ਚੰਡੀਗੜ੍ਹ, 8 ਜੂਨ 2026: ਪੰਜਾਬ ‘ਚ ਨਿਰਧਾਰਤ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦੇ ਸੁਚਾਰੂ ਢੰਗ ਨਾਲ ਅਮਲ ‘ਚ ਲਿਆਉਣ ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਵਿਖੇ ਸੋਮਵਾਰ ਨੂੰ ਚੋਣ ਪ੍ਰਕਿਰਿਆ ਨਾਲ ਸਬੰਧਤ ਅਧਿਕਾਰੀਆਂ ਲਈ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ।
ਇਸ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ‘ਘਰ-ਘਰ ਗਣਨਾ ਪੜਾਅ’ 25 ਜੂਨ, 2026 ਤੋਂ ਸੂਬੇ ਭਰ ‘ਚ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਸਬੰਧੀ ਸਾਰੀਆਂ ਹਦਾਇਤਾਂ, ਪ੍ਰਕਿਰਿਆਵਾਂ ਅਤੇ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਸਟਾਫ ਨੂੰ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਸਹੀ ਤੇ ਸੁਚੱਜੀ ਸਿਖਲਾਈ ਮਿਲੇਗੀ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਐਸ.ਆਈ.ਆਰ. ਦੌਰਾਨ ਬੀ.ਐਲ.ਓ. ਅਤੇ ਈ.ਆਰ.ਓ. ਦੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਵੋਟਰ ਜਾਂ ਕਰਮਚਾਰੀ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਦੌਰਾਨ ਬੀ.ਐਲ.ਓ. ਅਤੇ ਈ.ਆਰ.ਓ. ਦੀ ਭੂਮਿਕਾ ਬਹੁਤ ਅਹਿਮ ਹੈ। ਇਸ ਕਵਾਇਦ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰਿਆਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਵੋਟਰ ਜਾਂ ਕਰਮਚਾਰੀ ਨੂੰ ਕੋਈ ਮੁਸ਼ਕਿਲ ਨਾ ਆਵੇ।
ਉਨ੍ਹਾਂ ਨੇ ਸੂਬੇ ਦੇ ਸਾਰੇ ਡੀ.ਈ.ਓਜ਼. ਅਤੇ ਈ.ਆਰ.ਓਜ਼. ਨੂੰ ਹਦਾਇਤ ਕੀਤੀ ਕਿ ਉਹ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰੋਗਰਾਮ ਸਬੰਧੀ ਆਪੋ-ਆਪਣੇ ਖੇਤਰਾਂ ‘ਚ ਕਰਵਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਤਾਂ ਜੋ ਐਸ.ਆਈ.ਆਰ. ਪ੍ਰਕਿਰਿਆ ਸਬੰਧੀ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਸਟਾਫ਼ ਦੇ ਹਰ ਸਵਾਲ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬੀਐਲਓਜ਼ ਨੂੰ ਜਿੰਨੀ ਬਿਹਤਰ ਸਿਖਲਾਈ ਦਿੱਤੀ ਜਾਵੇਗੀ, ਸਾਰੀ ਪ੍ਰਕਿਰਿਆ ਓਨੀ ਹੀ ਸੁਚਾਰੂ ਹੋਵੇਗੀ।
ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਬਾਰੇ ਜਾਣੂ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ‘ਚ ਸਹਿਯੋਗ ਕਰਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਨਾ ਕਿਸੇ ਯੋਗ ਵਿਅਕਤੀ ਦੀ ਵੋਟ ਗਲਤ ਤਰੀਕੇ ਨਾਲ ਨਾ ਕੱਟੀ ਜਾਵੇ ਅਤੇ ਨਾ ਹੀ ਕੋਈ ਅਯੋਗ ਵਿਅਕਤੀ ਗ਼ੈਰ-ਵਾਜਿਬ ਢੰਗ ਨਾਲ ਵੋਟਰ ਸੂਚੀ ਚ ਸ਼ਾਮਲ ਕੀਤਾ ਜਾਵੇ।
Read More: ਸੀਜੀਸੀ ਯੂਨੀਵਰਸਿਟੀ ਮੋਹਾਲੀ ਵੱਲੋਂ ‘ਸਟੱਡੀ ਇਨ ਸੀਜੀਸੀ, ਵਰਕ ਇਨ ਜਾਪਾਨ’ ਪ੍ਰੋਗਰਾਮ ਦੀ ਸ਼ੁਰੂਆਤ




