ਚੰਡੀਗੜ੍ਹ 03 ਮਈ 2022: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਦੇਸ਼ ਵਾਸੀਆਂ ਨੂੰ ਈਦ ਦੇ ਪਵਿੱਤਰ ਮੌਕੇ ’ਤੇ ਵਧਾਈ ਦਿੱਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਭਾਈਚਾਰੇ ਅਤੇ ਏਕਤਾ ਦੀ ਮਿਸਾਲ ‘ਈਦ-ਉਲ-ਫ਼ਿਤਰ’ (Eid-ul-Fitr) ਦੇ ਤਿਉਹਾਰ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਦੁਆ ਕਰਦੇ ਹਾਂ ਕਿ ਪੰਜਾਬ ਦਾ ਭਾਈਚਾਰਕ ਮਾਹੌਲ ਇਸੇ ਤਰ੍ਹਾਂ ਖ਼ੁਸ਼ਗਵਾਰ ਬਣਿਆ ਰਹੇ ਤੇ ਇਹ ਤਿਉਹਾਰ ਸਭ ਦੇ ਜੀਵਨ ’ਚ ਖ਼ੁਸ਼ਹਾਲੀ ਤੇ ਤਰੱਕੀਆਂ ਲੈ ਕੇ ਆਵੇ।
ਇਸਦੇ ਨਾਲ ਹੀ ਸੀਐੱਮ ਭਗਵੰਤ ਮਾਨ ਨੇ ਮਲੇਰਕੋਟਲਾ (Malerkotla) ’ਚ ਈਦਗਾਹ ’ਚ ਇਕ ਜਨਸਭਾ ਨੂੰ ਵੀ ਸੰਬੋਧਨ ਕਰਦਿਆਂ ਕਿਹਾ ਉਨ੍ਹਾਂ ਵੱਲੋਂ ਜਨਤਾ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਸ਼ਾਇਰਾਂ, ਫ਼ਕੀਰਾਂ, ਸ਼ਹੀਦਾਂ ਦੀ ਧਰਤੀ ਹੈ, ਇੱਥੇ ਨਫ਼ਰਤ ਦੇ ਬੀਜ ਨਹੀਂ ਉੱਗਦੇ। ਇਹ ਧਰਤੀ ਬਹੁਤ ਉਪਜਾਊ ਹੈ, ਹੋਰ ਜੋ ਮਰਜ਼ੀ ਬੀਜ ਲਵੋ ਉੱਗ ਜਾਵੇਗਾ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜੇ ਥੋੜ੍ਹੇ ਦਿਨ ਹੀ ਹੋਏ ਹਨ ਕਿ ਅਸੀਂ ਨਜ਼ਾਇਜ਼ ਕਬਜ਼ੇ ਛੁਡਾਉਣ, ਭਿ੍ਰਸ਼ਟਾਚਾਰ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ, ਸਿਸਟਮ ਵਿਗੜੇ ਨੂੰ ਤਾਂ 75 ਸਾਲ ਹੋ ਚੁੱਕੇ ਹਨ ਹਨ। ਥੋੜ੍ਹਾ ਸਮਾਂ ਦਿਓ, ਆਉਣ ਵਾਲੇ ਦਿਨਾਂ ’ਚ ਤੁਹਾਨੂੰ ਬਹੁਤ ਵਧੀਆ ਨਤੀਜੇ ਮਿਲਣਗੇ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਤਾਂ ਪੰਜਾਬ ਨੂੰ ਲੁੱਟਿਆ ਹੀ ਹੈ, ਮਲੇਰਕੋਟਲਾ ’ਚ ਸਾਰੇ ਵਿਕਾਸ ਕਾਰਜ ਕੀਤੇ ਜਾਣਗੇ।ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਸਾਰੇ ਭਾਈਚਾਰਿਆਂ ਦੇ ਲੋਕ ਮਿਲ ਕੇ ਰਹਿੰਦੇ ਹਨ ਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਕੋਈ ਜਗ੍ਹਾ ਨਹੀਂ।