ਦਿੱਲੀ, 22 ਜੁਲਾਈ, 2026: ਬੁੱਧਵਾਰ ਨੂੰ ਮੌਨਸੂਨ ਸੈਸ਼ਨ ਦੌਰਾਨ ਸੰਸਦ ‘ਚ ਵਿਰੋਧੀ ਧਿਰ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਅਤੇ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਕਾਲੇ ਕੱਪੜੇ ਪਾ ਕੇ ਪਹੁੰਚੇ ਅਤੇ 20 ਜੁਲਾਈ ਨੂੰ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਅਤੇ ਨੀਟ ਪੇਪਰ ਲੀਕ ਦੇ ਖ਼ਿਲਾਫ ਨਾਅਰੇਬਾਜ਼ੀ ਕੀਤੀ।
ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ, ਪਰ ਹੰਗਾਮੇ ਕਾਰਨ ਦੋਵਾਂ ਸਦਨਾਂ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਲੋਕ ਸਭਾ ਸੈਸ਼ਨ ਸਿਰਫ਼ ਇੱਕ ਮਿੰਟ ਚੱਲਿਆ। ਇਸਤੋਂ ਬਾਅਦ ਕਾਰਵਾਈ ਸ਼ੁਰੂ ਹੋਣ ‘ਤੇ ਫਿਰ ਰਾਜ ਸਭਾ ਨੂੰ ਦੁਬਾਰਾ ਮੁਲਤਵੀ ਕਰ ਦਿੱਤਾ ਗਿਆ, ਲੋਕ ਸਭਾ ‘ਚ ਹੰਗਾਮੇ ਦੌਰਾਨ ਚਰਚਾ ਜਾਰੀ ਰਹੀ।
ਵਿਰੋਧੀ ਧਿਰ ਨੇ ਪੇਪਰ ਲੀਕ ਅਤੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀਆਂ ਮੰਗਾਂ ‘ਤੇ ਸਦਨ ‘ਚ ਚਰਚਾ ਦੀ ਮੰਗ ਕੀਤੀ। ਸਰਕਾਰ ਨੇ ਕਿਹਾ ਕਿ ਉਹ ਚਰਚਾ ਲਈ ਤਿਆਰ ਹੈ। ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਗੈਰ-ਜ਼ਿੰਮੇਵਾਰ ਹਨ ਅਤੇ ਬੱਚਿਆਂ ‘ਤੇ ਰਾਜਨੀਤੀ ਕਰ ਰਹੇ ਸਨ।
ਰਾਜ ਸਭਾ ਰੱਖਿਆ ਨਾਲ ਸਬੰਧਤ ਮੁੱਦਿਆਂ ‘ਤੇ ਲੋਕ ਲੇਖਾ ਕਮੇਟੀ ਦੀ ਰਿਪੋਰਟ ਵੀ ਪੇਸ਼ ਕਰੇਗੀ। ਇਨ੍ਹਾਂ ‘ਚ ਧਨੁਸ਼ ਤੋਪਖਾਨਾ ਪ੍ਰਣਾਲੀ ਦੇ ਉਤਪਾਦਨ ‘ਚ ਦੇਰੀ ਅਤੇ ਨੁਕਸਦਾਰ ਗੋਲਾ ਬਾਰੂਦ ਨੂੰ ਬਦਲਣ ‘ਚ ₹62.10 ਕਰੋੜ ਦੇ ਨੁਕਸਾਨ ਦੀਆਂ ਰਿਪੋਰਟਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਸਟੀਲ ਖੇਤਰ ‘ਚ ਸਵੈ-ਨਿਰਭਰਤਾ ਅਤੇ ਕੋਲਾ ਅਤੇ ਖਾਣ ਮੰਤਰਾਲਿਆਂ ਦੀਆਂ ਗ੍ਰਾਂਟਾਂ ਦੀਆਂ ਮੰਗਾਂ ‘ਤੇ ਕੀਤੀ ਗਈ ਕਾਰਵਾਈ ਬਾਰੇ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣਗੀਆਂ।
ਅੱਜ ਦੀ ਰਾਜ ਸਭਾ ਦੀ ਕਾਰੋਬਾਰੀ ਸੂਚੀ ਦੇ ਮੁਤਾਬਕ, ਕੇਂਦਰੀ ਮੰਤਰੀ ਨਿਤਿਆਨੰਦ ਰਾਏ, ਬੀ.ਐਲ. ਵਰਮਾ, ਬੀ. ਸੰਜੇ ਕੁਮਾਰ, ਸੁਕਾਂਤਾ ਮਜੂਮਦਾਰ ਅਤੇ ਹਰਸ਼ ਮਲਹੋਤਰਾ ਆਪਣੇ-ਆਪਣੇ ਮੰਤਰਾਲਿਆਂ ਵੱਲੋਂ ਦਸਤਾਵੇਜ਼ ਪੇਸ਼ ਕਰਨਗੇ।
ਨਿਤਿਆਨੰਦ ਰਾਏ ਅਤੇ ਬੀ. ਸੰਜੇ ਕੁਮਾਰ ਗ੍ਰਹਿ ਮੰਤਰਾਲੇ ਵੱਲੋਂ ਦਸਤਾਵੇਜ਼ ਪੇਸ਼ ਕਰਨਗੇ। ਬੀ.ਐਲ. ਵਰਮਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ, ਸੁਕਾਂਤਾ ਮਜੂਮਦਾਰ ਸਿੱਖਿਆ ਮੰਤਰਾਲੇ ਵੱਲੋਂ ਅਤੇ ਹਰਸ਼ ਮਲਹੋਤਰਾ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਦਸਤਾਵੇਜ਼ ਪੇਸ਼ ਕਰਨਗੇ।
ਭਾਜਪਾ ਸੰਸਦ ਮੈਂਬਰ ਕੇ. ਲਕਸ਼ਮਣ ਅਤੇ ਕਾਂਗਰਸ ਸੰਸਦ ਮੈਂਬਰ ਅਖਿਲੇਸ਼ ਪ੍ਰਸਾਦ ਸਿੰਘ 2026-27 ਲਈ ਲੋਕ ਲੇਖਾ ਕਮੇਟੀ ਦੀਆਂ ਚਾਰ ਰਿਪੋਰਟਾਂ ਦੀਆਂ ਅੰਗਰੇਜ਼ੀ ਅਤੇ ਹਿੰਦੀ ਕਾਪੀਆਂ ਪੇਸ਼ ਕਰਨਗੇ।
ਇਨ੍ਹਾਂ ਰਿਪੋਰਟਾਂ ‘ਚ 18ਵੀਂ ਲੋਕ ਸਭਾ ਦੀ 48ਵੀਂ ਰਿਪੋਰਟ ਸ਼ਾਮਲ ਹੈ, ਜੋ ਇਲੈਕਟ੍ਰਾਨਿਕ ਤੌਰ ‘ਤੇ ਅਪਗ੍ਰੇਡ ਕੀਤੇ 155 mm/45 ਕੈਲੀਬਰ ਗਨ ਸਿਸਟਮ ‘ਧਨੁਸ਼’ ਦੇ ਉਤਪਾਦਨ ‘ਚ ਦੇਰੀ ਨਾਲ ਸੰਬੰਧਿਤ ਹੈ।
Read More: ਦਿੱਲੀ ਹਾਈ ਕੋਰਟ ਵੱਲੋਂ ਸੋਨਮ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ‘ਚ ਤਬਦੀਲ ਕਰਨ ਦੇ ਹੁਕਮ




