ਦੌਰਾਨ ਦਿੱਲੀ ਵਿੱਚ ਹੋਏ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਅਤੇ ਸੀਜੇਪੀ ਦੀ ਅਗਵਾਈ ਵਾਲੇ ਅੰਦੋਲਨਾਂ ਦੌਰਾਨ ਇਹ ਮਾਮਲਾ ਹੋਰ ਵੀ ਚਰਚਾ ਵਿੱਚ ਆਇਆ। ਰਿਪੋਰਟਾਂ ਮੁਤਾਬਕ, ਇਸ ਸਮੇਂ ਦੌਰਾਨ ਹਜ਼ਾਰਾਂ ਪੋਸਟਾਂ ਅਤੇ ਖਾਤੇ ਮੁਅੱਤਲ ਕੀਤੇ ਗਏ ਸਨ। ਇਨ੍ਹਾਂ ਵਿੱਚ ਸੀਜੇਪੀ ਦਾ ਅਧਿਕਾਰਤ ਖਾਤਾ ਵੀ ਸ਼ਾਮਲ ਸੀ, ਜਿਸ ਨੂੰ ਬਾਅਦ ਵਿੱਚ ਮੁੜ ਬਹਾਲ ਕਰ ਦਿੱਤਾ ਗਿਆ।

ਸਰਕਾਰ ਨੇ ਕੀ ਦਿੱਤਾ ਸਪੱਸ਼ਟੀਕਰਨ?

ਦੂਜੇ ਪਾਸੇ, ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕਿਸੇ ਵੀ ਸੋਸ਼ਲ ਮੀਡੀਆ ਪੋਸਟ ਨੂੰ ਹਟਾਉਣ ਦੇ ਹੁਕਮ ਸਿਰਫ਼ ਉਸ ਸਮੇਂ ਦਿੱਤੇ ਜਾਂਦੇ ਹਨ, ਜਦੋਂ ਸਮੱਗਰੀ ਮੌਜੂਦਾ ਕਾਨੂੰਨਾਂ ਦੀ ਉਲੰਘਣਾ ਕਰਦੀ ਹੋਵੇ ਜਾਂ ਜਨਤਕ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੀ ਹੋਵੇ। ਹੁਣ Meta ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ਨੇ ਭਾਰਤ ਵਿੱਚ ਸੋਸ਼ਲ ਮੀਡੀਆ ਦੀ ਆਜ਼ਾਦੀ, ਸਰਕਾਰੀ ਨਿਯਮਾਂ ਅਤੇ ਆਨਲਾਈਨ ਸਮੱਗਰੀ ਦੀ ਨਿਗਰਾਨੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।

ਵਿਦੇਸ਼

Scroll to Top