ਪੰਜਾਬ, 24 ਸਤੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਏਸ਼ੀਆਈ ਖੇਡਾਂ ‘ਚ ਭਾਰਤੀ ਹਾਕੀ ਟੀਮ ਦੇ ਖੇਡ ਨੂੰ ਦੇਖਣ ਲਈ ਜਾਪਾਨ ਦੇ ਆਪਣੇ ਪ੍ਰਸਤਾਵਿਤ ਦੌਰੇ ਲਈ ਕੇਂਦਰ ਸਰਕਾਰ ਤੋਂ ਰਾਜਨੀਤਿਕ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ। ਏਸ਼ੀਅਨ ਹਾਕੀ ਫੈਡਰੇਸ਼ਨ ਨੇ ਭਗਵੰਤ ਮਾਨ ਨੂੰ ਆਈਚੀ-ਨਾਗੋਆ ਏਸ਼ੀਆਈ ਖੇਡਾਂ ‘ਚ ਹਾਕੀ ਮੁਕਾਬਲੇ ਦੇ ਅੰਤਿਮ ਪੜਾਅ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।
ਇਹ ਸੱਦਾ 30 ਸਤੰਬਰ ਅਤੇ 1 ਅਕਤੂਬਰ ਨੂੰ ਹੋਣ ਵਾਲੇ ਸੈਮੀਫਾਈਨਲ ਅਤੇ 2 ਅਤੇ 3 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਐੱਮ ਮਾਨ ਨੇ ਜਾਪਾਨ ਦੀ ਯਾਤਰਾ ਲਈ ਰਾਜਨੀਤਿਕ ਪ੍ਰਵਾਨਗੀ ਲਈ ਅਰਜ਼ੀ ਦਿੱਤੀ ਹੈ, ਪਰ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਮੁੱਖ ਮੰਤਰੀ ਨੇ ਯਾਤਰਾ ਲਈ ਅਰਜ਼ੀ ਦਿੱਤੀ ਹੈ।
28 ਸਤੰਬਰ ਨੂੰ ਬੰਗਲਾਦੇਸ਼ ਵਿਰੁੱਧ ਮੈਚ
ਭਾਰਤੀ ਪੁਰਸ਼ ਹਾਕੀ ਟੀਮ ਇਸ ਸਮੇਂ ਪੂਲ ਏ ‘ਚ ਖੇਡ ਰਹੀ ਹੈ, ਜਿਸਦਾ ਆਖਰੀ ਪੂਲ ਮੈਚ 28 ਸਤੰਬਰ ਨੂੰ ਬੰਗਲਾਦੇਸ਼ ਵਿਰੁੱਧ ਹੋਵੇਗਾ। ਸੈਮੀਫਾਈਨਲ 1 ਅਕਤੂਬਰ ਨੂੰ ਹੋਵੇਗਾ, ਜਦੋਂ ਕਿ ਪੁਰਸ਼ਾਂ ਦੇ ਤਗਮੇ ਦੇ ਮੈਚ 3 ਅਕਤੂਬਰ ਨੂੰ ਖੇਡੇ ਜਾਣਗੇ।
ਭਗਵੰਤ ਮਾਨ ਦਾ ਸੱਦਾ ਪੰਜਾਬ ਵੱਲੋਂ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ‘ਚ ਪੁਰਸ਼ਾਂ ਦੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਨ ਤੋਂ ਪਹਿਲਾਂ ਆਇਆ ਹੈ। ਏਸ਼ੀਅਨ ਹਾਕੀ ਫੈਡਰੇਸ਼ਨ ਨੇ ਕਿਹਾ ਹੈ ਕਿ ਇਹ ਦੌਰਾ ਪੰਜਾਬ ਦੇ ਵਫ਼ਦ ਨੂੰ ਇੱਕ ਵੱਡੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੇ ਪ੍ਰਬੰਧਾਂ ਨੂੰ ਦੇਖਣ ਦਾ ਮੌਕਾ ਪ੍ਰਦਾਨ ਕਰੇਗਾ, ਜੋ ਕਿ ਰਾਜ ‘ਚ ਇਸ ਸਮਾਗਮ ਦੀ ਤਿਆਰੀ ‘ਚ ਲਾਭਦਾਇਕ ਹੋ ਸਕਦਾ ਹੈ।




