ਸਤਨਾਮ ਸਿੰਘ ਸੰਧੂ ਦੀ ਪੁਸਤਕ

ਸਾਬਕਾ ਜਥੇਦਾਰ ਪ੍ਰੋ. (ਡਾ.) ਮਨਜੀਤ ਸਿੰਘ ਸਿੰਘ ਵੱਲੋਂ MP ਸਤਨਾਮ ਸਿੰਘ ਸੰਧੂ ਦੀ ਪੁਸਤਕ ਦੀ ਸ਼ਲਾਘਾ

ਚੰਡੀਗ੍ਹੜ, 06 ਨਵੰਬਰ 2026: “ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਰਪਾ ਸਦਕਾ ਆਪਣੇ ਸਮਰਪਿਤ ਸਿੱਖ ਸਰਦਾਰ ਸਤਨਾਮ ਸਿੰਘ ਸੰਧੂ ਜੀ ਨੂੰ ਇਸ ਪਵਿੱਤਰ ਅਸਥਾਨ (ਗੁਰਦੁਆਰਾ ਸ੍ਰੀ ਲਖਪਤ ਸਾਹਿਬ) ਦੀ ਸੇਵਾ-ਸੰਭਾਲ ਵੱਲ ਧਿਆਨ ਦਿਵਾਉਣ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ।” ਇਹ ਵਿਚਾਰ ਸਾਬਕਾ ਜਥੇਦਾਰ ਪ੍ਰੋ. (ਡਾ.) ਮੰਜੀਤ ਸਿੰਘ ਨੇ ਵੀਰਵਾਰ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐੱਨ.ਡੀ.ਯੂ.) ਵਿਖੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਲਿਖੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਗਮ ਦੌਰਾਨ ਆਪਣੇ ਸੰਬੋਧਨ ‘ਚ ਪ੍ਰਗਟ ਕੀਤੇ। ਸਵਰਾਜ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ‘ਚ ਉਪਲਬਧ ਹੈ। ਇਸ ਸਮਾਗਮ ‘ਚ ਪ੍ਰਮੁੱਖ ਸਿੱਖ ਆਗੂਆਂ, ਸੰਤ ਸਮਾਜ ਦੇ ਮੈਂਬਰਾਂ ਅਤੇ ਸਾਬਕਾ ਜਥੇਦਾਰਾਂ ਨੇ ਸ਼ਿਰਕਤ ਕੀਤੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਿਕ ਵਿਰਾਸਤ ਅਤੇ ਇਤਿਹਾਸਕ ਸਿੱਖ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਲਖਪਤ ਸਾਹਿਬ ਦੀ ਸੰਭਾਲ ਲਈ ਕੀਤੇ ਗਏ ਅਸਾਧਾਰਨ ਯਤਨਾਂ ਨੂੰ ਸਮਰਪਿਤ ਇਹ ਪੁਸਤਕ ਗੁਰੂ ਸਾਹਿਬ ਦੀਆਂ ਉਦਾਸੀਆਂ ਨਾਲ ਜੁੜੇ ਇਸ ਪਵਿੱਤਰ ਅਸਥਾਨ ਦੇ ਇਤਿਹਾਸਕ ਅਤੇ ਅਧਿਆਤਮਿਕ ਮਹੱਤਵ ਨੂੰ ਦਰਸਾਉਂਦੀ ਹੈ। ਗੁਜਰਾਤ ਦੇ ਕੱਛ ਵਿਖੇ ਸਥਿਤ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ 2001 ਦੇ ਵਿਨਾਸ਼ਕਾਰੀ ਗੁਜਰਾਤ ਭੂਚਾਲ ਤੋਂ ਬਾਅਦ ਹੋਈ ਮੁੜ-ਬਹਾਲੀ ਦੇ ਨਾਲ-ਨਾਲ ਸਿੱਖ ਸੰਗਤ, ਸੰਭਾਲ ਮਾਹਰਾਂ ਅਤੇ ਰਵਾਇਤੀ ਕਾਰੀਗਰਾਂ ਵੱਲੋਂ ਇਸ ਦੀ ਇਮਾਰਤੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਗਈ ਸਾਂਝੀ ਸੇਵਾ ਨੂੰ ਵੀ ਪੁਸਤਕ ਵਿੱਚ ਵਿਸਥਾਰ ਨਾਲ ਦਰਜ ਕੀਤਾ ਗਿਆ ਹੈ। ਇਹ ਪੁਸਤਕ ਗੁਰੂ ਸਾਹਿਬ ਦੀਆਂ ਸਦੀਵੀ ਸਿੱਖਿਆਵਾਂ ਨੂੰ ਸਮਰਪਿਤ ਇੱਕ ਮਹੱਤਵਪੂਰਨ ਸਾਹਿਤਕ ਉਪਰਾਲਾ ਹੈ।

ਇਸ ਮੌਕੇ ਆਪਣੇ ਸੰਬੋਧਨ ‘ਚ ਸਾਬਕਾ ਜਥੇਦਾਰ ਪ੍ਰੋ. (ਡਾ.) ਮਨਜੀਤ ਸਿੰਘ ਨੇ ਕਿਹਾ, “ਇਸ ਪਵਿੱਤਰ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਤਨਾਮ ਸਿੰਘ ਸੰਧੂ ਵਧਾਈ ਅਤੇ ਸ਼ਲਾਘਾ ਦੇ ਹੱਕਦਾਰ ਹਨ। ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਉਨ੍ਹਾਂ ਨੂੰ ਅੱਗੇ ਵੀ ਅਜਿਹੀਆਂ ਨੇਕ ਸੇਵਾਵਾਂ ਲਈ ਪ੍ਰੇਰਿਤ ਕਰਦੇ ਰਹਿਣ, ਜਿਹੜੀਆਂ ਗੁਰੂ ਸਾਹਿਬ ਦੇ ਇਤਿਹਾਸ ਅਤੇ ਸਿਧਾਂਤਾਂ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਯੋਗਦਾਨ ਪਾਉਂਦੀਆਂ ਹਨ। ਅਕਾਲ ਪੁਰਖ ਉਨ੍ਹਾਂ ਨੂੰ ਚੰਗੀ ਸਿਹਤ ਬਖ਼ਸ਼ਣ ਅਤੇ ਗੁਰਬਾਣੀ ਤੇ ਬਾਣੇ ਪ੍ਰਤੀ ਡੂੰਘਾ ਪਿਆਰ ਬਖ਼ਸ਼ਣ।

ਇਸ ਅਸਥਾਨ ਦੇ ਸੰਦਰਭ ‘ਚ, ਜਿਸ ਦਾ ਪੂਰਾ ਇਤਿਹਾਸ ਇਸ ਪੁਸਤਕ ਵਿੱਚ ਦਰਜ ਕੀਤਾ ਗਿਆ ਹੈ, ਇੱਕ ਬਹੁਤ ਹੀ ਮਹੱਤਵਪੂਰਨ ਗੱਲ ਇਹ ਹੈ ਕਿ ਯੂਨੈਸਕੋ ਨੇ ਇਸ ਦੇ ਡੂੰਘੇ ਇਤਿਹਾਸਕ ਮਹੱਤਵ ਅਤੇ ਪੁਰਾਤਨਤਾ ਨੂੰ ਮਾਨਤਾ ਦਿੰਦਿਆਂ ਇਸ ਨੂੰ ਵਿਰਾਸਤੀ ਅਸਥਾਨ ਵਜੋਂ ਸਨਮਾਨਿਤ ਕੀਤਾ ਹੈ। ਇਸ ਦੇ ਨਾਲ ਹੀ ਇਸ ਅਸਥਾਨ ਦੀ ਪੁਰਾਤਨ ਦਿੱਖ ਨੂੰ ਮੁੜ ਬਹਾਲ ਕਰਨ ਲਈ ਯੂਨੈਸਕੋ ਨੇ ਆਪਣੇ ਪ੍ਰਸ਼ਾਸਕਾਂ ਅਤੇ ਨੁਮਾਇੰਦਿਆਂ ਰਾਹੀਂ ਸਿੱਧੇ ਤੌਰ ‘ਤੇ ਪਹਿਲਕਦਮੀ ਕੀਤੀ ਹੈ। ਇਹ ਗੁਰੂ ਸਾਹਿਬ ਦੇ ਸਿੱਖ ਅਖਵਾਉਣ ਵਾਲਿਆਂ ਲਈ ਬੇਹੱਦ ਖੁਸ਼ੀ ਅਤੇ ਤਸੱਲੀ ਦੀ ਗੱਲ ਹੈ ਕਿ ਵਿਦਵਾਨਾਂ ਦੀ ਵਿਸ਼ੇਸ਼ ਟੀਮ ਰਾਹੀਂ ਇਸ ਅਸਥਾਨ ਦੀ ਸੇਵਾ-ਸੰਭਾਲ ਅਤੇ ਸੁਰੱਖਿਆ ਵੱਲ ਧਿਆਨ ਦਿਵਾਇਆ ਗਿਆ ਹੈ।

ਇਹ ਸਭ ਕੁਝ ਆਪਣੇ ਆਪ ਨਹੀਂ ਹੋਇਆ, ਸਗੋਂ ਇਹ ਉਸ ਸਮਰਪਿਤ ਯਤਨ ਦਾ ਨਤੀਜਾ ਹੈ ਜਿਸ ਲਈ ਗੁਰੂ ਸਾਹਿਬ ਨੇ ਸਤਨਾਮ ਸਿੰਘ ਨੂੰ ਪ੍ਰੇਰਨਾ ਬਖ਼ਸ਼ੀ। ਉਨ੍ਹਾਂ ਨੇ ਡੂੰਘੀ ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਇਹ ਉਪਰਾਲਾ ਕੀਤਾ ਹੈ। ਗੁਰੂ ਸਾਹਿਬ ਕਿਰਪਾ ਕਰਨ ਕਿ ਇਹ ਪੁਸਤਕ ਹਰ ਨਾਨਕ ਨਾਮ ਲੇਵਾ ਦੇ ਘਰ ਤੱਕ ਪਹੁੰਚੇ, ਤਾਂ ਜੋ ਸਾਡੇ ਪਰਿਵਾਰਾਂ ਅਤੇ ਖ਼ਾਸ ਕਰਕੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਪਵਿੱਤਰ ਅਸਥਾਨਾਂ ਦੀ ਮਹੱਤਤਾ ਅਤੇ ਉਨ੍ਹਾਂ ਨਾਲ ਜੁੜੇ ਇਤਿਹਾਸ ਬਾਰੇ ਜਾਣਨ ਦਾ ਮੌਕਾ ਮਿਲ ਸਕੇ। ਅਕਾਲ ਪੁਰਖ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੀ ਅਧਿਆਤਮਿਕ ਸੂਝ ਬਖ਼ਸ਼ਣ ਕਿ ਅਸੀਂ ਗੁਰੂ ਸਾਹਿਬ ਨਾਲ ਸੱਚੇ ਦਿਲੋਂ ਜੁੜ ਸਕੀਏ ਅਤੇ ਇਸ ਅਮੀਰ ਅਧਿਆਤਮਿਕ ਵਿਰਾਸਤ ਦੇ ਯੋਗ ਵਾਰਸ ਬਣ ਸਕੀਏ।”

Read More: ਅੰਮ੍ਰਿਤਸਰ ‘ਚ MP ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਕੀਤੀ ਲੋਕ ਅਰਪਣ

ਵਿਦੇਸ਼

Scroll to Top