PCS recruitment case

PCS ਭਰਤੀ ਦੇ ਇੰਟਰਵਿਊ ਲਈ ਯੋਗ ਕਰਾਰ ਦਿੱਤੇ ਉਮੀਦਵਾਰਾਂ ਵੱਲੋਂ ਪ੍ਰੈੱਸ ਕਾਨਫਰੰਸ, ਕਿਹਾ-“ਅਸੀਂ ਬਾਹਰਲੇ ਨਹੀਂ ਹਾਂ”

ਚੰਡੀਗੜ੍ਹ, 23 ਨਵੰਬਰ 2026: ਪੰਜਾਬ ਸਿਵਲ ਸੇਵਾਵਾਂ (PCS) ਦੀ ਭਰਤੀ ਦੇ ਇੰਟਰਵਿਊ ਪੜਾਅ ਲਈ ਯੋਗ ਕਰਾਰ ਦਿੱਤੇ 751 ਉਮੀਦਵਾਰਾਂ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਰਾਹੀਂ ਭਰਤੀ ਪ੍ਰਕਿਰਿਆ ਬਾਰੇ ਲੰਮੇ ਸਮੇਂ ਤੋਂ ਬਣੀ ਅਨਿਸ਼ਚਿਤਤਾ, ਇੰਟਰਵਿਊ ਲਈ ਚੁਣੇ ਗਏ ਉਮੀਦਵਾਰਾਂ ਵਿਰੁੱਧ ਲੱਗ ਰਹੇ ਦੋਸ਼ਾਂ ਅਤੇ ਸਾਡੇ ਕਰੀਅਰ ਤੇ ਪਰਿਵਾਰਾਂ ਨੂੰ ਪ੍ਰਭਾਵਿਤ ਕਰ ਰਹੀਆਂ ਵਾਰ-ਵਾਰ ਦੀਆਂ ਦੇਰੀਆਂ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਅਸੀਂ ਮਾਣ-ਸਨਮਾਨ, ਨਿਰਪੱਖਤਾ, ਜ਼ਿੰਮੇਵਾਰ ਜਨਤਕ ਚਰਚਾ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਧੀਨ ਬਾਕੀ ਪ੍ਰਕਿਰਿਆ ਸਮੇਂ ਸਿਰ ਮੁਕੰਮਲ ਕਰਨ ਦੀ ਅਪੀਲ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਸਾਡੇ ਇਨ੍ਹਾਂ 751 ਉਮੀਦਵਾਰਾਂ ਦੇ ਪਿੱਛੇ ਸੰਘਰਸ਼, ਦ੍ਰਿੜ੍ਹਤਾ ਅਤੇ ਕੁਰਬਾਨੀਆਂ ਦੀਆਂ ਵੱਖੋ-ਵੱਖਰੀਆਂ ਕਹਾਣੀਆਂ ਹਨ। ਸਮਰਾਲਾ ਦੇ ਇੱਕ ਪਿੰਡ ਦੀ ਵਸਨੀਕ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਇੱਕ ਮਜ਼ਦੂਰ ਦੀ ਧੀ ਕਮਲਜੀਤ ਕੌਰ ਨੇ ਹਾਲ ਹੀ ‘ਚ ਤਿੰਨ ਪ੍ਰੀਖਿਆਵਾਂ ਸੀਨੀਅਰ ਸਹਾਇਕ (Senior Assistant), ਆਬਕਾਰੀ ਤੇ ਕਰ ਨਿਰੀਖਕ (Excise and Taxation Inspector) ਅਤੇ ਪੰਜਾਬ PCS ਮੁੱਖ ਪ੍ਰੀਖਿਆ (Mains) ਪਾਸ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ “ਇਹ ਸਿਰਫ਼ ਨੌਕਰੀ ਦਾ ਮਸਲਾ ਨਹੀਂ ਹੈ। ਇਹ ਸਾਡੇ ਮਾਪਿਆਂ ਦੀਆਂ ਕੁਰਬਾਨੀਆਂ, ਉਨ੍ਹਾਂ ਦੀਆਂ ਚੁੱਪਚਾਪ ਪਾਲੀਆਂ ਉਮੀਦਾਂ ਅਤੇ ਉਸ ਭਵਿੱਖ ਦਾ ਸਵਾਲ ਹੈ, ਜਿਸ ਨੂੰ ਅਸੀਂ ਆਪਣੀ ਮਿਹਨਤ ਨਾਲ ਸਿਰਜਿਆ ਹੈ। ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਵੀ ਇਹ ਸੋਚਦੇ ਰਹਿਣਾ ਦੁਖਦਾਈ ਹੈ ਕਿ ਕੀ ਇਹ ਪ੍ਰਕਿਰਿਆ ਕਦੇ ਮੁਕੰਮਲ ਵੀ ਹੋਵੇਗੀ।

ਉਮੀਦਵਾਰਾਂ ਦਾ ਕਹਿਣਾ ਹੈ ਕਿ ਹੁਣ ਲਗਾਤਾਰ ਇਹ ਮਹਿਸੂਸ ਹੋ ਰਿਹਾ ਹੈ ਕਿ ਭਰਤੀ ਪ੍ਰੀਖਿਆਵਾਂ ਵਾਰ-ਵਾਰ ਰੁਕ ਜਾਂਦੀਆਂ ਹਨ ਅਤੇ ਮਿਹਨਤੀ ਉਮੀਦਵਾਰ ਮੁਕੱਦਮੇਬਾਜ਼ੀ ਦੇ ਚੱਕਰਾਂ ‘ਚ ਫਸੇ ਰਹਿੰਦੇ ਹਨ। ਅਸੀਂ ਬਿਨਾਂ ਸਬੂਤ ਕਿਸੇ ਉੱਤੇ ਦੋਸ਼ ਨਹੀਂ ਲਗਾਉਂਦੇ, ਪਰ ਹਜ਼ਾਰਾਂ ਇਮਾਨਦਾਰ ਤੇ ਮਿਹਨਤੀ ਉਮੀਦਵਾਰਾਂ ਉੱਤੇ ਪੈ ਰਹੇ ਅਸਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਅਸੀਂ ਹਰ ਵਿਅਕਤੀ ਦੇ ਕਾਨੂੰਨੀ ਚਾਰਾਜੋਈ ਦੇ ਅਧਿਕਾਰ ਦਾ ਸਤਿਕਾਰ ਕਰਦੇ ਹਾਂ ਅਤੇ ਨਿਆਂਪਾਲਿਕਾ ਉੱਤੇ ਸਾਨੂੰ ਪੂਰਾ ਭਰੋਸਾ ਹੈ। ਇਸ ਦੇ ਨਾਲ ਹੀ ਅਸੀਂ ਸਤਿਕਾਰ ਸਹਿਤ ਕਹਿਣਾ ਚਾਹੁੰਦੇ ਹਾਂ ਕਿ ਲੰਮੀ ਅਨਿਸ਼ਚਿਤਤਾ ਹਜ਼ਾਰਾਂ ਉਮੀਦਵਾਰਾਂ ਉੱਤੇ ਗੰਭੀਰ ਅਸਰ ਪਾ ਰਹੀ ਹੈ ਅਤੇ ਭਰਤੀ ਪ੍ਰਕਿਰਿਆ ਨਾਲ ਜੁੜੇ ਮਸਲਿਆਂ ਦਾ ਸਮੇਂ ਸਿਰ ਨਿਪਟਾਰਾ ਹੋਣਾ ਚਾਹੀਦਾ ਹੈ।”

ਬਠਿੰਡਾ ਦੇ ਪਿੰਡ ਮੌੜ ਖੁਰਦ ਦੇ ਸ਼ਿਵ ਨੇ ਸਰਕਾਰੀ ਸਕੂਲ ‘ਚ ਦਸਵੀਂ ਜਮਾਤ ‘ਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਕਾਲਜ ‘ਚ ਸੋਨ ਤਮਗਾ ਜਿੱਤਿਆ। ਪਿਤਾ ਦੀ ਮੌਤ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਬੋਝ ਚੁੱਕਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਪੜ੍ਹਾਈ ਅਤੇ ਤਿਆਰੀ ਜਾਰੀ ਰੱਖੀ। “ਇਹ ਧਾਰਨਾ ਹਕੀਕਤ ਤੋਂ ਬਹੁਤ ਦੂਰ ਹੈ ਕਿ ਸਾਰੇ 751 ਉਮੀਦਵਾਰ ਸੁਖ-ਸਹੂਲਤਾਂ ਵਾਲੇ ਪਰਿਵਾਰਾਂ ਤੋਂ ਹਨ। ਸਾਡੇ ‘ਚੋਂ ਕਈਆਂ ਨੇ ਸਰਕਾਰੀ ਸਕੂਲਾਂ ‘ਚ ਪੜ੍ਹਾਈ ਕੀਤੀ ਹੈ, ਸਧਾਰਨ ਪੇਂਡੂ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਅਤੇ ਨਿੱਜੀ ਤੇ ਆਰਥਿਕ ਮੁਸ਼ਕਿਲਾਂ ਨੂੰ ਪਾਰ ਕੀਤਾ ਹੈ। ਯੋਗਤਾ ਕਿਸੇ ਵਿਸ਼ੇਸ਼ ਸੁਖਾਲੇ ਵਰਗ ਦੀ ਜਾਗੀਰ ਨਹੀਂ। ਇਹ ਪਿੰਡ ਦੇ ਸਕੂਲ ਦੀ ਜਮਾਤ, ਸਰਕਾਰੀ ਕਾਲਜ ਜਾਂ ਗੁਜ਼ਾਰਾ ਚਲਾਉਣ ਲਈ ਜੂਝਦੇ ਕਿਸੇ ਘਰ ‘ਚੋਂ ਵੀ ਉੱਭਰ ਸਕਦੀ ਹੈ।”

ਦੁਕਾਨਦਾਰ ਪਿਤਾ ਅਤੇ ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਵਾਲੀ ਮਾਤਾ ਦੇ ਪੁੱਤਰ ਪ੍ਰਭਦੀਪ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU), ਅੰਮ੍ਰਿਤਸਰ ਤੋਂ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ‘ਚ ਪੋਸਟ-ਗ੍ਰੈਜੂਏਟ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਪਹਿਲੀ ਕੋਸ਼ਿਸ਼ ‘ਚ UGC-NET ਪਾਸ ਕੀਤਾ ਅਤੇ ਲਗਭੱਗ 12 ਸਾਲਾਂ ਤੋਂ ਪੰਜਾਬ ਸਰਕਾਰ ‘ਚ ਸੇਵਾ ਨਿਭਾ ਰਹੇ ਹਨ। PCS ਮੁੱਖ ਪ੍ਰੀਖਿਆ ਦੀ ਆਪਣੀ ਦੂਜੀ ਕੋਸ਼ਿਸ਼ ਲਈ ਉਨ੍ਹਾਂ ਨੇ ਨੌਕਰੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ 15 ਮਹੀਨੇ ਤਿਆਰੀ ਕੀਤੀ।

“ਜਦੋਂ ਮੈਂ ਜਨਵਰੀ 2025 ‘ਚ ਤਿਆਰੀ ਸ਼ੁਰੂ ਕੀਤੀ, ਮੇਰਾ ਪੁੱਤਰ ਛੇ ਮਹੀਨਿਆਂ ਦਾ ਸੀ। 15 ਮਹੀਨਿਆਂ ਤੱਕ ਮੇਰੀ ਮਾਂ ਹਰ ਸਵੇਰ 4:30 ਵਜੇ ਉੱਠ ਕੇ ਮੇਰਾ ਖਾਣਾ ਤਿਆਰ ਕਰਦੀ ਰਹੀ। ਮੈਂ ਆਪਣੇ ਪੁੱਤਰ ਦੇ ਵੱਡੇ ਹੋਣ ਦੇ ਮੁੱਢਲੇ ਅਹਿਮ ਪਲਾਂ ਅਤੇ ਧੀ ਦੀਆਂ ਮਾਪੇ-ਅਧਿਆਪਕ ਬੈਠਕਾਂ ‘ਚ ਸ਼ਾਮਲ ਨਹੀਂ ਹੋ ਸਕਿਆ। ਸਭ ਤੋਂ ਵੱਡਾ ਦੁੱਖ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਉਮੀਦਾਂ ਨੂੰ ਉਸੇ ਅਨਿਸ਼ਚਿਤਤਾ ‘ਚ ਫਸਿਆ ਦੇਖਣਾ ਹੈ। ਹਰ ਉਮੀਦਵਾਰ ਦੇ ਪਿੱਛੇ ਇੱਕ ਅਜਿਹਾ ਪਰਿਵਾਰ ਹੈ, ਜਿਸ ਨੇ ਚੁੱਪ-ਚਾਪ ਕੁਰਬਾਨੀਆਂ ਦਿੱਤੀਆਂ ਹਨ ਅਤੇ ਸਬਰ ਨਾਲ ਉਡੀਕ ਕੀਤੀ ਹੈ।” ਅਧਿਆਪਕ ਪਰਿਵਾਰ ਨਾਲ ਸਬੰਧਤ ਗੁਰਜੋਤ, UGC-NET ਪਾਸ ਕਾਲਜ ਅਧਿਆਪਕ ਹਨ ਅਤੇ ਚੰਡੀਗੜ੍ਹ ‘ਚ ਪੜ੍ਹਾਉਂਦੇ ਹਨ। ਉਹ ਪੀਐੱਚ.ਡੀ. ਖੋਜਾਰਥੀ ਵੀ ਹਨ ਅਤੇ ਅਧਿਆਪਨ, ਖੋਜ ਤੇ ਸਿਵਲ ਸੇਵਾਵਾਂ ਦੀ ਤਿਆਰੀ ਇਕੱਠਿਆਂ ਕਰ ਰਹੇ ਹਨ।

“ਹਰ ਉਮੀਦਵਾਰ ਦੇ ਪਿੱਛੇ ਇੱਕ ਅਜਿਹੀ ਜ਼ਿੰਦਗੀ ਹੈ, ਜੋ ਰੁਕੀ ਹੋਈ ਹੈ, ਅਤੇ ਇੱਕ ਪਰਿਵਾਰ ਹੈ, ਜੋ ਉਡੀਕ ਕਰ ਰਿਹਾ ਹੈ। ਜਦੋਂ ਮਿਹਨਤੀ ਉਮੀਦਵਾਰਾਂ ਉੱਤੇ ਸਮੂਹਕ ਤੌਰ ’ਤੇ ਦੋਸ਼ ਲਗਾਏ ਜਾਂਦੇ ਹਨ ਅਤੇ ਠੋਸ ਸਬੂਤਾਂ ਤੋਂ ਬਿਨਾਂ ਉਨ੍ਹਾਂ ਦੀ ਇਮਾਨਦਾਰੀ ਉੱਤੇ ਸਵਾਲ ਚੁੱਕੇ ਜਾਂਦੇ ਹਨ, ਤਾਂ ਦੁੱਖ ਹੁੰਦਾ ਹੈ। ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹਰ ਕਿ ਉਹ ਸਿਆਸਤ ਤੋਂ ਉੱਪਰ ਉੱਠਣ ਅਤੇ ਉਮੀਦਵਾਰਾਂ ਦੇ ਭਵਿੱਖ ਨੂੰ ਲੰਮੀ ਅਨਿਸ਼ਚਿਤਤਾ ‘ਚ ਨਾ ਰਹਿਣ ਦੇਣ।”

ਲੈਫਟੀਨੈਂਟ ਕਰਨਲ (ਡਾ.) ਅਮਨਦੀਪ ਕੌਰ (ਸੇਵਾਮੁਕਤ), ਸਾਬਕਾ ਫ਼ੌਜੀ ਅਧਿਕਾਰੀ ਹਨ ਅਤੇ ਇਸ ਵੇਲੇ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕੋਲ ਮਾਨਸਾ ਅਤੇ ਫ਼ਾਜ਼ਿਲਕਾ ਦਾ ਵਾਧੂ ਚਾਰਜ ਵੀ ਹੈ। ਉਨ੍ਹਾਂ ਨੇ ਆਪਣੀਆਂ ਚੁਣੌਤੀਪੂਰਨ ਡਿਊਟੀਆਂ ਨਿਭਾਉਂਦਿਆਂ ਅਤੇ ਦੋ ਛੋਟੇ ਬੱਚਿਆਂ ਦੀ ਪਰਵਰਿਸ਼ ਕਰਦਿਆਂ PCS ਦੀ ਤਿਆਰੀ ਕੀਤੀ।

ਉਨ੍ਹਾਂ ਕਿਹਾ ਕਿ “ਸਿਵਲ ਸੇਵਾਵਾਂ ਦੀ ਤਿਆਰੀ ਹਮੇਸ਼ਾ ਸਭ ਨੂੰ ਨਜ਼ਰ ਨਹੀਂ ਆਉਂਦੀ। ਇਹ ਨੌਕਰੀ ਦੀਆਂ ਡਿਊਟੀਆਂ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਅਣਗਿਣਤ ਕੁਰਬਾਨੀਆਂ ਦੇ ਨਾਲ-ਨਾਲ ਚੱਲਦੀ ਹੈ। ਬਹੁਤ ਸਾਰੀਆਂ ਔਰਤਾਂ ਲਈ ਆਪਣੇ ਸੁਪਨੇ ਵੱਲ ਵਧਣ ਦਾ ਮਤਲਬ ਹੈ ਕਈ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਉਣਾ ਅਤੇ ਆਪਣੇ ਆਪ ਤੋਂ ਹਾਰ ਨਾ ਮੰਨਣਾ। ਔਰਤ ਦੀ ਮਿਹਨਤ, ਭਾਵੇਂ ਘਰ ‘ਚ ਹੋਵੇ, ਵਰਦੀ ਵਿੱਚ ਜਾਂ ਜਨਤਕ ਸੇਵਾ ‘ਚ, ਮਾਣ-ਸਨਮਾਨ ਦੀ ਹੱਕਦਾਰ ਹੈ। ਅਸੀਂ ਸਿਰਫ਼ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਨਿਰਪੱਖ ਮੌਕਾ ਮੰਗਦੇ ਹਾਂ।”

ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਦੇ ਇੱਕ ਛੋਟੇ ਖੇਤੀਬਾੜੀ ਵਾਲੇ ਪਿੰਡ ਨਾਲ ਸਬੰਧਤ ਅਰਮਾਨਦੀਪ ਸਿੰਘ ਨੇ ਸਧਾਰਨ ਸਕੂਲ ‘ਚ ਪੜ੍ਹਦਿਆਂ ਵੀ ਦਸਵੀਂ ਅਤੇ ਬਾਰ੍ਹਵੀਂ ਜਮਾਤ ‘ਚ ਜ਼ਿਲ੍ਹੇ ‘ਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਸੀਮਤ ਇੰਟਰਨੈੱਟ ਅਤੇ ਸਹੂਲਤਾਂ ਵਾਲੇ ਆਪਣੇ ਪਿੰਡ ‘ਚ ਰਹਿੰਦਿਆਂ ਪੰਜਾਬ ਸਿਵਲ ਸੇਵਾਵਾਂ ਅਤੇ UPSC ਦੀ ਤਿਆਰੀ ਕੀਤੀ ਅਤੇ UPSC ਮੁੱਖ ਪ੍ਰੀਖਿਆ ਵੀ ਦਿੱਤੀ। ਇਸ ਦੌਰਾਨ ਉਹ ਖੇਤੀਬਾੜੀ ‘ਚ ਆਪਣੇ ਪਰਿਵਾਰ ਦੀ ਮੱਦਦ ਵੀ ਕਰਦੇ ਰਹੇ।

“ਅਸੀਂ ਬਾਹਰਲੇ ਨਹੀਂ ਹਾਂ; ਅਸੀਂ ਪੰਜਾਬ ਦੇ ਧੀਆਂ-ਪੁੱਤਰ ਹਾਂ। ਸਾਡੀਆਂ ਜੜ੍ਹਾਂ ਇਸ ਮਿੱਟੀ ‘ਚ ਹਨ ਅਤੇ ਅਸੀਂ ਵੀ ਪੰਜਾਬ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਹਾਂ। ਦੂਰ-ਦੁਰਾਡੇ ਸਰਹੱਦੀ ਪਿੰਡਾਂ ‘ਚ ਸੀਮਤ ਸਹੂਲਤਾਂ ਨਾਲ ਤਿਆਰੀ ਕਰਨ ਦੇ ਬਾਵਜੂਦ ਸਾਡਾ ਇਰਾਦਾ ਅਤੇ ਸਾਡੇ ਸੁਪਨੇ ਕਿਸੇ ਹੋਰ ਨਾਲੋਂ ਘੱਟ ਨਹੀਂ ਹਨ।”

ਫ਼ੌਜੀ ਪਰਿਵਾਰ ਨਾਲ ਸਬੰਧਤ ਕੋਮਲਦੀਪ ਕੌਰ ਨੇ ਵਿਸ਼ੇਸ਼ ਯੋਗਤਾ ਨਾਲ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਉਹ ਆਪਣੇ ਸਕੂਲ ‘ਚ ਵੀ ਪਹਿਲੇ ਸਥਾਨ ’ਤੇ ਰਹੇ ਹਨ। ਉਨ੍ਹਾਂ ਨੇ ਲਗਭਗ ਤਿੰਨ ਸਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਨੂੰ ਸਮਰਪਿਤ ਕੀਤੇ ਹਨ।

“ਅਸੀਂ ਨਾ ਕਿਸੇ ਪੱਖਪਾਤੀ ਮਿਹਰਬਾਨੀ ਦੀ ਮੰਗ ਕਰਦੇ ਹਾਂ ਅਤੇ ਨਾ ਹੀ ਹਮਦਰਦੀ ਦੀ; ਸਾਨੂੰ ਨਿਰਪੱਖਤਾ ਅਤੇ ਨਿਆਂ ਚਾਹੀਦਾ ਹੈ। ਹਰ ਰੋਲ ਨੰਬਰ ਦੇ ਪਿੱਛੇ ਸਾਲਾਂ ਦੀ ਲਗਨ, ਕੁਰਬਾਨੀ ਅਤੇ ਉਮੀਦ ਹੈ। ਸਾਨੂੰ ਹਾਈ ਕੋਰਟ ਉੱਤੇ ਭਰੋਸਾ ਹੈ ਅਤੇ ਅਸੀਂ ਜਨਤਾ ਤੇ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਬੇਲੋੜੇ ਸਿਆਸੀਕਰਨ ਤੋਂ ਬਚਿਆ ਜਾਵੇ ਅਤੇ ਮਾਮਲੇ ਦਾ ਫ਼ੈਸਲਾ ਤੱਥਾਂ ਤੇ ਕਾਨੂੰਨ ਦੇ ਆਧਾਰ ’ਤੇ ਹੋਣ ਦਿੱਤਾ ਜਾਵੇ।”

ਅਰਸ਼ਪ੍ਰੀਤ ਸਿੰਘ ਨੇ ਚੰਡੀਗੜ੍ਹ ‘ਚ ਕਈ ਸਾਲ ਤਿਆਰੀ ਕੀਤੀ ਅਤੇ ਪਾਰਟ-ਟਾਈਮ ਪੜ੍ਹਾ ਕੇ ਆਪਣਾ ਖਰਚਾ ਚਲਾਇਆ। ਉਹ UPSC ਮੁੱਖ ਪ੍ਰੀਖਿਆ ਅਤੇ ਪੰਜਾਬ PCS ਮੁੱਖ ਪ੍ਰੀਖਿਆ ‘ਚ ਬੈਠ ਚੁੱਕੇ ਹਨ ਅਤੇ ਸਿਹਤ ਸਬੰਧੀ ਚੁਣੌਤੀਆਂ ਦੇ ਬਾਵਜੂਦ ਲਗਾਤਾਰ ਇੱਕ ਤੋਂ ਬਾਅਦ ਇੱਕ ਪ੍ਰੀਖਿਆ ਵੀ ਦਿੱਤੀ ਹੈ।

“ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਜੋ ਇੰਟਰਵਿਊ ਲਈ ਚੁਣੀ ਸੂਚੀ ‘ਚ ਨਹੀਂ ਆ ਸਕੇ, ਜਿਵੇਂ ਅਸੀਂ ਆਪਣੀ ਯੋਗਤਾ ਅਤੇ ਇਮਾਨਦਾਰੀ ਦੇ ਸਤਿਕਾਰ ਦੀ ਉਮੀਦ ਕਰਦੇ ਹਾਂ। ਨਿਯਮਾਂ ‘ਚ ਖਾਲੀ ਅਸਾਮੀਆਂ ਦੇ ਨਿਰਧਾਰਤ ਅਨੁਪਾਤ ਤੱਕ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਉਣ ਦੀ ਵਿਵਸਥਾ ਹੈ; ਹਰ ਹਾਲਤ ਵਿੱਚ ਲਾਜ਼ਮੀ ਤੌਰ ’ਤੇ ਤਿੰਨ ਗੁਣਾ ਗਿਣਤੀ ਬੁਲਾਉਣੀ ਜ਼ਰੂਰੀ ਨਹੀਂ ਹੁੰਦੀ। ਪ੍ਰਕਿਰਿਆ ਨੂੰ ਅਨੁਮਾਨਾਂ ਦੀ ਥਾਂ ਤੱਥਾਂ ਦੇ ਆਧਾਰ ’ਤੇ ਪਰਖਿਆ ਜਾਣਾ ਚਾਹੀਦਾ ਹੈ। ਸਾਨੂੰ ਮਾਣਯੋਗ ਹਾਈ ਕੋਰਟ ਉੱਤੇ ਭਰੋਸਾ ਹੈ ਅਤੇ ਅਸੀਂ ਅਪੀਲ ਕਰਦੇ ਹਾਂ ਕਿ ਕਾਨੂੰਨੀ ਪ੍ਰਕਿਰਿਆ ਦਾ ਛੇਤੀ ਨਿਪਟਾਰਾ ਹੋਵੇ ਅਤੇ ਭਰਤੀ ਨਿਯਮਾਂ ਅਨੁਸਾਰ ਜਲਦੀ ਤੋਂ ਜਲਦੀ ਅੱਗੇ ਵਧੇ।”

ਬਾਰ੍ਹਵੀਂ ਜਮਾਤ ‘ਚ 98.8% ਅੰਕਾਂ ਨਾਲ ਟ੍ਰਾਈਸਿਟੀ ਦੇ ਟਾਪਰ ਰਹੇ ਕੁਸ਼ ਬਾਂਸਲ ਤਿੰਨ ਵਾਰ UPSC ਮੁੱਖ ਪ੍ਰੀਖਿਆ ਦੇ ਚੁੱਕੇ ਹਨ। ਉਨ੍ਹਾਂ ਨੂੰ ਹਰਿਆਣਾ ਸਿਵਲ ਸੇਵਾਵਾਂ ਦੇ ਇੰਟਰਵਿਊ ਲਈ ਬੁਲਾਇਆ ਜਾ ਚੁੱਕਾ ਹੈ ਅਤੇ ਹੁਣ ਪੰਜਾਬ ਸਿਵਲ ਸੇਵਾਵਾਂ ਦੇ ਇੰਟਰਵਿਊ ਲਈ ਵੀ ਬੁਲਾਇਆ ਗਿਆ ਹੈ।

“ਇਹ ਬਿਰਤਾਂਤ ਕਿ ਯੋਗ ਉਮੀਦਵਾਰਾਂ ਦੀ ਚੋਣ ਨਹੀਂ ਹੁੰਦੀ, ਉਨ੍ਹਾਂ ਨਾਲ ਬੇਇਨਸਾਫ਼ੀ ਹੈ ਜਿਨ੍ਹਾਂ ਨੇ ਕਈ ਪੜਾਅ ਪਾਰ ਕੀਤੇ ਹਨ। ਮੇਰੇ ਵਰਗੇ ਉਮੀਦਵਾਰਾਂ ਨੇ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ, ਲਿਖਤੀ ਪੜਾਅ ਪਾਸ ਕੀਤੇ ਹਨ ਅਤੇ ਆਪਣੀ ਮਿਹਨਤ ਨਾਲ ਇੰਟਰਵਿਊ ਦਾ ਇਹ ਮੌਕਾ ਹਾਸਲ ਕੀਤਾ ਹੈ। ਅਸੀਂ ਅੰਤਿਮ ਨਤੀਜੇ ਨੂੰ ਉਸੇ ਇਮਾਨਦਾਰੀ ਅਤੇ ਸਤਿਕਾਰ ਨਾਲ ਸਵੀਕਾਰ ਕਰਾਂਗੇ, ਜਿਸ ਨਾਲ ਅਸੀਂ ਤਿਆਰੀ ਕੀਤੀ ਸੀ। ਸਾਡੀ ਬੇਨਤੀ ਹੈ ਕਿ ਯੋਗ ਕਰਾਰ ਦਿੱਤੇ ਗਏ ਉਮੀਦਵਾਰਾਂ ਉੱਤੇ ਬਿਨਾਂ ਸੋਚੇ-ਸਮਝੇ ਠੱਪੇ ਨਾ ਲਗਾਏ ਜਾਣ ਅਤੇ ਉਨ੍ਹਾਂ ਦੀ ਸਾਖ ਨੂੰ ਢਾਹ ਨਾ ਲਾਈ ਜਾਵੇ।”

ਸਧਾਰਨ ਪਰਿਵਾਰ ਦੀ ਜੋਤੀ ਨੇ ਆਪਣੇ ਮਾਪਿਆਂ ਦੇ ਸੰਘਰਸ਼ਾਂ ਦੇ ਬਾਵਜੂਦ ਪੜ੍ਹਾਈ ਪੂਰੀ ਕੀਤੀ ਅਤੇ ਮੋਦੀ ਕਾਲਜ ‘ਚ ਸੋਨ ਤਮਗਾ ਹਾਸਲ ਕੀਤਾ। ਵਿਆਹ ਤੋਂ ਬਾਅਦ ਉਨ੍ਹਾਂ ਨੇ ਗਰਭ ਅਵਸਥਾ ਦੀਆਂ ਜਟਿਲਤਾਵਾਂ, ਮਾਂ ਬਣਨ ਅਤੇ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਿਵਲ ਸੇਵਾਵਾਂ ਦੇ ਆਪਣੇ ਸੁਪਨੇ ਨੂੰ ਜਿਊਂਦਾ ਰੱਖਿਆ। ਪਤੀ ਵੱਲੋਂ ਘਰ ਦੇ ਕੰਮ ਅਤੇ ਬੱਚੇ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੰਭਾਲਣ ਨਾਲ ਉਨ੍ਹਾਂ ਨੇ ਇੱਕ ਸਾਲ ਤਿਆਰੀ ਨੂੰ ਸਮਰਪਿਤ ਕੀਤਾ ਅਤੇ ਪ੍ਰੀਖਿਆ ਪਾਸ ਕੀਤੀ।

ਲਗਭਗ ਦੋ ਸਾਲ ਬੀਤ ਜਾਣ ਮਗਰੋਂ ਇਸ ਅਨਿਸ਼ਚਿਤਤਾ ਨੇ ਸਾਨੂੰ ਸਾਰਿਆਂ ਨੂੰ ਅਤੇ ਸਾਡੇ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਅਸੀਂ ਸਮਾਂ, ਮੌਕੇ, ਮਨ ਦੀ ਸ਼ਾਂਤੀ ਅਤੇ ਆਪਣਿਆਂ ਨਾਲ ਬਿਤਾਉਣ ਵਾਲੇ ਕੀਮਤੀ ਪਲ ਕੁਰਬਾਨ ਕੀਤੇ ਹਨ। ਇਨ੍ਹਾਂ 751 ਉਮੀਦਵਾਰਾਂ ਦੇ ਪਿੱਛੇ ਉਡੀਕ ਕਰਦੇ ਮਾਪੇ ਹਨ, ਇਸ ਦੌਰਾਨ ਵੱਡੇ ਹੋਏ ਬੱਚੇ ਹਨ ਅਤੇ ਉਹ ਪਰਿਵਾਰ ਹਨ ਜੋ ਹਰ ਔਖੇ ਦਿਨ ਸਾਡੇ ਨਾਲ ਖੜ੍ਹੇ ਰਹੇ ਹਨ। ਉਮੀਦਵਾਰਾਂ ਨੇ ਮਾਮਲੇ ਦੇ ਛੇਤੀ ਨਿਪਟਾਰੇ ਅਤੇ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਅਪੀਲ ਕੀਤੀ ਹੈ।

Read More: PPSC ਨੇ PCS ਪ੍ਰੀਖਿਆ ਦੇ ਰਿਕਾਰਡ ਹਾਈ ਕੋਰਟ ਨੂੰ ਸੌਂਪੇ, ਅਦਾਲਤ ਦੇ ਹੁਕਮਾਂ ‘ਤੇ ਹੋਵੇਗੀ ਅੱਗੇ ਦੀ ਕਾਰਵਾਈ

ਵਿਦੇਸ਼

Scroll to Top