Cyber ​​Fraud

ਆਨਲਾਈਨ ਨਿਵੇਸ਼ ਦੇ ਨਾਂ ’ਤੇ ਸਾਈਬਰ ਠੱਗੀ, ਨੌਜਵਾਨ ਨੂੰ ਲੱਗਿਆ 5.31 ਲੱਖ ਦਾ ਚੂਨਾ

26 ਨਵੰਬਰ 2026 : ਸ੍ਰੀ ਮੁਕਤਸਰ ਸਾਹਿਬ: ਸੋਸ਼ਲ ਮੀਡੀਆ ‘ਤੇ ਘਰ ਬੈਠੇ ਮੋਟਾ ਮੁਨਾਫ਼ਾ ਕਮਾਉਣ ਦੇ ਸੁਪਨੇ ਨੇ ਇੱਕ ਨੌਜਵਾਨ ਨੂੰ ਲੱਖਾਂ ਰੁਪਏ ਦਾ ਨੁਕਸਾਨ ਕਰਵਾ ਦਿੱਤਾ। ਸਾਈਬਰ ਠੱਗਾਂ ਨੇ ਆਨਲਾਈਨ ਨਿਵੇਸ਼ ਦਾ ਝਾਂਸਾ ਦੇ ਕੇ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨੌਜਵਾਨ ਨਾਲ 5 ਲੱਖ 31 ਹਜ਼ਾਰ 735 ਰੁਪਏ ਦੀ ਠੱਗੀ ਮਾਰ ਲਈ। ਪੀੜਤ ਦੀ ਸ਼ਿਕਾਇਤ ਤੋਂ ਬਾਅਦ ਸਾਈਬਰ ਕ੍ਰਾਈਮ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ, ਪਿੰਡ ਚੱਕ ਬਾਜਾ ਮਡਾਹਰ ਦੇ ਰਹਿਣ ਵਾਲੇ ਜਤਿੰਦਰ ਸਿੰਘ ਨੂੰ 14 ਸਤੰਬਰ 2026 ਨੂੰ ਫੇਸਬੁੱਕ ‘ਤੇ ਇੱਕ ਇਸ਼ਤਿਹਾਰ ਦਿਖਾਈ ਦਿੱਤਾ। ਇਸ ਵਿੱਚ ਆਨਲਾਈਨ ਟ੍ਰੇਡਿੰਗ ਰਾਹੀਂ ਵੱਡਾ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਗਿਆ ਸੀ। ਇਸ਼ਤਿਹਾਰ ਦੇ ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ ਉਹ ਠੱਗਾਂ ਦੇ ਸੰਪਰਕ ਵਿੱਚ ਆ ਗਿਆ।

ਠੱਗਾਂ ਨੇ ਉਸ ਨੂੰ ਟੈਲੀਗ੍ਰਾਮ ‘ਤੇ ‘ETH/USDT Trade’ ਨਾਮ ਦੇ ਗਰੁੱਪ ਵਿੱਚ ਸ਼ਾਮਲ ਕਰ ਲਿਆ। ਇਸ ਤੋਂ ਬਾਅਦ ‘Globix Wallets’ ਨਾਮ ਦੀ ਐਪ ‘ਤੇ ਉਸ ਦਾ ਖਾਤਾ ਖੁਲ੍ਹਵਾਇਆ ਗਿਆ, ਜਿੱਥੇ ਸਕ੍ਰੀਨ ‘ਤੇ ਨਿਵੇਸ਼ ਦੇ ਬਦਲੇ ਫਰਜ਼ੀ ਮੁਨਾਫ਼ਾ ਦਿਖਾਇਆ ਜਾਂਦਾ ਸੀ।

ਮੁਨਾਫ਼ਾ ਵਧਦਾ ਦੇਖ ਕੇ ਜਤਿੰਦਰ ਸਿੰਘ ਨੇ 17 ਤੋਂ 19 ਸਤੰਬਰ ਦਰਮਿਆਨ ਵੱਖ-ਵੱਖ ਟ੍ਰਾਂਜੈਕਸ਼ਨਾਂ ਰਾਹੀਂ ਕੁੱਲ 5,31,735 ਰੁਪਏ ਜਮ੍ਹਾਂ ਕਰਵਾ ਦਿੱਤੇ। ਪਰ ਜਦੋਂ ਉਸ ਨੇ ਆਪਣੀ ਰਕਮ ਵਾਪਸ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪੈਸੇ ਨਹੀਂ ਮਿਲੇ ਅਤੇ ਉਸ ਨੂੰ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਿਆ। ਇਸ ਤੋਂ ਬਾਅਦ ਪੀੜਤ ਨੇ 21 ਸਤੰਬਰ ਨੂੰ ਸਾਈਬਰ ਹੈਲਪਲਾਈਨ ਨੰਬਰ 1930 ‘ਤੇ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਮਾਮਲੇ ਦੀ ਜਾਂਚ ਕਰ ਰਹੀ ਏਐੱਸਆਈ ਰਾਜਵੀਰ ਕੌਰ ਮੁਤਾਬਕ ਪੁਲਿਸ ਨੇ ਮੁਕੱਦਮਾ ਨੰਬਰ 31 ਦਰਜ ਕਰ ਲਿਆ ਹੈ। ਬੈਂਕ ਖਾਤਿਆਂ ਅਤੇ ਤਕਨੀਕੀ ਸਬੂਤਾਂ ਦੀ ਜਾਂਚ ਕਰਕੇ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਲੋਕਾਂ ਲਈ ਜ਼ਰੂਰੀ ਸਾਵਧਾਨੀ

ਪੁਲਿਸ ਅਤੇ ਸਾਈਬਰ ਮਾਹਿਰਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੋਸ਼ਲ ਮੀਡੀਆ ‘ਤੇ ਮਿਲਣ ਵਾਲੇ ਵੱਧ ਮੁਨਾਫ਼ੇ ਦੇ ਲਾਲਚ ਵਿੱਚ ਆ ਕੇ ਕਿਸੇ ਅਣਜਾਣ ਲਿੰਕ ਜਾਂ ਐਪ ‘ਤੇ ਪੈਸੇ ਨਾ ਲਗਾਉਣ। ਜੇਕਰ ਕਿਸੇ ਨਾਲ ਆਨਲਾਈਨ ਠੱਗੀ ਹੁੰਦੀ ਹੈ ਤਾਂ ਤੁਰੰਤ 1930 ‘ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਓ।

READ MORE : ਪੰਜਾਬ ਦੇ ਸਕੂਲਾਂ ‘ਤੇ ਸਿੱਖਿਆ ਵਿਭਾਗ ਦਾ ਸ਼ਿਕੰਜਾ, ਮਨਮਰਜ਼ੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

ਵਿਦੇਸ਼

Scroll to Top