ਦਿੱਲੀ, 26 ਅਕਤੂਬਰ 2026: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀਆਂ ਟਿੱਪਣੀਆਂ ਦਾ ਵਿਰੋਧ ਕੀਤਾ। ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਟਿੱਪਣੀਆਂ ਕੀਤੀਆਂ ਸਨ, ਜਿਸ ਨੂੰ ਲੈ ਕੇ ਭਾਜਪਾ ਨੇ ਇਤਰਾਜ਼ ਜਤਾਇਆ ਹੈ।
ਦਿੱਲੀ ਭਾਜਪਾ ਨੇ ਇਨ੍ਹਾਂ ਟਿੱਪਣੀਆਂ ਦੇ ਵਿਰੋਧ ‘ਚ ਇੱਕ ਵੱਡਾ ਪ੍ਰਦਰਸ਼ਨ ਕੀਤਾ। ਦਿੱਲੀ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ ਨੇ ਸੀਨੀਅਰ ਆਗੂਆਂ ਦੇ ਨਾਲ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇਹ ਪ੍ਰਦਰਸ਼ਨ ਸੈਨਾ ਭਵਨ ਸਰਕਲ, ਰਾਜਾਜੀ ਮਾਰਗ ਦੇ ਨੇੜੇ ਹੋਇਆ। ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਕੀਤੀ। ਪੁਲਿਸ ਨੇ ਰਾਜਾਜੀ ਮਾਰਗ ਤੋਂ ਹਰਸ਼ ਮਲਹੋਤਰਾ ਨੂੰ ਹਿਰਾਸਤ ‘ਚ ਲੈ ਲਿਆ।
ਦਿੱਲੀ ਭਾਜਪਾ ਦੇ ਉਪ ਪ੍ਰਧਾਨ ਰਾਜੇਸ਼ ਭਾਟੀਆ ਅਤੇ ਜਨਰਲ ਸਕੱਤਰ ਮੋਹਨ ਲਾਲ ਗਿਹਰਾ ਨੂੰ ਵੀ ਉਨ੍ਹਾਂ ਦੇ ਨਾਲ ਹਿਰਾਸਤ ‘ਚ ਲਿਆ ਗਿਆ। ਪੁਲਿਸ ਨੇ ਕਈ ਹੋਰ ਆਗੂਆਂ ਨੂੰ ਵੀ ਹਿਰਾਸਤ ‘ਚ ਲੈ ਲਿਆ। ਹਿਰਾਸਤ ‘ਚ ਲਏ ਗਏ ਸਾਰੇ ਆਗੂਆਂ ਨੂੰ ਮੰਦਰ ਮਾਰਗ ਪੁਲਿਸ ਸਟੇਸ਼ਨ ਲਿਜਾਇਆ ਗਿਆ।
ਬਿਹਾਰ ਦੇ ਪਹਿਲੇ ਮੁੱਖ ਮੰਤਰੀ ਸ਼੍ਰੀ ਕ੍ਰਿਸ਼ਨ ਸਿੰਘ ਦੀ ਜਯੰਤੀ ਮਨਾਉਣ ਲਈ ਪਟਨਾ ‘ਚ ਕਰਵਾਏ ਇੱਕ ਸਮਾਗਮ ਦੌਰਾਨ ਵਿਵਾਦ ਪੈਦਾ ਹੋਇਆ। ਖੜਗੇ ਦੇ ਭਾਸ਼ਣ ਦੌਰਾਨ, ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਤੇ ਨਹੀਂ ਜਾ ਰਹੇ। ਖੜਗੇ ਨੇ ਜਵਾਬ ‘ਚ ਕਿਹਾ, “ਮੋਦੀ ਦਾ ਤਾਂ ਬਾਪ ਵੀ ਜਾਵੇਗਾ।” ਭਾਜਪਾ ਨੇ ਉਨ੍ਹਾਂ ਦੇ ਬਿਆਨ ਨੂੰ ਪ੍ਰਧਾਨ ਮੰਤਰੀ ਦੇ ਸਵਰਗੀ ਪਿਤਾ ਪ੍ਰਤੀ ਅਪਮਾਨਜਨਕ ਦੱਸਿਆ ਅਤੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
Read More: ਖੜਗੇ ਵੱਲੋਂ PM ਮੋਦੀ ਦੇ ਪਿਤਾ ਬਾਰੇ ਟਿੱਪਣੀ ਕਰਨਾ ਸ਼ਰਮਨਾਕ: ਰਵੀ ਸ਼ੰਕਰ ਪ੍ਰਸਾਦ




