Haryana news

CM ਨਾਇਬ ਸੈਣੀ ਨੇ ਸੂਬੇ ਦੇ 132 ਖਿਡਾਰੀਆਂ ਨੂੰ 189 ਕਰੋੜ 38 ਲੱਖ ਰੁਪਏ ਦੇ ਨਕਦ ਇਨਾਮ ਨਾਲ ਕੀਤਾ ਸਨਮਾਨਿਤ

ਹਰਿਆਣਾ, 30 ਅਕਤੂਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਮਗਾ ਕੁਝ ਪਲਾਂ ਲਈ ਖਿਡਾਰੀ ਦੇ ਗਲ਼ ‘ਚ ਪੈਂਦਾ ਹੈ, ਪਰ ਉਸਨੂੰ ਹਾਸਲ ਕਰਨ ਲਈ ਖਿਡਾਰੀ ਆਪਣੀ ਜ਼ਿੰਦਗੀ ਲਗਾ ਦਿੰਦਾ ਹੈ। ਇਨ੍ਹਾਂ ਤਮਗਿਆਂ ਦੇ ਪਿੱਛੇ ਸਾਲਾਂ ਦਾ ਅਭਿਆਸ, ਅਣਗਿਣਤ ਤਿਆਗ ਅਤੇ ਹਾਰ ਤੋਂ ਬਾਅਦ ਫਿਰ ਉੱਠ ਖੜ੍ਹੇ ਹੋਣ ਦਾ ਹੌਸਲਾ ਹੈ। ਭਿਵਾਨੀ ਦੀ ਧਰਤੀ ‘ਤੇ ਅੱਜ ਗੂੰਜ ਰਹੀਆਂ ਤਾੜੀਆਂ ਸਿਰਫ਼ ਤਮਗਿਆਂ ਲਈ ਨਹੀਂ, ਸਗੋਂ ਉਨ੍ਹਾਂ ਅਣਗਿਣਤ ਸਾਲਾਂ ਦੀ ਤਪੱਸਿਆ, ਤਿਆਗ ਅਤੇ ਉਸ ਅਟੁੱਟ ਸੰਕਲਪ ਲਈ ਵੀ ਹਨ, ਜਿਸਨੇ ਭਾਰਤ ਦਾ ਤਿਰੰਗਾ ਏਸ਼ੀਆ ਦੇ ਖੇਡ ਮੈਦਾਨਾਂ ਵਿੱਚ ਉੱਚਾ ਕੀਤਾ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ਭਿਵਾਨੀ ਦੇ ਭੀਮ ਸਟੇਡੀਅਮ ‘ਚ ਏਸ਼ਿਆਈ ਖੇਡਾਂ ਅਤੇ ਪੈਰਾ ਏਸ਼ਿਆਈ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦੇ ਸਾਂਝੇ ਸਨਮਾਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਿਵਾਨੀ ਦੇ ਵਿਕਾਸ ਨੂੰ ਗਤੀ ਦੇਣ ਲਈ 142 ਕਰੋੜ ਰੁਪਏ ਦੀ ਲਾਗਤ ਦੇ 8 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ‘ਚ 133 ਕਰੋੜ 66 ਲੱਖ ਰੁਪਏ ਦੀ ਲਾਗਤ ਦੇ 6 ਉਦਘਾਟਨ ਅਤੇ 8 ਕਰੋੜ 46 ਲੱਖ ਰੁਪਏ ਦੀ ਲਾਗਤ ਦੇ 2 ਨੀਂਹ ਪੱਥਰ ਸ਼ਾਮਲ ਹਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਇਨ੍ਹਾਂ ਸਿਤਾਰਿਆਂ ਦੇ ਵਿਚਕਾਰ ਆ ਕੇ ਉਨ੍ਹਾਂ ਦਾ ਮਨ ਗੌਰਵ ਨਾਲ ਭਰ ਗਿਆ ਹੈ। ਉਨ੍ਹਾਂ ਨੇ ਦੇਸ਼ ਅਤੇ ਸੂਬੇ ਦਾ ਨਾਂ ਰੋਸ਼ਨ ਕਰਨ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਨਮਾਨ ਸਿਰਫ਼ ਖਿਡਾਰੀਆਂ ਦਾ ਹੀ ਨਹੀਂ, ਸਗੋਂ ਉਨ੍ਹਾਂ ਦੇ ਮਾਤਾ-ਪਿਤਾ, ਗੁਰੂਆਂ, ਕੋਚਾਂ ਅਤੇ ਸਹਿਯੋਗੀ ਸਟਾਫ਼ ਦੇ ਤਿਆਗ ਅਤੇ ਸਮਰਪਣ ਦਾ ਵੀ ਸਨਮਾਨ ਹੈ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਏਸ਼ਿਆਈ ਖੇਡਾਂ ‘ਚ ਭਾਰਤ ਨੇ 85 ਤਮਗੇ ਜਿੱਤ ਕੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ‘ਚ ਹਰਿਆਣਾ ਦੇ ਖਿਡਾਰੀਆਂ ਨੇ 32 ਤਮਗਿਆਂ ਦਾ ਯੋਗਦਾਨ ਦਿੱਤਾ, ਜਿਨ੍ਹਾਂ ‘ਚ 14 ਸੋਨੇ ਦੇ ਤਮਗੇ ਸ਼ਾਮਲ ਹਨ। ਯਾਨੀ ਭਾਰਤ ਦੇ ਹਰ ਤਿੰਨ ਸੋਨੇ ਦੇ ਤਮਗਿਆਂ ‘ਚੋਂ ਦੋ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ। ਇਸੇ ਤਰ੍ਹਾਂ, ਪੈਰਾ ਏਸ਼ਿਆਈ ਖੇਡਾਂ ‘ਚ ਭਾਰਤ ਨੇ 114 ਤਮਗੇ ਜਿੱਤ ਕੇ ਆਪਣਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰਿਆਣਾ ਦੇ ਪੈਰਾ ਖਿਡਾਰੀਆਂ ਨੇ 9 ਸੋਨੇ ਸਮੇਤ 31 ਤਮਗੇ ਜਿੱਤੇ, ਯਾਨੀ ਦੇਸ਼ ਦੇ ਲਗਭਗ 30 ਫੀਸਦੀ ਸੋਨੇ ਦੇ ਤਮਗੇ ਸਾਡੇ ਪੈਰਾ ਖਿਡਾਰੀਆਂ ਦੇ ਨਾਂ ਰਹੇ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ‘ਚ ਹਰਿਆਣਾ ਦੇ ਅਨੇਕਾਂ ਸਿਤਾਰੇ ਚਮਕੇ। ਮੁੱਕੇਬਾਜ਼ੀ ‘ਚ ਅੰਕੁਸ਼ ਪੰਘਾਲ ਅਤੇ ਪਰਵੀਨ ਹੁੱਡਾ ਨੇ ਸੋਨੇ ਦੇ ਤਮਗੇ ਜਿੱਤੇ। ਸਾਡੀਆਂ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਸੋਨੇ ਦੇ ਤਮਗੇ ਜਿੱਤ ਕੇ ਲਾਸ ਐਂਜਲਸ ਓਲੰਪਿਕ 2028 ਦੀ ਟਿਕਟ ਪੱਕੀ ਕੀਤੀ ਅਤੇ ਇਨ੍ਹਾਂ ਟੀਮਾਂ ਦੀ ਤਾਕਤ ‘ਚ ਹਰਿਆਣਾ ਦੇ ਖਿਡਾਰੀਆਂ ਦਾ ਵੱਡਾ ਯੋਗਦਾਨ ਹੈ। ਕੁਸ਼ਤੀ ‘ਚ ਭਾਰਤ ਦਾ ਇਹ ਪ੍ਰਦਰਸ਼ਨ ਸਾਲ 1962 ਤੋਂ ਬਾਅਦ ਏਸ਼ਿਆਈ ਖੇਡਾਂ ‘ਚ ਸਭ ਤੋਂ ਬਿਹਤਰੀਨ ਰਿਹਾ। ਪੈਰਾ ਖੇਡਾਂ ਵਿੱਚ ਸੁਮਿਤ ਅੰਤਿਲ ਅਤੇ ਪ੍ਰਣਵ ਸੂਰਮਾ ਦੀ ਸੁਨਹਿਰੀ ਜਿੱਤ ਨੇ ਪੂਰੇ ਦੇਸ਼ ਨੂੰ ਰੋਮਾਂਚਿਤ ਕਰ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਭਿਵਾਨੀ ਦੀ ਧਰਤੀ ‘ਤੇ ਇਸ ਸਮਾਗਮ ਦਾ ਵਿਸ਼ੇਸ਼ ਮਹੱਤਵ ਹੈ। ‘ਮਿਨੀ ਕਿਊਬਾ’ ਅਖਵਾਉਣ ਵਾਲੇ ਭਿਵਾਨੀ ਨੇ ਭਾਰਤੀ ਮੁੱਕੇਬਾਜ਼ੀ ਨੂੰ ਉਸਦੀ ਪਛਾਣ ਦਿੱਤੀ ਹੈ। ਵਿਜੇਂਦਰ ਸਿੰਘ, ਅਖਿਲ ਕੁਮਾਰ, ਜਿਤੇਂਦਰ ਕੁਮਾਰ, ਨੀਤੂ ਘਣਘਸ, ਜੈਸਮੀਨ ਲੰਬੋਰੀਆ, ਪ੍ਰੀਤੀ ਪੰਵਾਰ, ਸਾਖਸ਼ੀ ਚੌਧਰੀ ਅਤੇ ਪ੍ਰਿਆ ਘਣਘਸ ਵਰਗੇ ਮੁੱਕੇਬਾਜ਼ਾਂ ਨੇ ਦੁਨੀਆ ਦੇ ਮੰਚ ‘ਤੇ ਭਿਵਾਨੀ ਦਾ ਨਾਂ ਰੋਸ਼ਨ ਕੀਤਾ ਹੈ। ਇਨ੍ਹਾਂ ਸਫ਼ਲਤਾਵਾਂ ਦੇ ਪਿੱਛੇ ਇੱਥੋਂ ਦੇ ਕੋਚਾਂ ਅਤੇ ਉਨ੍ਹਾਂ ਪਰਿਵਾਰਾਂ ਦੀ ਸਾਧਨਾ ਹੈ, ਜਿਨ੍ਹਾਂ ਨੇ ਖੇਤਾਂ ਵਿੱਚ ਮੁੜ੍ਹਕਾ ਵਹਾਉਂਦੇ ਹੋਏ ਵੀ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਦਿੱਤੇ। ਪਰਿਸਥਿਤੀਆਂ ਤੁਹਾਡੀ ਸ਼ੁਰੂਆਤ ਤੈਅ ਕਰ ਸਕਦੀਆਂ ਹਨ, ਪਰ ਤੁਹਾਡੀ ਮਿਹਨਤ ਅਤੇ ਸੰਕਲਪ ਹੀ ਤੁਹਾਡੀ ਮੰਜਿਲ ਤੈਅ ਕਰਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਦੀ ਖੇਡ ਸ਼ਕਤੀ ਕਿਸੇ ਇੱਕ ਜ਼ਿਲ੍ਹੇ ਜਾਂ ਖੇਡ ਤੱਕ ਸੀਮਤ ਨਹੀਂ ਹੈ। ਕੁਸ਼ਤੀ, ਮੁੱਕੇਬਾਜ਼ੀ, ਹਾਕੀ, ਕਬੱਡੀ, ਅਥਲੈਟਿਕਸ, ਸ਼ੂਟਿੰਗ ਅਤੇ ਤੀਰਅੰਦਾਜ਼ੀ ਤੋਂ ਲੈ ਕੇ ਪੈਰਾ ਖੇਡਾਂ ਤੱਕ ਸਾਡੇ ਖਿਡਾਰੀ ਆਪਣੀ ਪ੍ਰਤਿਭਾ ਸਾਬਤ ਕਰ ਰਹੇ ਹਨ। ਸਾਡੀਆਂ ਧੀਆਂ ਵੀ ਹਰ ਮੈਦਾਨ ਵਿੱਚ ਅੱਗੇ ਵੱਧ ਰਹੀਆਂ ਹਨ, ਤਮਗੇ ਜਿੱਤ ਰਹੀਆਂ ਹਨ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਨਾ ਬਣ ਰਹੀਆਂ ਹਨ।

132 ਖਿਡਾਰੀਆਂ ਨੂੰ 189 ਕਰੋੜ 38 ਲੱਖ ਰੁਪਏ ਦੇ ਨਕਦ ਇਨਾਮ

ਮੁੱਖ ਮੰਤਰੀ ਨੇ ਕਿਹਾ ਕਿ ਅੱਜ 132 ਖਿਡਾਰੀਆਂ ਨੂੰ ਕੁੱਲ 189 ਕਰੋੜ 38 ਲੱਖ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਨਾਲ ਹੀ, ਯੋਗ ਖਿਡਾਰੀਆਂ ਨੂੰ ਹਰਿਆਣਾ ਦੀ ਖੇਡ ਨੀਤੀ ਅਨੁਸਾਰ ਸਰਕਾਰੀ ਨੌਕਰੀਆਂ ਦੇ ਆਫ਼ਰ ਲੈਟਰ ਵੀ ਦਿੱਤੇ ਜਾ ਰਹੇ ਹਨ। ਖਿਡਾਰੀ ਜਦੋਂ ਦੇਸ਼ ਦਾ ਮਾਣ ਵਧਾਉਂਦਾ ਹੈ, ਤਾਂ ਦੇਸ਼ ਅਤੇ ਸੂਬੇ ਦੀ ਵੀ ਜ਼ਿੰਮੇਵਾਰੀ ਹੈ ਕਿ ਉਸਦੇ ਸਨਮਾਨ, ਸੁਰੱਖਿਅਤ ਭਵਿੱਖ ਅਤੇ ਸੁਪਨਿਆਂ ਦੀ ਚਿੰਤਾ ਕਰੇ। ਸਾਡਾ ਸਪੱਸ਼ਟ ਸੰਕਲਪ ਹੈ ਕਿ ਅਜਿਹੇ ਹਰ ਖਿਡਾਰੀ ਨੂੰ ਸਨਮਾਨ, ਆਰਥਿਕ ਸੁਰੱਖਿਆ ਅਤੇ ਅੱਗੇ ਵਧਣ ਦੇ ਮੌਕੇ ਮਿਲਣ।

ਉਨ੍ਹਾਂ ਕਿਹਾ ਕਿ ਹਰਿਆਣਾ ਉਤਕ੍ਰਿਸ਼ਟ ਖਿਡਾਰੀ ਭਰਤੀ ਨਿਯਮਾਂ ਤਹਿਤ ਹੁਣ ਤੱਕ 260 ਉਤਕ੍ਰਿਸ਼ਟ ਖਿਡਾਰੀਆਂ ਨੂੰ ਗਰੁੱਪ-ਏ, ਬੀ ਅਤੇ ਸੀ ਦੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਖੇਡ ਗ੍ਰੇਡੇਸ਼ਨ ਨੀਤੀ ‘ਚ ਸੋਧ ਕੀਤੀ ਗਈ ਹੈ, ਜਿਸ ਤਹਿਤ ਹਰਿਆਣਾ ਸਟੇਟ ਗੇਮਜ਼ ‘ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵੀ ਖੇਡ ਗ੍ਰੇਡੇਸ਼ਨ ਦਾ ਲਾਭ ਮਿਲੇਗਾ। ਇਸ ਨਾਲ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਸਮੇਤ ਹੋਰ ਮੌਕੇ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਖਿਡਾਰੀਆਂ ਨੂੰ ਅਗਾਊਂ ਰਾਸ਼ੀ ਦੇਣ ਦਾ ਉਪਬੰਧ ਵੀ ਕੀਤਾ ਗਿਆ ਹੈ, ਤਾਂ ਜੋ ਪੈਸੇ ਦੀ ਘਾਟ ਕਿਸੇ ਖਿਡਾਰੀ ਦੀ ਟ੍ਰੇਨਿੰਗ ‘ਚ ਰੁਕਾਵਟ ਨਾ ਬਣੇ।

ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੇ ਯੋਗਦਾਨ ਦਾ ਸਨਮਾਨ ਸਿਰਫ਼ ਤਮਗਾ ਜਿੱਤਣ ‘ਤੇ ਇਨਾਮ ਦੇਣ ਤੱਕ ਸੀਮਤ ਨਹੀਂ ਹੈ। ਐਵਾਰਡ ਜੇਤੂ ਖਿਡਾਰੀਆਂ ਦੇ ਮਾਸਿਕ ਮਾਣਭੱਤੇ ਵਿੱਚ ਵੀ ਵਾਧਾ ਕੀਤਾ ਗਿਆ ਹੈ। ਹੁਣ ਖੇਡ ਰਤਨ, ਦ੍ਰੋਣਾਚਾਰੀਆ, ਅਰਜੁਨ, ਧਿਆਨਚੰਦ ਅਤੇ ਤੇਨਜਿੰਗ ਨੋਰਗੇ ਪੁਰਸਕਾਰ ਜੇਤੂਆਂ ਨੂੰ ਪ੍ਰਤੀ ਮਹੀਨਾ 20 ਹਜ਼ਾਰ ਰੁਪਏ ਅਤੇ ਭੀਮ ਐਵਾਰਡ ਜੇਤੂਆਂ ਨੂੰ ਪ੍ਰਤੀ ਮਹੀਨਾ 5 ਹਜ਼ਾਰ ਰੁਪਏ ਦਾ ਮਾਣਭੱਤਾ ਦਿੱਤਾ ਜਾ ਰਿਹਾ ਹੈ।

ਅੱਜ ਦੇ ਇਨਾਮਾਂ ਨੂੰ ਮਿਲਾ ਕੇ ਹੁਣ ਤੱਕ ਸੂਬੇ ਦੇ 17 ਹਜ਼ਾਰ 676 ਖਿਡਾਰੀਆਂ ਨੂੰ ਕੁੱਲ 931 ਕਰੋੜ ਰੁਪਏ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਪ੍ਰਦਰਸ਼ਨ ਲਈ ਵਿਸ਼ਵ ਪੱਧਰੀ ਸਹੂਲਤਾਂ ਵੀ ਚਾਹੀਦੀਆਂ ਹਨ। ਪਿਛਲੇ 12 ਸਾਲਾਂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ‘ਤੇ ਲਗਭਗ 1 ਹਜ਼ਾਰ 100 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਖੇਡ ਵਿਭਾਗ ਦਾ ਬਜਟ ਸਾਲ 2013-14 ਦੇ 163 ਕਰੋੜ ਰੁਪਏ ਤੋਂ ਵਧਾ ਕੇ 668 ਕਰੋੜ 42 ਲੱਖ ਰੁਪਏ ਕੀਤਾ ਗਿਆ ਹੈ।

 

ਵਿਦੇਸ਼

Scroll to Top